best platform for news and views

ਸਿੱਖਾਂ ਦੇ ਗੁਰਧਾਮਾਂ ਤੇ ਸਰਵ ਉਚ ਅਸਥਾਨਾਂ ‘ਤੇ ਕਬਜ਼ੇ ਕਰਨ ਲਈ ਕਾਂਗਰਸ ਇੰਦਰਾ ਗਾਂਧੀ ਦੇ ਹੱਥਕੰਡੇ ਅਪਣਾਉਣ ਲੱਗੀ : ਮਨਜਿੰਦਰ ਸਿਰਸਾ

Please Click here for Share This News

ਚੰਡੀਗੜ•, 29 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕਰਨ ਦੀਆਂ ਕੋਝੀਆਂ ਕਾਰਵਾਈਆਂ ਨਾਲ ਕਾਂਗਰਸ ਪਾਰਟੀ  ਇੰਦਰਾ ਗਾਂਧੀ ਵਾਂਗ ਹੀ ਸਿੱਖਾਂ ਦੇ ਗੁਰਘਰਾਂ ਤੇ ਸਰਵ ਉਚ ਅਸਥਾਨਾ ‘ਤੇ ਕਬਜ਼ੇ ਕਰਨ  ਤੇ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਰਗਰਮ ਹੋ ਗਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਮਈ 1971 ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੋ ਹਫਤਿਆਂ ਵਾਸਤੇ ਉਦੋਂ ਬੰਦ ਰਿਹਾ ਸੀ ਜਦੋਂ ਇੰਦਰਾ ਗਾਂਧੀ ਨੇ ਗੁਰਦੁਆਰਾ ਬੋਰਡ ਬਣਾ ਕੇ ਇਸ ‘ਤੇ ਆਪਣੀਆਂ ਕਠਪੁਤਲੀਆਂ ਰਾਹੀਂ ਕਬਜ਼ਾ ਕਰਨ ਦੇ ਯਤਨ ਕੀਤੇ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਦਰਾ ਗਾਂਧੀ ਦੇ ਇਹਨਾਂ ਯਤਨਾਂ ਦਾ ਉਦੋਂ ਪੁਰਜੋਰ ਵਿਰੋਧ ਕੀਤਾ ਸੀ।
ਉਹਨਾਂ ਕਿਹਾ ਕਿ ਪੰਜਾਬ ਵਿਚ ਵੀ ਹੁਣ ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਾਹੀਂ ਸਿੱਖਾਂ ਦੇ ਸਰਵ ਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ  ਸ਼੍ਰੋਮਣੀ ਕਮੇਟੀ ਦੀ ਸਰਵ ਉਚਤਾ ਨੂੰ ਢਾਹ ਲਾਉਣ ਦੇ ਕੋਝੇ ਯਤਨ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਦੋਂ 2002 ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਸੀ ਤਾਂ ਉਸ ਵੇਲੇ ਵੀ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਨ ਲਈ ਕਾਂਗਰਸ ਨੇ ਪੂਰੀ ਸਰਗਰਮੀ ਨਾਲ ਮੁਹਿੰਮ ਵਿੱਢੀ ਸੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਧੱਕੇ ਨਾਲ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੁਲਿਸ ਵੀ ਦਾਖਲ ਕਰਵਾਈ ਸੀ।
ਸ੍ਰੀ ਸਿਰਸਾ ਨੇ ਕਿਹਾ ਕਿ ਐਤਕੀਂ ਫਿਰ ਤੋਂ ਕਾਂਗਰਸ ਨੇ ਆਪਣੇ ਇਹ ਕੋਝੇ ਹੱਥਕੰਡੇ ਅਪਣਾਉਣ ਦੀ ਸ਼ੁਰੂਆਤ ਕਰ ਲਈ ਹੈ ਤੇ ਇਸ ਵਾਸਤੇ ਜਸਟਿਸ ਰਣਜੀਤ  ਸਿੰਘ ਕਮਿਸ਼ਨ ਨੂੰ ਢਾਲ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਯਤਨਾਂ ਦਾ ਸ਼੍ਰੋਮਣੀ ਅਕਾਲੀ ਦਲ  ਡੱਟ ਕੇ ਵਿਰੋਧ ਕਰੇਗਾ ਤੇ ਕਾਂਗਰਸ ਪਾਰਟੀ ਨੂੰ ਕਦੇ ਵੀ ਆਪਣੇ ਹੱਥਕੰਡਿਆਂ ਤੇ ਮਾੜੇ ਮਨਸੂਬਿਆਂ ਵਿਚ ਸਫਲ ਨਹੀਂ ਹੋਣ ਦੇਵੇਗਾ।
ਸ੍ਰੀ ਸਿਰਸਾ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸੀ ਸੋਚ ਦੇ ਧਾਰਨੀ ਜਸਟਿਸ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉਚਤਾ ਨੂੰ ਕਿਵੇਂ ਚੁਣੌਤੀ ਦੇ ਰਹੇ ਹਨ ਜਦਕਿ ਇਕ ਆਮ ਸਾਧਾਰਣ ਸਿੱਖ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਬਿਲਕੁਲ ਸੋਚ ਵੀ ਨਹੀਂ ਸਕਦਾ। ਉਹਨਾਂ ਕਿਹਾ ਕਿ ਸਿੱਖਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵ ਉਚ ਹੈ ਤੇ ਇਸ ਮਾਮਲੇ ਵਿਚ ਸਿੱਖ ਕੌਮ ਕਾਂਗਰਸ ਪਾਰਟੀ ਜਾਂ ਦੁਨੀਆਂ ਦੇ ਕਿਸੇ ਵੀ ਤਾਕਤ ਨੂੰ ਭਾਰੂ ਨਹੀਂ ਪੈਣ ਦੇਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਹੋਰ ਕਿਹਾ ਕਿ ਕਾਂਗਰਸ ਪਾਰਟੀ ਦਾ ਮੌਜੂਦਾ ਮਕਸਦ ਸਿੱਖ ਵੋਟਾਂ ਦਾ ਧਰੁਵੀਕਰਨ ਕਰਵਾਉਣਾ ਹੈ ਜਿਸਦੇ ਬਲਬੂਤੇ ਪਾਰਟੀ ਗੁਰਦਾਸਪੁਰ ਦੀ ਚੋਣ ਜਿੱਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਇਹਨਾਂ ਸਾਜ਼ਿਸ਼ਾਂ ਵਿਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਸਮੁੱਚੀ ਸਿੱਖ ਕੌਮ ਤੇ ਪੰਜਾਬ ਦੇ ਲੋਕ ਕਾਂਗਰਸ ਦੀ ਅਸਲੀਅਤ ਤੋਂ ਜਾਣਦੇ ਹਨ ਤੇ ਇਸ ਹਰਕਤ ਲਈ ਉਸਨੂੰ ਕਰਾਰ ਸਬਕ ਗੁਰਦਾਸਪੁਰ ਵਿਚ ਨਮੋਸ਼ੀ ਭਰੀ ਹਾਰ ਦੇ ਕੇ ਸਿਖਾਉਣਗੇ। 

Please Click here for Share This News

Leave a Reply

Your email address will not be published. Required fields are marked *