
ਜਲੰਧਰ : ਭਾਰਤ ਦੇ ਗਣਤੰਤਰ ਦਿਵਸ ਮੌਕੇ ਅੱਜ ਇਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਸ੍ਰ.ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਅੱਜ ਪੂਰੇ ਵਿਸ਼ਵ ਅੰਦਰ ਲੋਕਤੰਤਰੀ ਮੁਲਕ ਵਜੋਂ ਸਥਾਪਿਤ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਤੇ ਹੋਰ ਜਾਣੇ ਅਣਜਾਣੇ ਦੇਸ਼ ਭਗਤਾਂ ਨੇ ਮੁਲਕ ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਦਿਵਾਈ ਉਥੇ ਡਾ. ਭੀਮ ਰਾਓ ਅੰਬੇਦਕਰ ਤੇ ਹੋਰ ਸੁਤੰਤਰਤਾ ਸੰਗਰਾਮੀਆਂ ਦੀ ਸਖਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਦੀ ਸਥਾਪਤੀ ਹੋਈ। ਉਨ੍ਹਾ ਕਿਹਾ ਕਿ ਅਜ਼ਾਦੀ ਤੋਂ ਬਾਅਦ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਸਹੀ ਮਾਅਨਿਆਂ ਵਿੱਚ ਗਣਰਾਜ ਦੀ ਸਥਾਪਨਾ ਹੀ ਲੋਕਾਂ ਦੇ ਸੁਪਨੇ ਸਾਕਾਰ ਹੋਣ ਵੱਲ ਪਹਿਲਾ ਮੀਲ ਪੱਥਰ ਸਾਬਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਅਤੇ ਸਾਡਾ ਦੇਸ਼ ਦੁਨੀਆਂ ਦੇ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਆਜ਼ਾਦੀ ਘੁਲਾਟੀਆਂ ਵਲੋਂ ਭਾਰਤ ਦੇ ਭਵਿੱਖ ਦੇ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ ਉੱਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਘੋਲ ਵਿੱਚ ਪੰਜਾਬੀਆਂ ਦੇ ਲਾਸਾਨੀ ਯੋਗਦਾਨ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਨਹੀ ਮਿਲਦੀ। ਸਾਡੇ ਮਹਾਨ ਨੇ ਆਪਣੇ ਖੂਨ ਦਾ ਇੱਕ-ਇੱਕ ਕਤਰਾ ਦੇਸ਼ ਦੀ ਆਜ਼ਾਦੀ ਲਈ ਵਹਾਇਆ ਅਤੇ ਜੇਲ੍ਹਾਂ ਕੱਟੀਆਂ, ਉਹ ਸਾਡੇ ਲਈ ਅਮੀਰ ਵਿਰਾਸਤ ਛੱਡ ਗਏ ਹਨ ਅਤੇ ਇਸ ਵਿਰਾਸਤ ਨੂੰ ਸੰਭਾਲਣ, ਮਾਤ ਭੂਮੀ ਨਾਲ ਅਥਾਹ ਪਿਆਰ ਕਰਨ ਲਈ ਸਾਨੂੰ ਸਾਰਿਆਂ ਨੂੰ ਵਚਨਬੱਧ ਹੋਣਾ ਪਵੇਗਾ ਤਾਂ ਹੀ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਹਾਲ ਰੱਖਿਆ ਜਾ ਸਕਦਾ ਹੈ।
ਸਮਾਗਮ ਦੌਰਾਨ ਵੱਖ ਵੱਖ ਟੁਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਸਮੁੱਚੀ ਪਰੇਡ ਦੀ ਅਗਵਾਈ ਏ.ਸੀ.ਪੀ.ਦੀਪਿਕਾ ਸਿੰਘ ਵਲੋਂ ਕੀਤੀ ਗਈ। ਇਨ੍ਹਾਂ ਟੁਕੜੀਆਂ ਬੀ.ਐਸ.ਐਫ. , ਸੀ.ਆਰ.ਪੀ.ਐਫ. , ਪੰਜਾਬ ਪੁਲਿਸ , ਪੰਜਾਬ ਪੁਲਿਸ ਮਹਿਲਾ , ਪੰਜਾਬ ਹੋਮਗਾਰਡਜ਼ , ਐਨ.ਸੀ.ਸੀ. ਐਸ.ਡੀ. ਬੁਆਏਜ਼ (ਆਰਮੀ) , ਐਨ.ਸੀ.ਸੀ. ਬੁਆਏਜ਼ (ਏਅਰਫੋਰਸ), ਐਨ.ਸੀ.ਸੀ. ਗਰਲਜ਼ (ਆਰਮੀ), ਐਨ.ਸੀ.ਸੀ. ਜੇ.ਡੀ. ਬੁਆਏਜ਼ (ਆਰਮੀ), ਐਨ.ਸੀ.ਸੀ. ਗਰਲਜ਼ (ਆਰਮੀ), ਬੁਆਏਜ਼ ਸਕਾਊਟਜ਼ ਐਲ.ਕੇ. ਸਕੂਲ ,ਬੁਆਏਜ਼ ਸਕਾਊਟਜ਼ ਏ.ਐਨ. ਸਕੂਲ ,ਬੁਆਏਜ਼ ਸਕਾਊਟਜ਼ ਡੀ.ਐਸ.ਐਸ.ਡੀ. ,ਗਰਲਜ਼ ਗਾਇਡਜ਼ ,ਗਰਲਜ਼ ਗਾਇਡਜ਼ ,ਗਰਲਜ਼ ਗਾਇਡਜ਼ ਨਹਿਰੂ ਗਾਰਡਨ ਸਕੂਲ , ਲੀਗਲ ਸੈਲ , ਸਵੀਪ ,ਸੀ.ਆਰ.ਪੀ.ਐਫ. ਬੈਂਡ ,ਸਿੱਖ ਲਾਇਟ ਇਨਫੈਂਟਰੀ ਬੈਂਡ ਸ਼ਾਮਿਲ ਸਨ।
ਇਸ ਮੌਕੇ ਜਿਥੇ ਵੱਖ ਵੱਖ ਸਕੂਲਾਂ ਦੇ 1200 ਦੇ ਕਰੀਰ ਬੱਚਿਆਂ ਵਲੋਂ ਪੀ.ਟੀ.ਸੋਅ ਤੋਂ ਇਲਾਵਾ ਵੱਖ ਵੱਖ ਕਾਲਜਾਂ ਤੇਸਕੂਲਾਂ ਦੀਆਂ ਟੀਮਾਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਲੋਂ ਵੱਖ ਵੱਖ ਖੇਤਰਾਂ ‘ਚ ਵਧੀਆ ਕਾਰਗੁਜ਼ਾਰੀ ਵਾਲੀਆਂ ਸਖ਼ਸੀਅਤਾ ਤੇ ਆਜਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਤੇ ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਐਸ.ਡੀ.ਕਾਲਜ ਫਾਰ ਵਿਮੈਨ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸੁਕਲਾ, ਜ਼ਿਲ੍ਹਾ ਤੇ ਸੇਸ਼ਨ ਜੱਜ ਸ੍ਰੀ ਰਾਜ ਸ਼ੇਖਰ ਅੱਤਰੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਗਿਰੀਸ਼ ਦਯਾਲਨ, ਕਰਨਲ ਮਨਮੋਹਨ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਿੰਦਰਪਾਲ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।