ਮੋਹਾਲੀ, 5 ਦਸੰਬਰ
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ‘ਪੰਜਾਬ ਨੂੰ ਅਗਲਾ ਸਟਾਰਟਸ ਅੱਪਸ ਕੇਂਦਰ ਕਿਵੇਂ ਬਣਾਇਆ ਜਾਵੇ’ ਸੈਸ਼ਨ ਦੌਰਾਨ ਹੋਈ ਪੈਨਲ ਚਰਚਾ ਦੌਰਾਨ ਪੈਨਲ ਦੇ ਮੈਂਬਰਾਂ ਨੇ ਮੋਹਾਲੀ ਨੂੰ ਵਿਸ਼ਵ ਦੀ ਪਹਿਲੀ ਸਟਾਰਟ ਅੱਪ ਵੈਲੀ ਬਣਾਉਣ ਦੀ ਵਕਾਲਤ ਕਰਦਿਆਂ ਸੰਸਾਰ ਭਰ ਤੋਂ ਹੁਨਰ ਅਤੇ ਨਿਵੇਸ਼ ਨੂੰ ਸੱਦਾ ਦਿੱਤਾ।
ਪੈਨਲ ਮੈਂਬਰਾਂ ਨੇ ਕਿਹਾ ਕਿ ਸਟਾਰਟ ਅੱਪ ਈਕੋਸਿਸਟਮ ਸਬੰਧੀ 90 ਮਿੰਟ ਦੇ ਸੈਸ਼ਨ ਦੌਰਾਨ ਮੋਹਾਲੀ ਨੂੰ ਇਸ ਖੇਤਰ ਵਿੱਚ ਮੌਜੂਦ ਵਿਰਾਸਤੀ ਵਿਲੱਖਣਤਾਵਾਂ ਨੂੰ ਦੇਖਦਿਆਂ ਸਟਾਰਟ ਅੱਪ ਦੀ ਸ਼ਿਵਾਲਿਕ ਵੈਲੀ ਬਣਾਉਣ ਦਾ ਸੁਝਾਅ ਦਿੱਤਾ।
ਇਸ ਸੈਸ਼ਨ ਦੇ ਪੈਨਲ ਵਿੱਚ ਇੰਡੀਅਨ ਏਂਜਲ ਨੈੱਟਵਰਕ ਦੀ ਸਹਿ ਸੰਸਥਾਪਕ ਅਤੇ ਆਈ. ਏ. ਐਨ. ਫੰਡ ਦੇ ਫਾਊਂਡਿੰਗ ਪਾਰਟਨਰ ਸ੍ਰੀਮਤੀ ਪਦਮਜਾ ਰੂਪਰੇਲ, ਆਈ. ਐਸ. ਬੀ. ਦੇ ਪ੍ਰੋਫੈਸਰ ਅਤੇ ਮੁਖੀ ਏਸ਼ੀਆ, ਅਫਰੀਕਾ, ਓਸ਼ੀਨੀਆ, ਨੈਸਲੇ ਐਸ. ਏ., ਸਵਿਜ਼ਰਲੈਂਡ ਅਤੇ ਸਾਬਕਾ ਈ. ਵੀ. ਪੀ. ਪ੍ਰੋ. ਨੰਦੂ ਨੰਦ ਕਿਸ਼ੋਰ, ਸੋਨਾਲਿਕਾ ਇੰਡਸਟਰੀ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਅਕਸ਼ੈ ਸਾਂਗਵਾਨ, ਸਹਿ ਸੰਸਥਾਪਕ ਅਤੇ ਪ੍ਰਬੰਧਕੀ ਭਾਈਵਾਲ ਭਾਰਤ ਫੰਡ ਕੁਨਾਲ ਉਪਾਧਿਆਏ, ਏਜੀਨੈਕਸਟ ਟੈਕਨਾਲੋਜੀਸ ਦੇ ਸੰਸਥਾਪਕ ਸ੍ਰੀ ਤਰਨਜੀਤ ਭਾਮਰਾ ਨੇ ਭਾਗ ਲਿਆ।
ਪੰਜਾਬ ਨੂੰ ਬੌਧਿਕ ਤੌਰ ‘ਤੇ ਮਜ਼ਬੂਤ ਕਰਨ ਲਈ ਵੱਖ ਵੱਖ ਨਾਮੀ ਸੰਸਥਾਵਾਂ ਨੂੰ ਸਾਂਝੇ ਤੌਰ ‘ਤੇ ਅੰਤਰ ਅਨੁਸ਼ਾਸਨੀ ਖੋਜ ਲਈ ਅੱਗੇ ਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਪੈਨਲ ਨੇ ਸਾਂਝੇ ਨਵੀਨਤਮ ਪ੍ਰੋਜੈਕਟਾਂ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਪ੍ਰੋਜੈਕਟਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਅਰਥਚਾਰੇ ਲਈ ਖੋਜ ਅਤੇ ਉਦਮ ਬਹੁਤ ਅਹਿਮ ਹਨ ਅਤੇ ਪੰਜਾਬ ਨੂੰ ਦੇਸ਼ ਦਾ ਸਟਾਰਟ ਅੱਪ ਹੱਬ ਬਣਾਉਣ ਅਤੇ ਇਸਨੂੰ ਦੁਨੀਆ ਭਰ ਦੇ ਵੱਖ ਵੱਖ ਖੇਤਰਾਂ ਤੱਕ ਲਿਜਾਣ ਲਈ ਸੂਬੇ ਕੋਲ ਅਥਾਹ ਸ਼ਕਤੀ ਅਤੇ ਸਰੋਤ ਮੌਜੂਦ ਹਨ।
ਇਸ ਮੌਕੇ ਚਰਚਾ ਵਿੱਚ ਹਿੱਸਾ ਲੈਂਦਿਆਂ ਸ਼੍ਰੀਮਤੀ ਪਦਮਜਾ ਰੂਪਰੇਲ ਨੇ ਕਿਹਾ ਕਿ ਇਹ ਸੰਮੇਲਨ ਸਾਰੇ ਉਦਮੀਆਂ, ਨਿਵੇਸ਼ਕਾਂ, ਨੀਤੀ ਘਾੜਿਆਂ ਅਤੇ ਹੋਰ ਸਬੰਧਤ ਲੋਕਾਂ ਨੂੰ ਇਕ ਮੰਚ ‘ਤੇ ਲਿਆਉਣ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਮੇਕ ਇਨ ਇੰਡੀਆ ਮੁਹਿੰਮ ਨੂੰ ਹੋਰ ਉਤਸ਼ਾਹ ਮਿਲੇਗਾ।
ਇਸ ਦੌਰਾਨ ਸ਼੍ਰੀ ਨੰਦੂ ਨੰਦਕਿਸ਼ੋਰ ਨੇ ਕਿਹਾ ਕਿ ਉਦਮਤਾ ਪੰਜਾਬੀਆਂ ਦੇ ਖੂਨ ਵਿੱਚ ਹੈ, ਜਿਸ ਸਦਕਾ ਪੰਜਾਬ ਵਿੱਚ ਸਟਾਰਟਸ ਅੱਪ ਦੇ ਪੱਖ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਦਕਿ ਸ਼੍ਰੀ ਕੁਨਾਲ ਉਪਾਧਿਆਏ ਨੇ ਆਖਿਆ ਕਿ ਇਸਦੇ ਲਈ ਪੰਜਾਬ ਕੋਲ ਅਥਾਹ ਸੰਭਾਵਨਾਵਾਂ ਹਨ।
ਸ਼੍ਰੀ ਤਰਨਜੀਤ ਭਾਮਰਾ ਨੇ ਸੂਬੇ ਵਿੱਚ ਸਟਾਰਟ ਅੱਪ ਈਕੋਸਿਸਟਮ ਨੂੰ ਤੇਜ਼ੀ ਨਾਲ ਪ੍ਰਫੁੱਲਿਤ ਕਰਨ ਲਈ ਹੁਨਰ ਦਾ ਕੇਂਦਰੀ ਪੂਲ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਅਤੇ ਡਾਇਰੈਕਟਰ ਆਈ ਟੀ ਕਮ ਸਟੇਟ ਸਟਾਰਟ ਅੱਪ ਨੋਡਲ ਅਫ਼ਸਰ ਸ਼੍ਰੀਮਤੀ ਤਨੂੰ ਕਸ਼ਅਪ ਨੇ ਪੈਨਲ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਉਦਮ ਦੀ ਸ਼ੁਰੂਆਤ ਲਈ ਪੰਜਾਬ ਵਿੱਚ ਮੌਜੂਦ ਵਪਾਰਕ ਮੌਕਿਆਂ ‘ਤੇ ਚਾਨਣਾ ਪਾਇਆ। ਉਨ•ਾਂ ਸੂਬਾ ਸਰਕਾਰ ਵੱਲੋਂ ਉਦਮੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਵੱਡੀਆਂ ਰਿਆਇਤਾਂ, ਸੁਖਾਵੇਂ ਕਾਰੋਬਾਰੀ ਮਾਹੌਲ ਅਤੇ ਲਾਗੂ ਕੀਤੇ ਗਏ ਵਪਾਰਕ ਸੁਧਾਰਾਂ ਤੋਂ ਵੀ ਜਾਣੂੰ ਕਰਵਾਇਆ।
ਮੂ-ਫਾਰਮਜ਼ ਦੇ ਸੰਸਥਾਪਕ ਪਰਮ ਸਿੰਘ ਨੇ ਪੰਜਾਬ ਵਿੱਚ ਆਪਣੇ ਸਟਾਰਟ ਅੱਪ ਦੀ ਸ਼ੁਰੂਆਤ ਦਾ ਤਜ਼ਰਬਾ ਸਾਂਝਾ ਕਰਦਿਆਂ ਸੂਬੇ ਵਿੱਚ ਨਵੇਂ ਉਦਮਾਂ ਲਈ ਸੁਖਾਵਾਂ ਮਾਹੌਲ ਮੌਜੂਦ ਹੋਣ ਦੀ ਪੁਸ਼ਟੀ ਕੀਤੀ। ਪੰਜਾਬ ਵਿੱਚ ਜਨਮੇ ਅਤੇ ਆਸਟਰੇਲੀਆਂ ਤੋਂ ਪਰਤ ਕੇ ਪੰਜਾਬ ਵਿੱਚ ਸਫਲ ਸਟਾਰਟ ਅੱਪ ਸ਼ੁਰੂ ਕਰਨ ਵਾਲੇ ਪਰਮ ਸਿੰਘ ਨੇ ਦੱਸਿਆ ਕਿ ਉਸਨੇ ਸਹਾਇਕ ਧੰਦੇ ਡੇਅਰੀ ਨੂੰ ਨਿਵੇਕਲੇ ਰੂਪ ਵਿੱਚ ਅਪਣਾਇਆ ਅਤੇ ਇਸ ਸਬੰਧ ਵਿਚ 30 ਹਜ਼ਾਰ ਤੋਂ ਵੱਧ ਕਿਸਾਨਾਂ ਅਤੇ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਹੈ।