best platform for news and views

ਸਕੂਲੀ ਬੱਚੇ ਦੀ ਹੱਤਿਆਂ ਸਬੰਧੀ ਮਾਮਲੇ ਨੂੰ ਲੈ ਕੇ ਸਕੂਲਾਂ ਨੂੰ ਸਖ਼ਤ ਹਦਾੲਿਤਾਂ

Please Click here for Share This News

ਚੰਡੀਗੜ੍ਹ, 14 ਸਤੰਬਰ- ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੀਤੇ ਦਿਨੀਂ ਗੁੜਗਾਂਓ ਦੇ ਇੱਕ ਸਕੂਲੀ ਬੱਚੇ ਦੀ ਬਦਫੈਲੀ ਦੀ ਕੋਸ਼ਿਸ਼ ਦੌਰਾਨ ਕੀਤੀ ਗਈ ਹੱਤਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਪੱਤਰ ਜਾਰੀ ਕਰਕੇ ਸੂਬੇ ਵਿੱਚ ਪੈਂਦੇ ਸਾਰੇ ਸਕੂਲਾਂ ਨੂੰ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਹੈ ਤਾਂ ਜੋ ਅਜਿਹੀਆਂ  ਘਟਨਾਵਾਂ ਭਵਿੱਖ ਵਿੱਚ ਨਾ ਵਾਪਰ ਸਕਣ।
ਇਸ ਸਬੰਧੀ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਸੀ.ਬੀ.ਐਸ.ਈ., ਉੱਚ ਪੁਲਿਸ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ ਅਤੇ ਵੱਖ-ਵੱਖ ਅਦਾਰਿਆਂ ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਸੁਕੇਸ਼ ਕਾਲੀਆ ਨੇ ਦੱਸਿਆ ਕਿ ਉਪਰੋਕਤ ਧਿਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਹਰਕੇ ਅਧਿਆਪਕ, ਅਟੈਂਡੈਂਟ, ਚਪੜਾਸੀ, ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਦੀ ਭਰਤੀ ਕਰਨ ਤੋਂ ਪਹਿਲਾਂ ਸਾਰਿਆਂ ਦੀ ਪੁਲਿਸ ਕਰੈਕਟਰ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਹੜੇ ਵਾਹਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾਂਦੇ ਹਨ ਉਨ੍ਹਾਂ ਦੇ ਸਟਾਫ ਦੀ ਵੀ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਹਰੇਕ ਸਕੂਲ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਪਖਾਨੇ ਅਤੇ ਪਾਣੀ ਪੀਣ ਦੀ ਸਹੂਲਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਅਤੇ ਹੋਰ ਸਟਾਫ ਲਈ ਇਹ ਪ੍ਰਬੰਧ ਵੱਖਰੇ ਤੌਰ ‘ਤੇ ਕੀਤੇ ਜਾਣ। ਵਿਦਿਆਰਥੀਆਂ ਦੀ ਸਕੂਲ ਵਿੱਚ ਮੌਜੂਦਗੀ ਅਤੇ ਸਕੂਲ ਵਾਹਨਾਂ ਵਿੱਚ ਸਫਰ ਦੌਰਾਨ ਹਿਫਾਜ਼ਤ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਜਾਂ ਸਕੂਲ ਮੁਖੀ ਦੀ ਹੋਵੇਗੀ। ਸਕੂਲ ਵਿੱਚ ਆਉਣ ਜਾਣ ਵਾਲੇ ਹਰੇਕ ਵਿਅਕਤੀ ਦਾ ਬਕਾਇਦਾ ਰਿਕਾਰਡ ਮੇਨਟੇਂਨ ਕੀਤਾ ਜਾਵੇ। ਸਕੂਲ ਸਮੇਂ ਦੌਰਾਨ ਸਕੂਲ ਵਾਹਨਾਂ ਦੇ ਡਰਾਈਵਰ, ਕੰਡਕਟਰ ਅਤੇ ਹੋਰ ਗੈਰ-ਅਧਿਆਪਕ ਮਰਦ ਸਟਾਫ ਨੂੰ ਸਕੂਲ ਵਿੱਚ ਬੇਲੋੜਾ ਪ੍ਰਵੇਸ਼ ਦੀ ਮਨਾਹੀ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਸਕੂਲ ਦੇ ਹਰ ਮਹੱਤਵਪੂਰਨ ਕੋਨੇ ਅਤੇ ਉਹ ਹਰ ਸਥਾਨ ਜਿੱਥੇ ਵਿਦਿਆਰਥੀਆਂ ਦੀ ਆਵਾਜਾਈ ਹੈ ਉੱਥੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਅਤੇ ਚਲਦੇ ਹੋਣੇ ਜ਼ਰੂਰੀ ਹਨ। ਵਾਹਨ ਚਾਲਕਾਂ ਦੇ ਬੈਠਣ ਅਤੇ ਕੰਮ ਕਰਨ ਨਾਲ ਸਬੰਧਤ ਖੇਤਰ ਨਿਰਧਾਰਿਤ ਹੋਣਾ ਚਾਹੀਦਾ ਹੈ। ਸਕੂਲ ਦੇ ਜੂਨੀਅਰ ਵਿੰਗ ਵਿੱਚ ਸਿਰਫ ਔਰਤ ਸਫਾਈ ਕਰਮਚਾਰਨਾਂ ਅਤੇ ਅਟੈਂਡੈਂਟ ਤਾਇਨਾਤ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦਾ ਡਿਊਟੀ ਸਮਾਂ ਬਕਾਇਦਾ ਰਜਿਸਟਰ ਉੱਤੇ ਦਰਜ ਹੋਣਾ ਚਾਹੀਦਾ ਹੈ। ਜੇਕਰ ਸਕੂਲ ਬੱਸ ਦੇ ਵਿੱਚ ਇੱਕ ਵੀ ਵਿਦਿਆਰਥਣ ਸਫਰ ਕਰਦੀ ਹੈ ਤਾਂ ਉਸ ਸਕੂਲ ਵਾਹਨ ਵਿੱਚ ਔਰਤ ਅਟੈਂਡੈਂਟ ਦਾ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਸਕੂਲ ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਬੱਚਿਆਂ ਨੂੰ ਕਿਸੇ ਓਪਰੇ ਵਿਅਕਤੀ ਵੱਲੋਂ ਚੰਗੀ ਜਾਂ ਮੰਦੀ ਮਨੋਭਾਵਨਾ ਨਾਲ ਛੋਹਣ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਬੱਚਿਆਂ ਲਈ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਉਹ ਕਿਸੇ ਵੀ ਅਜਿਹੀ ਘਟਨਾ ਬਾਰੇ ਆਪਣੇ ਅਧਿਆਪਕ ਨਾਲ ਖੁੱਲ ਕੇ ਗੱਲ ਕਰ ਸਕੇ।
ਸ੍ਰੀ ਕਾਲੀਆ ਨੇ ਕਿਹਾ ਕਿ ਹਰੇਕ ਸਕੂਲ ਨੂੰ ਚਾਹੀਦਾ ਹੈ ਕਿ ਪੰਜਾਬ ਸੇਫ ਸਕੂਲ ਵਾਹਨ ਪਾਲਿਸੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਮਿਸ਼ਨ ਵੱਲੋਂ ਬੀਤੇ ਦਿਨੀ ਬਲਿਯੂ ਵੇਲ੍ਹ ਗੇਮ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਵੀ ਦੁਹਰਾਇਆ।

Please Click here for Share This News

Leave a Reply

Your email address will not be published. Required fields are marked *