
ਫਾਜ਼ਿਲਕਾ : ਅਕਾਲੀ ਦਲ ਦਾ ਆਗੂ ਅਤੇ ਭੀਮ ਕਤਲ ਕਾਂਡਿ ਵਿਚ ਜੇਲ ਵਿਚ ਬੰਦ ਸ਼ਿਵ ਲਾਲ ਡੋਡਾ ਦੀ ਚੋਣ ਲੜਨ ਦੀ ਇੱਛਾ ਪੂਰੀ ਹੋਵੇਗੀ ਕਿ ਨਹੀਂ, ਇਹ ਫੈਸਲਾ ਅਦਾਲਤ ਦੇ ਹੱਥ ਹੈ। ਪਰ ਉਸ ਵਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਵਿਧਾਨ ਸਭਾ ਹਲਕਾ ਅਬੋਹਰ ਤੋਂ ਚੋਣ ਲੜੀ ਜਾਵੇ। ਡੋਡਾ ਨੇ ਇਥੋਂ ਦੀ ਅਦਾਲਤ ਵਿਚ ਅਰਜੀ ਦੇ ਕੇ ਮੰਗ ਕੀਤੀ ਹੈ ਕਿ ਉਸ ਨੂੰ ਵਿਧਾਨ ਸਭਾ ਚੋਣਾ ਲੜਨ ਦੀ ਇਜਾਜਤ ਦਿੱਤੀ ਜਾਵੇ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਅਤੇ ਚੋਣ ਪ੍ਰਚਾਰ ਕਰਨ ਲਈ ਜੇਲ ਵਿਚੋਂ ਰਿਹਾਅ ਕੀਤਾ ਜਾਵੇ। ਇਸ ਸਬੰਧੀ ਅਦਾਲਤ ਨੇ ਕੋਈ ਫੈਸਲਾ ਨਹੀਂ ਦਿੱਤਾ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਜੇਲ ਵਿਚ ਅਕਾਲੀ ਆਗੂਆਂ ਨਾਲ ਮੀਟਿੰਗ ਕਰਨ ਮੌਕੇ ਡਿਪਟੀ ਕਮਿਸ਼ਨਰ ਵਲੋਂ ਛਾਪਾ ਮਾਰੇ ਜਾਣ ਪਿਛੋਂ ਮੀਟਿੰਗ ਕਰਨ ਵਾਲੇ ਆਗੂਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਸ਼ਿਵ ਲਾਲ ਡੋਡਾ ਅਤੇ ਅਮਿਤ ਡੋਡਾ ਨੂੰ ਫਾਜਿਲਕਾ ਦੀ ਜੇਲ ਵਿਚੋਂ ਅੰਮ੍ਰਿਤਸਰ ਦੀ ਜੇਲ ਵਿਚ ਤਬਦੀਲ ਕਰ ਦਿੱਤਾ ਸੀ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਹੀ ਸੁਪਰੀਮ ਕੋਰਟ ਨੇ ਇਕ ਬੈਂਚ ਦੀ ਸਥਾਪਨਾ ਕੀਤੀ ਹੈ ਜੋ ਇਹ ਫੈਸਲਾ ਕਰੇਗਾ ਕਿ ਅਪਰਾਧਿਕ ਮਾਮਲਿਆਂ ਵਿਚ ਫਸੇ ਆਗੂ ਚੋਣਾ ਵਿਚ ਹਿੱਸਾ ਲੈ ਸਕਦੇ ਹਨ ਕਿ ਨਹੀਂ। ਇਸ ਤਰਾਂ ਡੋਡਾ ਦੇ ਚੋਣ ਲੜਨ ਦਾ ਫੈਸਲਾ ਵੀ ਸਥਾਨਕ ਅਦਾਲਤ ਤੋਂ ਇਲਾਵਾ ਸੁਪਰੀਮ ਕੋਰਟ ਦੇ ਫੈਸਲੇ ਤੇ ਵੀ ਨਿਰਭਰ ਕਰੇਗਾ।
ਡੋਡਾ ਨੇ 2012 ‘ਚ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਵਿਧਾਨ ਸਭਾ ਚੋਣ ਲੜੀ ਸੀ। ਅਬੋਹਰ ਵਿਧਾਨ ਸਭਾ ਹਲਕਾ ਗਠਜੋੜ ਤਹਿਤ ਭਾਜਪਾ ਦੀ ਸੀਟ ਹੈ। ਇੱਥੋਂ 2012 ‘ਚ ਭਾਜਪਾ ਦੀ ਉਮੀਦਵਾਰ ਵਿਜੈ ਲਕਸ਼ਮੀ ਨੇ ਚੋਣ ਲੜੀ ਸੀ। ਉਨ੍ਹਾਂ ਨੂੰ ਸਿਰਫ 9251 ਵੋਟ ਮਿਲੇ ਸਨ। ਕਾਂਗਰਸ ਤੋਂ ਸੁਨੀਲ ਜਾਖੜ ਨੂੰ ਇਸ ਚੋਣ ‘ਚ 56,613 ਵੋਟ ਮਿਲੇ ਸਨ, ਜਦੋਂ ਕਿ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਉਤਰੇ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਨੂੰ 45,825 ਵੋਟ ਮਿਲੇ ਸਨ। ਇੱਥੇ ਅਕਾਲੀ ਦਲ ਨੇ ਡੋਡਾ ਨੂੰ ਲੁਕਵਾਂ ਸਮਰਥਨ ਦਿੱਤਾ ਸੀ। ਥੋੜੀਆਂ ਵੋਟਾਂ ਨਾਲ ਹਾਰਨ ਕਰਕੇ ਅਤੇ ਦੂਜੇ ਨੰਬਰ ‘ਤੇ ਰਹਿਣ ‘ਤੇ ਅਕਾਲੀ ਦਲ ਨੇ ਡੋਡਾ ਨੂੰ ਅਬੋਹਰ ਤੋਂ ਆਪਣਾ ਹਲਕਾ ਇੰਚਾਰਜ ਬਣਾ ਦਿੱਤਾ ਸੀ। ਹੁਣ ਭਾਜਪਾ ਦੀ ਇਸ ਸੀਟ ਤੋਂ ਡੋਡਾ ਚੋਣ ਲੜ ਸਕਦਾ ਹੈ ਜਾਂ ਚੋਣ ਪ੍ਰਚਾਰ ਕਰ ਸਕਦਾ ਹੈ? ਇਹ ਫੈਸਲਾ ਅਦਾਲਤ ਦੇ ਹੱਥ ਹੈ।