ਅੰਮ੍ਰਿਤਸਰ : ਦਿਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁਕਰਵਾਰ ਨੂੰ ਅੰਮਿ੍ਰਤਸਰ ਦੇ ਵੱਖ-ਵੱਖ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਵਪਾਰ ਵਰਗ ਦੇ ਲੋਕਾਂ ਨਾਲ ਮੀਟਿੰਗਾ ਕਰਕੇ ਉਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਵਪਾਰ ਨੂੰ ਪ੍ਰਫੁਲਿੱਤ ਕਰਨ ਸੰਬੰਧੀ ਨੀਤੀਆਂ ਤੋਂ ਜਾਣੂ ਕਰਵਾਇਆ।
ਸਿਸੋਦੀਆ ਨੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਕੇਂਦਰੀ ਦੇ ਉਮੀਦਵਾਰ ਡਾ. ਅਜੇ ਗੁਪਤਾ ਅਤੇ ਹਲਕਾ ਉੱਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਨੂੰ ਨਾਲ ਲੈ ਕੇ ਸ਼ਹਿਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿਚੋਂ ਇੰਡਸਟਰੀ ਬਾਹਰ ਜਾਣ ਦਾ ਕਾਰਨ ਸਿਰਫ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹਨ। ਇਸ ਲਈ ‘ਆਪ’ ਦੀ ਸਰਕਾਰ ਅਜਿਹਾ ਮਾਹੌਲ ਪੈਦਾ ਕਰੇਗੀ ਜਿਸ ਨਾਲ ਸੂਬੇ ਵਿਚ ਇੰਡਸਟਰੀ ਮੁੜ ਵਾਪਸ ਆ ਜਾਵੇਗੀ।
ਮਨੀਸ਼ ਸਿਸੋਦੀਆ ਨੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ‘ਤੇ ਇੰਡਸਟਰੀ ਨੂੰ ਪ੍ਰਫੁਲਿੱਤ ਕਰਨ ਲਈ ਠੋਸ ਨੀਤੀਆਂ ਬਣਾ ਕਿ ਮੁੜ ਵਸਾਇਆ ਜਾਵੇਗਾ, ਟੂਰਿਜ਼ਮ ਇੰਡਸਟਰੀ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਸੇਲ ਟੈੱਕਸ (ਵੈਟ) ਦਾ ਰੇਟ ਗੁਆਂਢੀ ਪ੍ਰਦੇਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਵਪਾਰੀਆਂ ਦੀ ਸਲਾਹ ਤੋਂ ਬਾਅਦ ਤੈਅ ਕੀਤਾ ਜਾਵੇਗਾ, ਵਪਾਰ ਨੂੰ ਵਧਾਉਣ ਦੇ ਸਰੋਤਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਸਭ ਤੋਂ ਅਹਿਮ ਵਪਾਰ ਨੂੰ ਲੋਕਾਂ ਵਿਚ ਵੰਡਿਆ ਜਾਵੇਗਾ ਨਾ ਕਿ ਕਿਸੇ ਇਕ ਪਰਿਵਾਰ ਨੂੰ ਹੀ ਸਾਰੇ ਵਪਾਰਾਂ ਤੇ ਕਾਬਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਪਾਰ ਨੂੰ ਹਰ ਕਿਸੇ ‘ਚ ਵੰਡਣ ਲਈ ਉਹ ਬੱਸਾਂ ਦੇ ਪਰਮਿਟ, ਰੇਤਾ ਬਜ਼ਰੀ ਦੇ ਪਰਮਿਟ ਤੇ ਕੇਬਲ ਆਦਿ ਦੇ ਠੇਕੇ ਰੱਦ ਕਰਨਗੇ ਅਤੇ ਇਕ ਪਰਿਵਾਰ ਵਿਚ ਇਕ ਪਰਮਿਟ ਦੇਣ ਦੀ ਨੀਤੀ ਨੂੰ ਲਾਗੂ ਕਰਨਗੇ। ਅਜਿਹੀ ਨੀਤੀ ਨਾਲ ਵਪਾਰ ਹਰ ਕਿਸੇ ਵਿਚ ਵੰਡਿਆ ਵੀ ਜਾਵੇਗਾ ਅਤੇ ਪ੍ਰਫੁਲਿੱਤ ਵੀ ਹੋਵੇਗਾ।