
ਧਰਮਕੋਟ : ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ ਧਰਮਕੋਟ ਰਾਣਾ ਗੁਰਵਿੰਦਰ ਕੌਰ ਬੀ.ਡੀ.ਪੀ.ਓ. ਕੋਟ ਈਸੇ ਖਾਂ ਜਗੀਰ ਸਿੰਘ ਜੌਹਲ ਵਲੋਂ ਆਂਗਨਵਾੜੀ ਵਰਕਰਾਂ ਨੂੰ ਪਿੰਡਾਂ ਵਿਚ ਜਾ ਕੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਅਾਦੇਸ਼ ਕੀਤੇ ਗਏ ਹਨ। ਇਸੇ ਉਦੇਸ਼ ਨਾਲ ਹੀ ਇਥੋਂ ਨੇੜੇ ਪਿੰਡ ਕੜਿਆਲ ਵਿਖੇ ਆਂਗਨਵਾੜੀ ਵਰਕਰਾਂ ਵਲੋਂ ਸੁਖਰਾਜ ਕੌਰ ਦੀ ਅਗਵਾਈ ਵਿਚ ਜਾਗੋ ਕੱਢੀ ਗਈ ਅਤੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਮਹੱਤਤਾ ਬਾਰੇ ਦੱਸਦਿਆਂ ਸੁਖਰਾਜ ਕੌਰ ਨੇ ਕਿਹਾ ਕਿ ਤੁਹਾਡੀ ਇਕ ਵੋਟ ਨੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਵੋਟਾਂ ਪਾ ਕੇ ਹੀ ਚੰਗੀ ਸਰਕਾਰ ਦੀ ਚੋਣ ਕੀਤੀ ਜਾਂਦੀ ਹੈ ਅਤੇ ਚੰਗੀ ਸਰਕਾਰ ਰਾਜ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕਾਰਗਰ ਸਾਬਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਹੀ ਸਰਕਾਰ ਚੁਣਨ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਲੋਂ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਸਾਡੇ ਹੱਥ ਬਹੁਤ ਵੱਡੀ ਸ਼ਕਤੀ ਦਿੱਤੀ ਗਈ ਹੈ ਅਤੇ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਉਹ ਆਪਣੀ ਇਸ ਸ਼ਕਤੀ ਦੀ ਵਰਤੋਂ ਕਰੇ। ਇਸ ਮੌਕੇ ਵੋਟਰਾਂ ਨੂੰ ਅਕਰਸ਼ਿਤ ਕਰਨ ਲਈ ਜਾਗੋ ਕੱਢੀ ਗਈ। ਇਸ ਮੌਕੇ ਸੁਪਰਵਾਈਜ਼ਰ ਗੁਰਸ਼ਰਨ ਕੌਰ, ਗੁਰਜੀਤ ਕੌਰ, ਸੁਖਜੀਤ ਕੌਰ, ਸ਼ਰਨਜੀਤ ਕੌਰ, ਹਰਜਿੰਦਰ ਕੌਰ, ਪਰਮਿੰਦਰ ਕੌਰ, ਜਗਦੀਪ ਕੌਰ, ਸੱਤਪਾਲ ਕੌਰ, ਸੁਰਜੀਤ ਕੌਰ, ਕਰਮਜੀਤ ਕੌਰ, ਕੁਲਵੀਰ ਕੌਰ ਤੋਂ ਇਲਾਵਾ ਹੋਰ ਆਂਗਨਵਾੜੀ ਵਰਕਰ ਵੀ ਹਾਜਰ ਸਨ। ਇਸ ਮੌਕੇ ਆਂਗਨਵਾੜੀ ਵਰਕਰਾਂ ਦੇ ਹੱਥਾਂ ਵਿਚ ਵੋਟਾਂ ਦੇ ਅਧਿਕਾਰ ਬਾਰੇ ਜਾਣੂ ਕਰਵਾਉਣ ਲਈ ਸਲੋਗਨ ਫੜ੍ਹੇ ਹੋਏ ਸਨ।