ਰਾਮਦਾਸ ਬੰਗੜ
ਸਮਰਾਲਾ : ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਮੈਦਾਨ ਪੂਰਾ ਭਖਿਆ ਹੋਇਆ ਹੈ ਅਤੇ ਲੋਕਾਂ ਵਲੋਂ ਉਮੀਦਵਾਰਾਂ ਦੀ ਕਾਰਗੁਜਾਰੀ ਦਾ ਹਿਸਾਬ ਮੰਗਿਆ ਜਾ ਰਿਹਾ ਹੈ। ਪਰ ਰਾਜਸੀ ਪਾਰਟੀਆਂ ਦਾ ਹਾਲ ਇਹ ਹੈ ਕਿ ਵੱਡੀਆਂ ਫੜ੍ਹਾਂ ਮਾਰਨ ਵਾਲੀਆਂ ਰਾਜਸੀ ਪਾਰਟੀਆਂ ਦੇ ਬਹੁਤੇ ਆਗੂ ਕਿਸੇ ਵੀ ਮਾਮਲੇ ਬਾਰੇ ਆਪਣਾ ਮੂੰਹ ਖੋਲ੍ਹਣ ਤੋਂ ਡਰਦੇ ਹਨ। ਇਥੋਂ ਤੱਕ ਉਹ ਸਖਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਆਪਣਾ ਮੂੰਹ ਖੋਲ੍ਹਣ ਤੋਂ ਡਰਦੇ ਹਨ। ਪੰਜਾਬ ਵਿਧਾਨ ਸਭਾ ਵਿਚ ਪੂਰੀ ਸੁਰੱਖਿਆ ਹੁੰਦੀ ਹੈ ਅਤੇ ਉਥੇ ਹਰ ਵਿਧਾਇਕ ਨਿਧੜਕ ਹੋ ਕੇ ਬਿਨਾਂ ਕਿਸੇ ਡਰ ਤੋਂ ਆਪਣੇ ਹਲਕੇ ਦੇ ਲੋਕਾਂ ਦੀ ਅਾਵਾਜ਼ ਉਠਾ ਸਕਦਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੀ ਵਿਧਾਨ ਸਭਾ ਵਿਚ ਚੁਣੇ ਗਏ 117 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਵੱਲੋਂ ਆਪੋ-ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨਕਾਰ ਦਾ ਦਰਜਾ ਦੇ ਕੇ ਭੇਜੇ ਵਿਧਾਇਕਾਂ ‘ਚੋਂ 26 ਵਿਧਾਇਕ 5 ਸਾਲਾਂ ‘ਚ ਆਪਣੇ ਹਲਕੇ ਦੀ ਕਿਸੇ ਵੀ ਸਮੱਸਿਆ ਜਾਂ ਵਿਕਾਸ ਕਾਰਜਾਂ ਨੂੰ ਲੈ ਕੇ ਮੂੰਹ ਤੱਕ ਨਾ ਖੋਲ੍ਹ ਸਕੇ, ਜਦਕਿ ਮੰਤਰੀ ਮੰਡਲ ‘ਚੋਂ 2 ਮੰਤਰੀਆਂ ਵੱਲੋਂ ਹੀ ਮਸਲੇ ਉਠਾਏ ਗਏ ਤੇ ਬਾਕੀ ਸਾਰੇ ਸਰੋਤੇ ਹੀ ਬਣੇ ਰਹੇ। ਨਾ ਬੋਲਣ ਵਾਲੇ ਵਿਧਾਇਕਾਂ ‘ਚ ਬਹੁਤੇ ਵਿਧਾਇਕ ਦੂਜੀ ਜਾਂ ਫ਼ਿਰ ਤੀਜੀ ਵਾਰ ਵਿਧਾਨ ਸਭਾ ਵਿਚ ਬੈਠ ਕੇ ਸ਼ਾਹੀ ਆਨੰਦ ਮਾਣਦੇ ਰਹੇ, ਜਦਕਿ ਕੁਝ ਵਿਧਾਇਕ ਹੁਣ ਮੁੜ ਤੋਂ ਉਮੀਦਵਾਰੀ ਦੀਆਂ ਟਿਕਟਾਂ ਲੈ ਕੇ ਲੋਕਾਂ ਦੇ ਦਰਵਾਜ਼ੇ ਖੜ੍ਹਕਾਉਂਦੇ ਹੋਏ ਫ਼ਿਰ ਤੋਂ ਵਿਧਾਨ ਸਭਾ ਜਾਣ ਲਈ ਵੋਟਾਂ ਦਾ ਵਾਸਤਾ ਵੀ ਪਾਉਣ ਲੱਗੇ ਹਨ। ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ‘ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਅਕਾਲੀ ਦਲ ਦੇ 17 ਵਿਧਾਇਕ ਵਿਧਾਨ ਸਭਾ ‘ਚ ਬਿਨ੍ਹਾਂ ਕੁਝ ਬੋਲਿਆਂ 5 ਸਾਲ ਦਾ ਕੀਮਤੀ ਸਮਾਂ ਬਰਬਾਦ ਕਰ ਚੁੱਕੇ ਹਨ। ਭਾਜਪਾ ਦੇ 12 ਵਿਧਾਇਕਾਂ ‘ਚੋਂ 7 ਵਿਧਾਇਕ ਵੀ ਨਾ ਬੋਲਣ ਦੀ ਸਹੁੰ ਨੂੰ ਪੁਗਾਉਣ ‘ਚ ਸਫ਼ਲ ਰਹੇ। ਕਾਂਗਰਸ ਦੇ 2 ਵਿਧਾਇਕ ਜਿਨ੍ਹਾਂ ‘ਚ ਹਲਕਾ ਸਮਰਾਲਾ ਤੇ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਸੈਸ਼ਨਾਂ ਦੌਰਾਨ ਚੁੱਪੀ ਧਾਰੀ ਰੱਖੀ ਗਈ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਜਿੰਨਾ ਕੁ ਸਮਾਂ ਵਿਧਾਨ ਸਭਾ ਗਏ, ਉਨੀ ਦੇਰ ਚੁੱਪ ਹੀ ਰਹੇ।
ਮੰਤਰੀ ਮੰਡਲ ‘ਚੋਂ ਜਥੇ. ਤੋਤਾ ਸਿੰਘ ਵੱਲੋਂ 23 ਸਵਾਲ ਕੀਤੇ ਗਏ ਅਤੇ ਡਾ. ਦਲਜੀਤ ਸਿੰਘ ਚੀਮਾ ਵੱਲੋਂ 25 ਮਸਲੇ ਉਠਾਏ ਗਏ। ਇਸ ਤੋਂ ਇਲਾਵਾ ਵਿਧਾਨ ਸਭਾ ‘ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਕਾਂਗਰਸੀ ਬਲਵੀਰ ਸਿੰਘ ਸਿੱਧੂ ਨੇ ਕੁੱਲ 89 ਪ੍ਰਸ਼ਨ ਵਿਧਾਨ ਸਭਾ ‘ਚ ਰੱਖੇ, ਜਿਨ੍ਹਾਂ ਵਿਚੋਂ 81 ਸਵਾਲ ਸਿੱਧੇ ਤੌਰ ‘ਤੇ ਕੀਤੇ ਗਏ ਅਤੇ 8 ਸਵਾਲ ਲਿਖ਼ਤੀ ਪਾਏ ਗਏ। ਸਰਦੂਰਗੜ੍ਹ ਤੋਂ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਨੇ ਸਿੱਧੇ ਰੂਪ ਵਿਚ 77 ਤੇ ਲਿਖ਼ਤੀ ਰੂਪ ‘ਚ 8 ਸਵਾਲ ਕੀਤੇ। ਵਿਰੋਧੀ ਧਿਰ ਦੇ ਨੇਤਾ ਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਰੂਪ ‘ਚ 62 ਤੇ ਲਿਖ਼ਤੀ ਰੂਪ ਵਿਚ 23 ਪ੍ਰਸ਼ਨ ਕੀਤੇ। ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਸਿੱਧੇ ਰੂਪ ‘ਚ 61 ਤੇ ਲਿਖ਼ਤੀ ਰੂਪ ‘ਚ 2 ਸਵਾਲ ਕੀਤੇ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਿੱਧੇ ਰੂਪ ‘ਚ 68 ਤੇ ਲਿਖ਼ਤੀ ਰੂਪ ‘ਚ 2 ਸਵਾਲ ਕੀਤੇ। ਖਰੜ ਤੋਂ ਕਾਂਗਰਸ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਸਿੱਧੇ ਰੂਪ ‘ਚ 62 ਤੇ ਲਿਖ਼ਤੀ 8 ਸਵਾਲ ਕੀਤੇ। ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਿੱਧੇ ਰੂਪ ‘ਚ 64 ਤੇ ਲਿਖ਼ਤੀ ਰੂਪ ‘ਚ 2 ਸਵਾਲ ਕੀਤੇ। ਮੁਕੇਰੀਆਂ ਤੋਂ ਅਜ਼ਾਦ ਉਮੀਦਵਾਰ ਰਜਨੀਸ਼ ਕੁਮਾਰ ਨੇ ਸਿੱਧੇ ਰੂਪ ‘ਚ 39 ਤੇ ਲਿਖ਼ਤੀ ਰੂਪ ‘ਚ 49 ਸਵਾਲ ਕੀਤੇ। ਬੰਗਾ ਤੋਂ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਨੇ ਸਿੱਧੇ ਰੂਪ ‘ਚ 66 ਤੇ ਲਿਖ਼ਤੀ ਰੂਪ ‘ਚ 15 ਸਵਾਲ ਕੀਤੇ। ਰਾਏਕੋਟ ਤੋਂ ਕਾਂਗਰਸੀ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਨੇ ਸਿੱਧੇ ਰੂਪ ‘ਚ 66 ਸਵਾਲ ਕੀਤੇ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੁੱਲ 18 ਸਵਾਲ ਕੀਤੇ, ਇਸੇ ਤਰ੍ਹਾਂ ਪ੍ਰਸਿੱਧ ਗਾਇਕ ਤੇ ਵਿਧਾਇਕ ਮੁਹੰਮਦ ਸਦੀਕ ਨੇ ਸਿੱਧੇ ਰੂਪ ‘ਚ 19 ਤੇ ਲਿਖ਼ਤੀ 1 ਸਵਾਲ ਕੀਤਾ। ਅਬੋਹਰ ਤੋਂ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਨੇ ਸਿੱਧੇ ਰੂਪ ‘ਚ 61 ਤੇ ਲਿਖ਼ਤੀ 7 ਸਵਾਲ ਪੇਸ਼ ਕੀਤੇ। ਖੰਨਾ ਤੋਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਸਿੱਧੇ ਰੂਪ ‘ਚ 19 ਅਤੇ 1 ਸਵਾਲ ਲਿਖ਼ਤੀ ਰੂਪ ‘ਚ ਕੀਤਾ ਗਿਆ।
ਗਠਜੋੜ ਦੇ ਵਿਧਾਇਕ ਜੋ ਨਾ ਬੋਲੇ
ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਚੁੱਪ ਚਪੀਤੇ ਘਰਾਂ ਨੂੰ ਮੁੜਨ ਵਾਲੇ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕਾਂ ‘ਚ ਅਜਨਾਲਾ ਤੋਂ ਵਿਧਾਇਕ ਅਮਰਪਾਲ ਸਿੰਘ ਅਜਨਾਲਾ, ਪਠਾਨਕੋਟ ਤੋਂ ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ, ਫ਼ਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ, ਦਿੜ੍ਹਬਾ ਤੋਂ ਅਕਾਲੀ ਦਲ ਦੇ ਬਲਬੀਰ ਸਿੰਘ ਘੁੰਨਸ, ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਦੇਸ ਰਾਜ ਧੁੱਗਾ, ਸੁਜਾਨਪੁਰ ਤੋਂ ਭਾਜਪਾ ਦੇ ਦਿਨੇਸ਼ ਸਿੰਘ, ਮਲੇਰਕੋਟਲਾ ਤੋਂ ਬੀਬੀ ਫਰਜ਼ਾਨਾ ਆਲਮ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ, ਤਰਨਤਾਰਨ ਤੋਂ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ, ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦੇ ਇੰਦਰਵੀਰ ਸਿੰਘ ਬੁਲਾਰੀਆ, ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਜੀਤ ਮਹਿੰਦਰ ਸਿੰਘ, ਜਲੰਧਰ ਉੱਤਰੀ ਤੋਂ ਭਾਜਪਾ ਦੇ ਕੇ.ਡੀ. ਭੰਡਾਰੀ, ਜਲੰਧਰ ਕੇਂਦਰੀ ਤੋਂ ਭਾਜਪਾ ਦੇ ਮਨੋਰੰਜਨ ਕਾਲੀਆ, ਕੋਟਕਪੂਰਾ ਤੋਂ ਅਕਾਲੀ ਦਲ ਦੇ ਮਨਤਾਰ ਸਿੰਘ ਬਰਾੜ, ਸ਼ਾਮ ਚੌਰਾਸੀ ਤੋਂ ਅਕਾਲੀ ਦਲ ਦੀ ਬੀਬੀ ਮਹਿੰਦਰ ਕੌਰ ਜੋਸ਼, ਡੇਰਾਬਸੀ ਤੋਂ ਅਕਾਲੀ ਦਲ ਦੇ ਐਨ. ਕੇ. ਸ਼ਰਮਾ, ਬਲਾਚੌਰ ਤੋਂ ਅਕਾਲੀ ਦਲ ਦੇ ਨੰਦ ਲਾਲ ਚੌਧਰੀ, ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੀ ਡਾ. ਨਵਜੋਤ ਕੌਰ ਸਿੱਧੂ, ਸੰਗਰੂਰ ਤੋਂ ਅਕਾਲੀ ਦਲ ਦੇ ਪ੍ਰਕਾਸ਼ ਚੰਦ ਗਰਗ, ਆਦਮਪੁਰ ਤੋਂ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ, ਬਠਿੰਡਾ ਤੋਂ ਸਰੂਪ ਚੰਦ ਸਿੰਗਲਾ, ਕਰਤਾਰਪੁਰ ਤੋਂ ਸਰਵਣ ਸਿੰਘ ਫ਼ਿਲੌਰ, ਫਗਵਾੜਾ ਤੋਂ ਭਾਜਪਾ ਦੇ ਸੋਮ ਪ੍ਰਕਾਸ਼, ਗੜ੍ਹਸ਼ੰਕਰ ਤੋਂ ਅਕਾਲੀ ਦਲ ਦੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਵੱਲੋਂ ਕੋਈ ਵੀ ਹਲਕੇ ਦਾ ਮਸਲਾ ਵਿਧਾਨ ਸਭਾ ‘ਚ ਨਹੀਂ ਰੱਖਿਆ ਗਿਆ।
ਸਰਗਰਮ ਰਹੀਆਂ ਵਿਧਾਇਕ ਬੀਬੀਆਂ
ਦੀਨਾਨਗਰ ਤੋਂ ਕਾਂਗਰਸੀ ਵਿਧਾਇਕਾ ਅਰੋਣਾ ਚੌਧਰੀ ਨੇ ਸਿੱਧੇ ਰੂਪ ‘ਚ 36 ਤੇ ਲਿਖ਼ਤੀ ਰੂਪ ਵਿਚ 11 ਸਵਾਲ ਕੀਤੇ। ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕਾ ਬੀਬੀ ਗੁਰਇਕਬਾਲ ਕੌਰ ਨੇ ਸਿੱਧੇ ਰੂਪ ‘ਚ 36 ਤੇ ਲਿਖ਼ਤੀ ਰੂਪ ‘ਚ 2 ਸਵਾਲ ਕੀਤੇ। ਭੁਲੱਥ ਤੋਂ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਨੇ ਸਿੱਧੇ ਰੂਪ ‘ਚ 21 ਸਵਾਲ ਕੀਤੇ। ਮੁਕਤਸਰ ਤੋਂ ਕਾਂਗਰਸੀ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਨੇ ਸਿੱਧੇ ਰੂਪ ‘ਚ 44 ਸਵਾਲ ਕੀਤੇ। ਇਸੇ ਤਰ੍ਹਾਂ ਲਹਿਰਾ ਤੋਂ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਨੇ ਸਿਰਫ਼ 7 ਸਵਾਲ ਸਿੱਧੇ ਰੂਪ ‘ਚ ਅਤੇ 1 ਲਿਖ਼ਤੀ ਰੂਪ ‘ਚ ਕੀਤਾ। ਕਾਦੀਆਂ ਤੋਂ ਕਾਂਗਰਸੀ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਨੇ ਸਿੱਧੇ ਰੂਪ ‘ਚ 34 ਤੇ ਲਿਖ਼ਤੀ ਰੂਪ ਵਿਚ 17 ਸਵਾਲ ਕੀਤੇ। ਪਟਿਆਲਾ ਤੋਂ ਵਿਧਾਇਕਾ ਪ੍ਰਣੀਤ ਕੌਰ ਨੇ 6 ਸਿੱਧੇ ਰੂਪ ‘ਚ ਤੇ 5 ਲਿਖ਼ਤੀ ਰੂਪ ‘ਚ ਸਵਾਲ ਕੀਤੇ। ਭੋਰਾ ਤੋਂ ਭਾਜਪਾ ਦੀ ਵਿਧਾਇਕਾ ਸੀਮਾ ਕੁਮਾਰੀ ਨੇ 17 ਸਵਾਲ ਕੀਤੇ। ਮਹਿਲ ਕਲਾਂ ਤੋਂ ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਨੇ ਸਿੱਧੇ ਰੂਪ ‘ਚ 9 ਸਵਾਲ ਕੀਤੇ ਤੇ ਦਸੂਹਾ ਤੋਂ ਭਾਜਪਾ ਦੀ ਵਿਧਾਇਕਾ ਬੀਬੀ ਸੁਖਜੀਤ ਕੌਰ ਸ਼ਾਹੀ ਨੇ ਸਿੱਧੇ ਰੂਪ ‘ਚ 1 ਤੇ ਲਿਖ਼ਤੀ ਰੂਪ ‘ਚ 5 ਸਵਾਲ ਕੀਤੇ।
ਬੀਬੀ ਸਿੱਧੂ ਨੇ ਵੀ ਧਾਰੀ ਰੱਖੀ ਚੁੱਪ
ਪੰਜਾਬ ਦੀ ਸਿਆਸਤ ‘ਚ ਤਰਥੱਲੀ ਮਚਾਈ ਰੱਖਣ ਵਾਲੀ ਤੇ ਹਮੇਸ਼ਾ ਬਾਦਲ ਸਰਕਾਰ ‘ਤੇ ਸ਼੍ਰੀ ਅੰਮ੍ਰਿਤਸਰ ਦੀਆਂ ਵਿਕਾਸ ਸਕੀਮਾਂ ਨੂੰ ਜਾਣਬੁੱਝ ਕੇ ਲਟਕਾਈ ਰੱਖਣ ਦੇ ਦੋਸ਼ ਲਾਉਣ ਵਾਲੀ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੀ ਵਿਧਾਇਕਾ ਤੇ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਵੀ ਵਿਧਾਨ ਸਭਾ ਅੰਦਰ ਪੂਰੇ ਪੰਜ ਸਾਲ ਚੁੱਪ ਧਾਰੀ ਰੱਖੀ। ਉਨ੍ਹਾਂ ਵੱਲੋਂ 5 ਸਾਲ ਦੇ ਵਿਧਾਨ ਸਭਾ ਸੈਸ਼ਨਾਂ ਦੌਰਾਨ ਨਾ ਤਾਂ ਸਿੱਧੇ ਰੂਪ ‘ਚ ਕੋਈ ਸਵਾਲ ਕੀਤਾ ਗਿਆ ਅਤੇ ਨਾ ਹੀ ਲਿਖ਼ਤੀ ਰੂਪ ‘ਚ ਕੋਈ ਮਸਲਾ ਰੱਖਿਆ ਗਿਆ। ਇਸੇ ਤਰ੍ਹਾਂ ਮਲੇਰਕੋਟਲਾ ਤੋਂ ਅਕਾਲੀ ਦਲ ਦੀ ਵਿਧਾਇਕਾ ਫਰਜ਼ਾਨਾ ਆਲਮ, ਸ਼ਾਮ ਚੌਰਾਸੀ ਤੋਂ ਅਕਾਲੀ ਵਿਧਾਇਕਾ ਮੋਹਿੰਦਰ ਕੌਰ ਜੋਸ਼ ਵੀ ਪੰਜ ਸਾਲ ਦਾ ਆਪਣਾ ਬਤੌਰ ਵਿਧਾਇਕਾ ਹੋਣ ਦਾ ਸਫ਼ਰ ਵਿਧਾਨ ਸਭਾ ‘ਚ ਚੁੱਪ-ਚੁਪੀਤੇ ਹੀ ਕੱਟ ਕੇ ਘਰ ਨੂੰ ਵਾਪਸ ਪਰਤ ਆਏ।
ਤੇਜ਼ਤਰਾਰ ਆਗੂ ਵੀ ਰਹੇ ਠੰਢੇ
ਸਿਆਸੀ ਸਰਗਰਮੀਆਂ ‘ਚ ਤੇਜ਼-ਤਰਾਰ ਆਗੂ ਮੰਨੇ ਜਾਂਦੇ ਬਹੁਤੇ ਵਿਧਾਇਕ ਵਿਧਾਨ ਸਭਾ ‘ਚ ਠੰਢੇ ਹੀ ਨਜ਼ਰ ਆਏ ਜਿਨ੍ਹਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ 5 ਸਾਲਾਂ ‘ਚ ਸਿੱਧੇ ਤੌਰ ‘ਤੇ ਸਿਰਫ਼ 19 ਤੇ ਲਿਖ਼ਤੀ 6 ਸਵਾਲ ਹੀ ਕਰ ਸਕੇ। ਵਿਧਾਇਕ ਪ੍ਰਗਟ ਸਿੰਘ ਨੇ ਸਿਰਫ਼ 2 ਸਵਾਲ, ਸਨੌਰ ਤੋਂ ਕਾਂਗਰਸੀ ਵਿਧਾਇਕ ਲਾਲ ਸਿੰਘ ਸਿਰਫ਼ 13 ਸਵਾਲ ਵਿਧਾਨ ਸਭਾ ‘ਚ ਰੱਖ ਸਕੇ। ਅਨੁਸੂਚਿਤ ਜਾਤੀ ਵਿੰਗ ਦੇ ਚੇਅਰਮੈਨ ਤੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਸਿਰਫ਼ 9 ਮਸਲੇ ਤੇ ਭਾਜਪਾ ਦੇ ਮਨੋਰੰਜਨ ਕਾਲੀਆ ਕੋਈ ਵੀ ਮਸਲਾ ਵਿਧਾਨ ਸਭਾ ‘ਚ ਪੇਸ਼ ਨਾ ਕਰ ਸਕੇ।
ਵਿਧਾਇਕਾਂ ਦੇ ਬੋਲਣ ਤੇ ਹੋਰ ਵੇਰਵੇ ਵੈੱਬਸਾਈਟ ਤੋਂ ਹਟਾਏ
ਪੰਜਾਬ ਵਿਧਾਨ ਸਭਾ ‘ਚ ਵਿਧਾਇਕਾਂ ਦੇ ਸਵਾਲ-ਜਵਾਬ ਤੇ ਹੋਰ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਹੁਣ ਗਾਇਬ ਹੈ। ਲੋਕਾਂ ‘ਚ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਸਰਕਾਰ ਵੱਲੋਂ ਇਹ ਜਾਣਕਾਰੀ ਭਰਪੂਰ ਪੰਜਾਬ ਵਿਧਾਨ ਸਭਾ ਦੀ ਵੈੱਬਸਾਈਟ ਹਟਾ ਕੇ ਆਪਣੀ ਕਾਰਗੁਜ਼ਾਰੀ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਪਦੀ ਹੈ, ਕਿਉਂਕਿ ਵੈੱਬਸਾਈਟ ਰਾਹੀਂ ਪਹਿਲਾਂ ਆਸਾਨੀ ਨਾਲ ਇਹ ਅੰਕੜੇ ਜਨਤਕ ਹੁੰਦੇ ਸਨ ਪ੍ਰੰਤੂ ਹੁਣ ਉਪਰੋਕਤ ਵੇਰਵੇ ਪ੍ਰਾਪਤ ਕਰਨ ਲਈ ਸਿਰਫ਼ ਆਰ.ਟੀ.ਆਈ. ਹੀ ਇਕ ਮਾਤਰ ਸਾਧਨ ਬਾਕੀ ਰਹਿ ਗਿਆ ਹੈ ਤੇ ਸਧਾਰਨ ਲੋਕ ਹੁਣ ਵਿਧਾਨ ਸਭਾ ਦੀ ਅੰਦਰੂਨੀ ਜਾਣਕਾਰੀ ਤੋਂ ਲਾਂਭੇ ਹੋ ਗਏ ਹਨ।
(we are thankful to daily ajit)