best platform for news and views

ਸ਼ਹੀਦਾਂ ਦੇ ਪਾਏ ਪੂਰਣਿਆਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੀ ਸੱਚੀ ਸ਼ਰਧਾਂਜਲੀ ਹੈ : ਅਜੈਬ ਸਿੰਘ ਚੱਠਾ

Please Click here for Share This News

Malwa News Bureau
ਫਿਰੋਜ਼ਪੁਰ : ਅੱਜ ਇਥੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਸਖਸ਼ੀਅਤ ਅਜੈਬ ਸਿੰਘ ਚੱਠਾ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਬਾਰੇ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆਮ ਵਿਅਕਤੀ ਮੌਤ ਤੋਂ ਬਾਅਦ ਦੋ ਜਾਂ ਤਿੰਨ ਪੀੜ੍ਹੀਆਂ ਤੱਕ ਯਾਦ ਕੀਤਾ ਜਾਂਦਾ ਹੈ, ਪਰ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਸਾਡਾ ਪਦਾਰਥਵਾਦੀ ਸਮਾਜ ਸ਼ਹੀਦਾਂ ਦੀਆਂ ਸਿਖਿਆਵਾਂ ਨੂੰ ਵਿਸਾਰਦਾ ਜਾ ਰਿਹਾ ਹੈ। ਇਸ ਲਈ ਅੱਜ ਲੋੜ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਿਰਸਾਤ ਅਤੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਈਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ ਇਸੇ ਮਕਸਦ ਨਾਲ ਹੀ ਕੈਨੇਡਾ ਵਿਚ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸ ਸੰਸਥਾ ਦੇ ਯਤਨਾਂ ਨਾਲ ਹੀ ਪੰਜਾਬ ਵਿਚ ਚੱਲ ਰਹੀ ਪੰਜਾਬੀ ਪੀਪਲ ਵੈਲਫੇਅਰ ਐਸੋਸੀਏਸ਼ਨ ਵਲੋਂ ਨੈਤਿਕਤਾ ਬਾਰੇ ਕਿਤਾਬਾਂ ਛਾਪੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਾਡੇ ਵਿਦਿਆਰਥੀ ਵਰਗ ਨੂੰ ਸ਼ਹੀਦਾਂ ਦੀਆਂ ਸਿਖਿਆਵਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿਚ ਇਸ ਸਾਲ 28, 29 ਅਤੇ 30 ਜੂਨ 2019 ਨੂੰ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਹੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਵਿਚ ਦੁਨੀਆਂ ਭਰ ਦੇ ਬੁੱਧੀਜੀਵੀ ਭਾਗ ਲੈ ਰਹੇ ਹਨ। ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਭਾਰਤ ਦੇ ਕੋਆਰਡੀਨੇਟਰ ਅਰਵਿੰਦਰ ਢਿਲੋਂ ਅਤੇ ਲੈਕਚਰਾਰ ਡਾ. ਅੰਮ੍ਰਿਤਪਾਲ ਕੌਰ ਵੀ ਹਾਜਰ ਸਨ। ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸ੍ਰੀ ਅਜੈਬ ਸਿੰਘ ਚੱਠਾ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ।

 

ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸ੍ਰ ਅਜੈਬ ਸਿੰਘ ਚੱਠਾ ਦੇ ਸਨਮਾਨ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਅਜੈਬ ਸਿੰਘ ਚੱਠਾ

 

ਸ਼ਹੀਦਾਂ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਿਛੋਂ ਇਕ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਅਜੈਬ ਸਿੰਘ ਚੱਠਾ।

Please Click here for Share This News

Leave a Reply

Your email address will not be published. Required fields are marked *