ਫਰੀਦਕੋਟ – ਇੱਥੋਂ ਦੇ ਸਰਕਾਰੀ ਬਲਬੀਰ ਸੀਨੀ: ਸੈਕੰ: ਸਕੂਲ ਵਿੱਚੋਂ ਸਕੂਲਾਂ ਦੀਆਂ ਖੇਡਾਂ, ਨਤੀਜਿਆਂ, ਸਕੋਰ ਸ਼ੀਟਾਂ ਅਤੇ ਚੋਣ ਕਮੇਟੀ ਦਾ ਰਿਕਾਰਡ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਇੱਕ ਹਫ਼ਤੇ ਬਾਅਦ ਜਿਲ•ਾ ਸਿੱਖਿਆ ਵਿਭਾਗ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਤਾਲੇ ਤੋੜ ਕੇ ਰਿਕਾਰਡ ਚੋਰੀ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਵਾ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਵੀ ਦੋਸ਼ੀ ਦੀ ਸ਼ਨਾਖਤ ਨਹੀਂ ਹੋ ਸਕੀ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਜਿਲ•ਾ ਸਿੱਖਿਆ ਅਫ਼ਸਰ ਦਲਜੀਤ ਕੌਰ ਨੇ ਪੁਲੀਸ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਬਲਬੀਰ ਸਕੂਲ ਦੇ ਇੱਕ ਕਮਰੇ ਵਿੱਚ ਜਿਲ•ਾ ਟੂਰਨਾਮੈਂਟ ਕਮੇਟੀ ਦਾ ਦਫ਼ਤਰ ਹੈ। ਜਿਸ ਵਿੱਚ ਖਿਡਾਰੀ ਵਿਦਿਆਰਥੀਆਂ ਦੀਆਂ ਸਮਰੀ ਸ਼ੀਟਾਂ, ਟੂਰਨਾਮੈਂਟ ਦੇ ਰਿਜਲਟ, ਸਕੋਰ ਸ਼ੀਟਾਂ ਅਤੇ ਚੋਣ ਕਮੇਟੀ ਦਾ ਰਿਕਾਰਡ ਪਿਆ ਸੀ ਜਿਸ ਨੂੰ ਅਣਪਛਾਤੇ ਵਿਅਕਤੀ 13 ਦਸੰਬਰ ਦੀ ਰਾਤ ਨੂੰ ਚੋਰੀ ਕਰਕੇ ਲੈ ਗਏ। ਪੁਲੀਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੋਰੀ ਹੋਇਆ ਰਿਕਾਰਡ ਕਿਸੇ ਵੀ ਆਮ ਵਿਅਕਤੀ ਦੇ ਕੰਮ ਦਾ ਨਹੀਂ ਅਤੇ ਇਹ ਰਿਕਾਰਡ ਸਾਜਿਸ਼ ਤਹਿਤ ਚੋਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲੀ ਖੇਡਾਂ ਦੌਰਾਨ ਕਥਿਤ ਤੌਰ ‘ਤੇ ਘਪਲੇਬਾਜੀਆਂ ਹੋ ਰਹੀਆਂ ਸਨ, ਇਸੇ ਕਰਕੇ ਸਿੱਖਿਆ ਵਿਭਾਗ ਵਿੱਚ ਸਕੂਲੀ ਖੇਡਾਂ ਦੇ ਬਜਟ ਆਦਿ ਸੰਬੰਧੀ ਸੂਚਨਾ ਅਧਿਕਾਰ ਤਹਿਤ ਕਈ ਅਰਜੀਆਂ ਆਈਆਂ ਹੋਈਆਂ ਸਨ ਅਤੇ ਸਿੱਖਿਆ ਵਿਭਾਗ ਨੇ ਸਮੁੱਚੇ ਮੁੱਦੇ ਨੂੰ ਖਤਮ ਕਰਨ ਦੇ ਮਕਸਦ ਨਾਲ ਖੁਦ ਹੀ ਰਿਕਾਰਡ ਨੂੰ ਖੁਰਦ ਬੁਰਦ ਕਰਕੇ ਰਿਕਾਰਡ ਦੇ ਚੋਰੀ ਹੋਣ ਦਾ ਝੂਠਾ ਮਾਮਲਾ ਬਣਾਇਆ ਹੈ। ਜਿਲ•ਾ ਸਿੱਖਿਆ ਅਫ਼ਸਰ ਦਵਿੰਦਰ ਰਜੌਰੀਆ ਨੇ ਕਿਹਾ ਕਿ ਇਸ ਮਾਮਲੇ ਦੀ ਵਿਭਾਗੀ ਤੌਰ ‘ਤੇ ਵੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਮੰਨਿਆ ਕਿ ਸਕੂਲ ਖੇਡਾਂ ਦੌਰਾਨ ਹੁੰਦੀਆਂ ਕਥਿਤ ਘਪਲੇਬਾਜੀਆਂ ਨੂੰ ਛੁਪਾਉਣ ਲਈ ਵੀ ਇਹ ਰਿਕਾਰਡ ਚੋਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਮਾਮਲਾ ਦਰਜ ਕਰਵਾਉਣ ਵਾਲੇ ਸਹਾਇਕ ਜਿਲ•ਾ ਸਿੱਖਿਆ ਅਫ਼ਸਰ ਦਲਜੀਤ ਕੌਰ ਨੇ ਇਸ ਬਾਰੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜਿਲ•ਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਚੋਰੀ ਦੀ ਘਟਨਾ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਕੂਲੀ ਖੇਡਾਂ ਦੌਰਾਨ ਖਿਡਾਰੀਆਂ ਦੀ ਚੋਣ ਹਮੇਸ਼ਾਂ ਵਿਵਾਦਾਂ ਵਿੱਚ ਰਹੀ ਹੈ ਅਤੇ ਖਿਡਾਰੀਆਂ ਨੂੰ ਫਰਜੀ ਤੌਰ ‘ਤੇ ਜਾਰੀ ਹੁੰਦੇ ਤਜਰਬਾ ਸਰਟੀਫਿਕੇਟ ਵੀ ਚਰਚਾ ਵਿੱਚ ਰਹੇ ਹਨ।(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)
Reporter Contact : 9356910856