ਸਿਰਸਾ : ਬਲਾਤਕਾਰ ਦੇ ਦੋਸ਼ਾਂ ਅਧੀਨ ਜੇਲ ਵਿਚ ਬੰਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਸਿਰਸਾ ਸਥਿੱਤ ਡੇਰਾ ਸੱਚਾ ਸੌਦਾ ਤੀ ਤਲਾਸ਼ੀ ਦਾ ਕੰਮ ਸ਼ੁਕਰਵਾਰ ਸਵੇਰੇ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਤਲਾਸ਼ੀ ਦੇ ਕੰਮ ਦੇ ਚਲਦਿਆਂ ਡੇਰੇ ਦੇ ਆਸ ਪਾਸ ਦੇ ਇਲਾਕੇ ਵਿਚ ਕਰਫਿਊ ਲਗਾ ਦਿੱਤਾ ਗਿਆ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡੇਰੇ ਦੀ ਤਲਾਸ਼ੀ ਦੀ ਮਨਜੂਰੀ ਦੇਣ ਪਿਛੋਂ ਕੱਲ੍ਹ ਵੀਰਵਾਰ ਨੂੰ ਹਾਈ ਕੋਰਟ ਵਲੋਂ ਕਮਿਸ਼ਨਰ ਨਿਯੁਕਤ ਕੀਤੇ ਗਏ ਸੇਵਾ ਮੁਕਤ ਜੱਜ ਸਿਰਸਾ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਉਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਡੇਰੇ ਦੀ ਤਲਾਸ਼ੀ ਲਈ 5000 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਸਨ, ਜੋ ਕਿ ਡੇਰੇ ਦੀ ਪੂਰੀ ਤਰਾਂ ਤਲਾਸ਼ੀ ਲੈਣਗੇ। ਤਲਾਸ਼ੀ ਲਈ ਵੱਡੀ ਗਿਣਤੀ ਵਿਚ ਕਰੇਨਾਂ ਅਤੇ ਬੁਲਡੋਜ਼ਰ ਵੀ ਲਿਆਂਦੇ ਗਏ ਹਨ, ਤਾਂ ਜੋ ਡੇਰੇ ਦੀ ਖੁਦਾਈ ਕੀਤੀ ਜਾ ਸਕੇ। ਵਰਨਣਯੋਗ ਹੈ ਕਿ ਡੇਰੇ ਵਿਚ ਅਨੇਕਾਂ ਵਿਅਕਤੀਆਂ ਨੂੰ ਮਾਰ ਕੇ ਡੇਰੇ ਅੰਦਰ ਹੀ ਦਫਨਾਉਣ ਦੀ ਚਰਚਾ ਕਾਰਨ ਡੇਰੇ ਅੰਦਰ ਖੁਦਾਈ ਵੀ ਕੀਤੀ ਜਾਣੀ ਹੈ, ਤਾਂ ਜੋ ਕਥਿਤ ਤੌਰ ‘ਤੇ ਮਾਰੇ ਗਏ ਵਿਅਕਤੀਆਂ ਦੀ ਕੰਗਾਲ ਲੱਭੇ ਜਾ ਸਕਣ। ਡੇਰੇ ਦੇ ਖਾਤਿਆਂ ਦੀ ਜਾਂਚ ਕਰਨ ਲਈ 100 ਬੈਂਕ ਮੁਲਾਜ਼ਮ ਬੁਲਾਏ ਗਏ ਹਨ, ਜੋ ਡੇਰੇ ਦੇ ਸਾਰੇ ਪੈਸੇ ਦਾ ਹਿਸਾਬ ਕਿਤਾਬ ਕਰਨਗੇ। ਸੂਤਰਾਂ ਅਨੁਸਾਰ ਸੈਟੇਲਾਈਟ ਰਾਹੀਂ ਡੇਰੇ ਦਾ ਸਾਰਾ ਮੈਪ ਡਾਊਨਲੋਡ ਕਰਕੇ ਉਸ ਮੁਤਾਬਿਕ ਤਲਾਸ਼ੀ ਦੀ ਯੋਜਨਾ ਬਣਾਈ ਗਈ ਹੈ। ਡੇਰੇ ਵਿਚਲੇ ਜੰਦਰੇ ਤੋੜਨ ਲਈ ਵੀ 22 ਲੁਹਾਰ ਬੁਲਾਏ ਗਏ ਹਨ। ਡੇਰੇ ਦੇ ਆਸ ਪਾਸ 16 ਨਾਕੇ ਲਾਏ ਗਏ ਹਨ ਅਤੇ ਸੁਰੱਖਿਆ ਲਈ ਪੈਰਾ ਮਿਲਟਰੀ ਫੋਰਸਜ਼ ਦੀਆਂ 41 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਡੇਰੇ ਦੀ ਤਲਾਸ਼ੀ ਦੌਰਾਨ ਬੰਬ ਸਕੁਐਡ ਦੇ 50 ਜਵਾਨ ਵੀ ਲਗਾਤਾਰ ਹਾਜਰ ਰਹਿਣਗੇ, ਤਾਂ ਜੋ ਕਿਤੇ ਬੰਬ ਮਿਲਣ ਜਾਂ ਧਮਾਕਾ ਹੋਣ ‘ਤੇ ਬੰਬ ਨੂੰ ਨਾਕਾਰਾ ਕੀਤਾ ਜਾ ਸਕੇ।