ਨਕੋਦਰ – ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ-ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ- ਭੰਗਾਲਾ, ਯੂਰਪੀ ਪੰਜਾਬੀ ਸੱਥ-ਵਾਲਸਾਲ (ਯੂ.ਕੇ.) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ਆਨ-ਲਾਈਨ ਕੌਮੀ ਗ਼ਜ਼ਲ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਗ਼ਜ਼ਲ ਵਿਧਾ ਦੇ ਨਾਮਵਰ ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਦਾ ਬਾਖੂਬੀ ਪਾਠ ਕੀਤਾ।
ਐੱਲ.ਡੀ.ਡੀ.ਟੀ.ਵੀ. ਦੇ ਫੇਸਬੁੱਕ ਪੰਨੇ ‘ਤੇ ਲਾਈਵ ਗ਼ਜ਼ਲ ਦਰਬਾਰ ਵਿੱਚ ਪੌਣ, ਪਰਿੰਦੇ ਤੇ ਪਰਵਾਜ਼ ਗ਼ਜ਼ਲ-ਸੰਗ੍ਰਹਿ ਦੇ ਗ਼ਜ਼ਲਗੋ ਦੇਵ ਰਾਜ ਦਾਦਰ, ਅਨੰਦਪੁਰ ਸਾਹਿਬ ਤੋਂ ਅਨੂ ਬਾਲਾ, ਜਲੰਧਰ ਦੇ ਪ੍ਰਸਿੱਧ ਗ਼ਜ਼ਲਗੋ ਨਰਿੰਦਰਪਾਲ ਕੰਗ, ਚੁਰਾਸੀ ਦੇ ਲੇਖਕ ਬਲਜਿੰਦਰ ਮਾਂਗਟ, ਫਿਰੋਜ਼ਪੁਰ ਤੋਂ ਸੁਨੀਲ ਚੰਦਿਆਨਵੀ ਅਤੇ ‘ਤਾਂ ਸੁਪਨੇ ਕੀ ਸੋਚਣਗੇ, ਸੁਪਨਿਆਂ ਸੰਗ ਸੰਵਾਦ ਤੇ ਬੰਸਰੀ ‘ਚ ਕੈਦ ਸੁਰ’ ਜਿਹੀਆਂ ਕਿਤਾਬਾਂ ਦੇ ਲੇਖਕ ਰਮਨ ਸੰਧੂ ਹੋਰਾਂ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਦਰਸ਼ਕਾਂ ਤੋਂ ਦਾਦ ਲਈ।
ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ. ਜਸਵੀਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ; ਜਿੱਥੇ ਕਵੀਆਂ ਨੂੰ ਗ਼ਜ਼ਲ ਪਾਠ ਲਈ ਸੱਦਾ ਦਿੱਤਾ ਉੱਥੇ ਲਾਈਵ ਟੈਲੀਕਾਸਟ ਦੇਖ ਰਹੇ ਦਰਸ਼ਕਾਂ ਦੀ ਦਾਦ ਵੀ ਗ਼ਜ਼ਲਾਂ ਤੱਕ ਪਹੁੰਚਦੀ ਕੀਤੀ ਅਤੇ ਤਕਨੀਕੀ ਜ਼ਿੰਮੇਵਾਰੀਆਂ ਵੀ ਨਾਲੋ ਨਾਲ ਸੰਭਾਲੀਆਂ। ਆਖ਼ਰ ਵਿੱਚ ਸਾਰੇ ਗ਼ਜ਼ਲਗੋਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਲਾਈਵ ਕੌਮੀ ਗ਼ਜ਼ਲ ਦਰਬਾਰ ਤੱਕ ਤੇਰ੍ਹਾਂ ਸੌ ਦੇ ਕਰੀਬ ਦਰਸ਼ਕਾਂ ਵੱਲੋਂ ਪਹੁੰਚ ਕੀਤੀ ਗਈ ਹੈ।
ਪ੍ਰੋਫੈਸਰ ਜਸਵੀਰ ਸਿੰਘ
ਸੰਚਾਲਕ ਲਫ਼ਜ਼ਾਂ ਦੀ ਦੁਨੀਆਂ ।