best platform for news and views

ਸਰਕਾਰੀ ਵਿਤਕਰੇ ਦਾ ਸ਼ਿਕਾਰ ਪੰਜਾਬੀ ਕਿਸਾਨਾਂ ਲਈ ਨਹੀਂ ਅਮਿਤ ਸ਼ਾਹ ਦੇ ਕਾਗਜ਼ ਭਰਾਉਣ ਗੁਜਰਾਤ ਜਾ ਸਕਦੇ ਹਨ ਬਾਦਲ : ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 2 ਅਪ੍ਰੈਲ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਕਿਹਾ ਕਿ ਉਹ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਕਾਗ਼ਜ਼ ਭਰਵਾਉਣ ਲਈ ਗੁਜਰਾਤ ਜਾ ਸਕਦੇ ਹਨ ਪ੍ਰੰਤੂ ਪਿਛਲੇ ਲੰਬੇ ਸਮੇਂ ਤੋਂ ਗੁਜਰਾਤ ਦੀ ਭਾਜਪਾ ਸਰਕਾਰ ਦੇ ਵਿਤਕਰੇ ਤੋਂ ਪੀੜਤ ਹਜ਼ਾਰਾਂ ਪੰਜਾਬੀ ਕਿਸਾਨਾਂ ਦਾ ਕਦੇ ਹਾਲ ਤੱਕ ਨਹੀਂ ਪੁੱਛਿਆ, ਜਿਨ੍ਹਾਂ ਨੂੰ ਸੱਤਾਧਾਰੀ ਭਾਜਪਾ ਗੁਜਰਾਤ ਵਿੱਚੋਂ ਕੱਢਣ ਲਈ ਕਾਹਲੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1964 ਵਿੱਚ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਤਹਿਤ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ 5 ਹਜ਼ਾਰ ਤੋਂ ਵੱਧ ਸਾਂਝੇ ਪੰਜਾਬ ਦੇ ਕਿਸਾਨਾਂ ਨੂੰ  ਭੁੱਜ ਦੇ ਇਲਾਕੇ ਵਿੱਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਇਨ੍ਹਾਂ ਮਿਹਨਤੀ ਕਿਸਾਨਾਂ ਨੇ ਉੱਥੇ ਬੰਜਰ ਜ਼ਮੀਨਾਂ ਖੇਤੀਯੋਗ ਬਣਾਇਆ ਅਤੇ ਗੁਜਰਾਤ ਦੀ ਤਰੱਕੀ ਵਿੱਚ ਯੋਗਦਾਨ ਪਾਇਆ। ਪਿਛਲੇ ਲੰਬੇ ਸਮੇਂ ਤੋਂ ਭਾਜਪਾ ਦੇ ਸ਼ਾਸਨ ਵਿੱਚ ਉਨ੍ਹਾਂ 5 ਹਜ਼ਾਰ ਪੰਜਾਬੀ ਕਿਸਾਨਾਂ ਦੀ 20 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਉੱਤੇ ਸਥਾਨਕ ਭੂ-ਮਾਫੀਆਂ ਨੇ ਅੱਖ ਰੱਖ ਲਈ ਹੈ ਅਤੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਲਈ ਹਰ ਵਾਹ ਲਗਾਈ ਜਾ ਰਹੀ ਹੈ।
ਚੀਮਾ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿਚ ਤੜੀ ਪਾਰ ਕਰਨ ਵਾਲੇ ਭੂ-ਮਾਫੀਆ ਨੂੰ ਗੁਜਰਾਤ ਦੀ ਭਾਜਪਾ ਸਰਕਾਰ ਸਰਪ੍ਰਸਤੀ ਦੇ ਰਹੀ ਹੈ। ਇਹੋ ਕਾਰਨ ਹੈ ਕਿ ਜਦ ਇਨ੍ਹਾਂ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਹਾਈਕੋਰਟ ਤੋਂ ਰਾਹਤ ਮਿਲੀ ਤਾਂ ਗੁਜਰਾਤ ਸਰਕਾਰ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਜਿੱਥੇ ਫ਼ੈਸਲਾ ਆਉਣ ਬਾਕੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੇ ਸਿਆਸੀ ਭਾਈਵਾਲ ਹੋਣ ਦੇ ਨਾਤੇ ਬਾਦਲਾਂ ਨੇ ਕਦੇ ਵੀ ਪੰਜਾਬ ਦੇ ਕਿਸਾਨਾਂ ਦੀ ਦਿਲੋਂ ਮਦਦ ਨਹੀਂ ਕੀਤੀ, ਜਦਕਿ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਬਾਦਲਾਂ ਨੂੰ ਪੰਜਾਬ ਦੇ ਇਨ੍ਹਾਂ ਕਿਸਾਨਾਂ ਲਈ ਲਕੀਰ ਖਿੱਚ ਕੇ ਭਾਜਪਾ ਅਤੇ ਗੁਜਰਾਤ ਦੀ ਸਰਕਾਰ ਉੱਤੇ ਦਬਾਅ ਪਾਉਣਾ ਚਾਹੀਦਾ ਸੀ ਕੀ ਉਹ ਪੰਜਾਬੀ ਕਿਸਾਨਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਆਪਣਾ ਫ਼ੈਸਲਾ ਵਾਪਸ ਲਵੇ ਅਤੇ ਭੂ-ਮਾਫੀਆ ਦੀ ਜਗ੍ਹਾ ਕਿਸਾਨਾਂ ਨਾਲ ਖੜ੍ਹੇ ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੀ ਬਲੀ ਦਿੱਤੀ ਹੈ। ਗੁਜਰਾਤ ਦੇ ਕਿਸਾਨ ਉਸ ਦੀ ਇੱਕ ਹੋਰ ਮਿਸਾਲ ਹੈ। ਜੇਕਰ ਬਾਦਲ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਗਹਿਣੇ ਨਾ ਧਰਦੇ ਤਾਂ ਗੁਜਰਾਤ ਦੀ ਭਾਜਪਾ ਸਰਕਾਰ ਉੱਥੋਂ ਦੇ ਪੰਜਾਬੀ ਕਿਸਾਨਾਂ ਨਾਲ ਇਸ ਕਦਰ ਪੱਖਪਾਤ ਕਰਨ ਦੀ ਹਿੰਮਤ ਨਾ ਕਰਦੀ।
ਹਰਪਾਲ ਸਿੰਘ ਚੀਮਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਗੁਜਰਾਤ ਦੇ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 23 ਫਰਵਰੀ 2014 ਨੂੰ ਜਗਰਾਉਂ ਰੈਲੀ ਵਿੱਚ ਕੀਤੇ ਵਾਅਦੇ ਤੋਂ ਮੁੱਕਰਨ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿੱਚ ਸਬਕ ਸਿਖਾਉਣ।

Please Click here for Share This News

Leave a Reply

Your email address will not be published. Required fields are marked *