ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਦਸੰਬਰ
ਥਾਣਾ ਮਹਿਣਾ ਅਧੀਨ ਪਿੰਡ ਤਲਵੰਡੀ ਮੱਲੀਆਂ ਵਿਖੇ ਸਰਕਾਰੀ ਹਾਈ ਸਕੂਲ ਦੀ ਗਰਾਉੂਂਂਡ ਵਿੱਚ ਖੇਡ ਰਹੇ ਵਿਦਿਆਰਥੀ ਦੀ ਛਾਤੀ ’ਚ ਨੇਜਾ ਲੱਗਣ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਡੀਐਸਪੀ ਧਰਮਕੋਟ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ਉੱਤੇ ਪੁੱਜੇ ਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਡੀਐਸਪੀ ਧਰਮਕੋਟ ਲਖਵੀਰ ਸਿੰਘ ਅਤੇ ਥਾਣਾ ਮਹਿਣਾ ਮੁਖੀ ਇੰਸਪੈਕਟਰ ਜਸਕਾਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਚਾਨਕ ਵਾਪਰੀ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਸਰਕਾਰੀ ਹਾਈ ਸਕੂਲ, ਤਲਵੰਡੀ ਮੱਲੀਆਂ ਵਿਖੇ ਸ਼ਾਮ ਤਕਰੀਬਨ 3 ਵਜੇ ਸਕੂਲ ਵਿਦਿਆਰਥੀ ਖੇਡ ਰਹੇ ਸਨ। ਇਨ੍ਹਾਂ ਵਿੱਚ ਕੁਝ ਵਿਦਿਆਰਥੀ ਨੇਜਾਬਾਜ਼ੀ (ਜੈਵਲਿਨ) ਅਤੇ ਕੁਝ ਫੁੱਟਬਾਲ ਖੇਡ ਰਹੇ ਸਨ। ਇਸ ਦੌਰਾਨ, ਇਸ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੇ ਹੀਰਾ ਸਿੰਘ (15) ਦੀ ਛਾਤੀ ਵਿੱਚ ਨੇਜਾ (ਜੈਵਲਿਨ) ਆ ਵੱਜਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਥਾਣਾ ਮਹਿਣਾ ਪੁਲੀਸ ਨੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਕਬਜ਼ੇ ਵਿੱਚ ਕਰ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ, ਮੋਗਾ ਭੇਜ ਦਿੱਤੀ ਹੈ।
(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)