best platform for news and views

ਸਰਾਸਰ ਧੱਕਾ ਹੈ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ‘ਚੋਂ ਟੀਡੀਐਸ ਕੱਟਣਾ-ਭਗਵੰਤ ਮਾਨ

Please Click here for Share This News

ਚੰਡੀਗੜ੍ਹ, 4 ਮਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਰਤਾਰਪੁਰ ਸਾਹਿਬ ਲਾਂਘੇ (ਕੋਰੀਡੋਰ) ਲਈ ਸੜਕ ਦੇ ਨਿਰਮਾਣ ਲਈ ਅਕਵਾਇਰ ਕੀਤੀ ਗਈ ਜ਼ਮੀਨ ਮਾਲਕ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ‘ਚੋਂ ਟੀਡੀਐਸ (ਟੈਕਸ) ਕੱਟੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਉਹ ਮਾਰੂ ਫ਼ੈਸਲੇ ਕਿਸਾਨਾਂ ‘ਤੇ ਨਾ ਥੋਪਣ ਜੋ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਪਾਰਟੀ ਦੇ ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੇਂਦਰੀ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਰਤਾਓ ਕਰ ਰਹੀਆਂ ਹਨ। ਵਾਅਦੇ ਕਰਕੇ ਸਾਰੇ ਕਰਜ਼ੇ ਨਹੀਂ ਮੁਆਫ਼ ਕੀਤੇ। ਗੰਨੇ ਦੀ ਅਰਬਾਂ ਰੁਪਏ ਦੀ ਬਕਾਇਆ ਰਾਸ਼ੀ ਨਹੀਂ ਜਾਰੀ ਕੀਤੀ ਜਾ ਰਹੀ। ਸਵਾਮੀਨਾਥਨ ਸਿਫ਼ਾਰਿਸ਼ਾਂ ਲਾਗੂ ਕਰਨ ਦੇ ਉਲਟ ਘੱਟੋ-ਘੱਟ ਸਮਰਥਨ ਮੁੱਲ ‘ਚ ਵੀ ਬਦਰੰਗੀ ਦਾਣੇ ਦੇ ਨਾਮ ‘ਤੇ ਪ੍ਰਤੀ ਕਵਿੰਟਲ 4.60 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ, ਜਦਕਿ ਹੁਣ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਆਪਣੀਆਂ ਜ਼ਮੀਨਾਂ ਸਮਰਪਿਤ ਕਰਨ ਵਾਲੇ ਕਿਸਾਨ ਮਾਲਕਾਂ ਦੀ ਮੁਆਵਜ਼ਾ ਰਾਸ਼ੀ ‘ਚੋਂ ਟੈਕਸ ਕੱਟਿਆ ਜਾ ਰਿਹਾ ਹੈ, ਜੋ ਸਹੀ ਨਹੀਂ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਵੱਲੋਂ ਮੋਦੀ ਸਰਕਾਰ ‘ਚ ਵਜ਼ੀਰ ਹਰਸਿਮਰਤ ਕੌਰ ਬਾਦਲ ‘ਤੇ ਤੰਜ ਕਸਦਿਆਂ ਕਿਹਾ ਕਿ ਨਿੱਜੀ ਸਿਆਸੀ ਸਵਾਰਥਾਂ ਲਈ ਕੈਪਟਨ ਅਤੇ ਬਾਦਲ ਪਰਿਵਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਜਿਵੇਂ ਇੱਕ-ਦੂਜੇ ਤੋਂ ਅੱਗੇ ਭੱਜ ਰਹੇ ਸਨ, ਹੁਣ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਕਿਉਂ ਨਹੀਂ ਆ ਰਹੇ। ਮਾਨ ਨੇ ਇਸ ਮਾਮਲੇ ‘ਤੇ ਕੈਪਟਨ ਅਤੇ ਬਾਦਲਾਂ ਦੀ ਚੁੱਪੀ ਨੂੰ ਮੰਦਭਾਗਾ ਕਰਾਰ ਦਿੱਤਾ।
ਇਸ ਦੇ ਨਾਲ ਹੀ ਮਾਨ ਨੇ ਸੂਬਾ ਸਰਕਾਰ ‘ਤੇ ਦੋਸ਼ ਲਗਾਏ ਕਿ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਮੋਦੀ ਵਾਂਗ ਕਿਸਾਨਾਂ ਦੇ ਹੱਕ ਅਤੇ ਹਿਤਾਂ ਲਈ ਡਟਣ ਦੀ ਥਾਂ ਖੰਡ ਮਿਲ ਮਾਲਕਾਂ ਨਾਲ ਜਾ ਮਿਲੇ। ਮਾਨ ਨੇ ਗੰਨਾ ਉਤਪਾਦਕ ਕਿਸਾਨਾਂ ਸਮੇਤ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੋਟਾਂ ਮੰਗਣ ਆਏ ਕਾਂਗਰਸੀਆਂ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਅਤੇ ਆਗੂਆਂ ਨੂੰ 2-2 ਸਾਲ ਪੁਰਾਣੀ ਬਕਾਇਆ ਰਾਸ਼ੀ ਬਾਰੇ ਜ਼ਰੂਰ ਪੁੱਛਣ ਅਤੇ ਦੋ ਟੁੱਕ ਦੱਸਣ ਕਿ ਵੋਟਾਂ ਵੀ ਹੁਣ ਧਨਾਢ ਮਿੱਲ ਮਾਲਕਾਂ ਕੋਲੋਂ ਹੀ ਲੈਣ।

Please Click here for Share This News

Leave a Reply

Your email address will not be published. Required fields are marked *