best platform for news and views

ਵੋਟਾਂ ਵਾਲੇ ਮੇਲੇ ’ਚ ਲੋਕ ਯਾਦ ਕਰਦੇ ਰਹੇ ਜਥੇਦਾਰ ਟੌਹੜਾ ਵਾਲੇ ‘ਅੱਛੇ ਦਿਨ’

Please Click here for Share This News

ਹਮੀਰ ਸਿੰਘ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਵਾਲੇ ਦਿਨ ਮੇਲੇ ਵਰਗਾ ਮਾਹੌਲ ਸੀ। ਸਿਆਸੀ ਕਾਰਕੁਨ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਵਿੱਚ ਜੁਟੇ ਹੋਏ ਸਨ ਪ੍ਰੰਤੂ ਪੰਥਕ ਪਿੰਡ ਵਜੋਂ ਜਾਣੇ ਜਾਂਦੇ ਟੌਹੜਾ ਪਿੰਡ ਦੇ ਨਿਵਾਸੀਆਂ ਦੇ ਚਿਹਰਿਆਂ ਉੱਤੇ ਨਿਰਾਸ਼ਾ ਦਾ ਆਲਮ ਸੀ। ਜਥੇਦਾਰ ਦੇ ਹੁੰਦਿਆਂ ਉਨ੍ਹਾਂ ਦੇ ਕਈ ਵਿਰੋਧੀ ਵੀ ਰਹੇ ਹੋਣਗੇ ਪ੍ਰੰਤੂ ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਪਿੰਡ ਦਾ ਬਹੁਤ ਕੁਝ ਗੁਆਚ ਗਿਆ ਲਗਦਾ ਹੈ। ਲੋਕ ਮੌਜੂਦਾ ਆਗੂਆਂ ਨਾਲ ਤੁਲਨਾ ਕਰਦਿਆਂ ਰਹਿ ਰਹਿ ਕੇ ਆਪਣੇ ਪ੍ਰਧਾਨ ਜੀ ਨੂੰ ਯਾਦ ਕਰ ਰਹੇ ਹਨ।
ਜਥੇਦਾਰ ਟੌਹੜਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲਾਂ ਤੱਕ ਪ੍ਰਧਾਨ ਰਹੇ ਪ੍ਰੰਤੂ ਪਿੰਡ ਨਾਲ ਮੋਹ ਅਤੇ ਘਰ ਦੀ ਸਧਾਰਨ ਦਿੱਖ ਕਾਰਨ ਉਨ੍ਹਾਂ ਖੁਦ ਨੂੰ ਲੋਕਾਂ ਤੋਂ ਅਲੱਗ ਦਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਥਕ ਰੰਗ ਵਿੱਚ ਰੰਗਿਆ ਪਿੰਡ ਇਸ ਵਾਰ ਬਦਲਿਆ ਜਿਹਾ ਲੱਗ ਰਿਹਾ ਸੀ। ਜਥੇਦਾਰ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਸਨੌਰ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੋਣ ਕਰਕੇ ਟੌਹੜਾ ਦੇ ਪੁਸ਼ਤੈਨੀ ਘਰ ਉੱਤੇ ਵੀ ਕੇਜਰੀਵਾਲ ਅਤੇ ਝਾੜੂ ਦੇ ਨਿਸ਼ਾਨ ਵਾਲਾ ਬੈਨਰ ਲਟਕ ਰਿਹਾ ਹੈ। ਜਿਸ ਘਰ ਮੂਹਰੇ ਕਦੇ ਭੀੜਾਂ ਜੁੜਦੀਆਂ ਸਨ, ਹੁਣ ਉਹ ਬੰਦ ਹੈ। ਕੁਲਦੀਪ ਕੌਰ ਦੇ ਆਪ ਵਿੱਚ ਚਲੇ ਜਾਣ ਦੇ ਕਾਰਨ ਪਿੰਡ ਵਿੱਚ ਵਿਆਪਕ ਤਬਦੀਲੀ ਦਿਖਾਈ ਦਿੰਦੀ ਹੈ। ਆਪ ਦੇ ਪੋਲਿੰਗ ਬੂਥ ਉੱਤੇ ਵੱਡੀ ਗਿਣਤੀ ਵਿੱਚ ਖੜ੍ਹੇ ਲੋਕਾਂ ਵਿੱਚੋਂ ਗੁਰਦਿਆਲ ਸਿੰਘ ਨੇ ਕਿਹਾ ਕਿ ਪ੍ਰਧਾਨ ਜੀ ਦੀ ਗੈਰ ਮੌਜੂਦਗੀ ਕੇਵਲ ਪਿੰਡ ਹੀ ਨਹੀਂ ਸਾਰਾ ਇਲਾਕਾ ਮਹਿਸੂਸ ਕਰ ਰਿਹਾ ਹੈ। ਪੀਆਰਟੀਸੀ ਤੋਂ ਸੇਵਾਮੁਕਤ ਹੋਏ ਅਮਰ ਸਿੰਘ ਨੇ ਕਿਹਾ ਕਿ ਪਿੰਡ ਦੇ ਕਿਸੇ ਵਿਅਕਤੀ ਨੂੰ ਤਾਂ ਘਰ ਜਾਣ ਦੀ ਲੋੜ ਵੀ ਨਹੀਂ ਪੈਂਦੀ ਸੀ, ਸਵੇਰੇ ਗੁਰਦੁਆਰੇ ਹੀ ਮਿਲ ਜਾਂਦੇ ਅਤੇ ਸਭ ਦੇ ਘਰ ਦੀ ਦੁੱਖ ਤਕਲੀਫ ਉੱਥੇ ਹੀ ਸਾਂਝੀ ਹੋ ਜਾਂਦੀ ਸੀ। ਪਿੰਡ ਅਤੇ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਉੱਤੇ ਲਗਵਾਉਣ ਵਾਲਾ ਬੇਗਰਜ਼ ਆਗੂ ਹੁਣ ਕਿੱਥੇ ਮਿਲੇਗਾ?
ਪਿੰਡ ਦੇ ਹੀ ਸੁਖਦੇਵ ਸਿੰਘ ਨੇ ਕਿਹਾ ਕਿ  ਜਿਨ੍ਹਾਂ ਲੋਕਾਂ ਨੂੰ ਟੌਹੜਾ ਸਾਹਿਬ ਨੇ ਅਸਮਾਨੀ ਚੜ੍ਹਾ ਦਿੱਤਾ ਉਹੀ ਅੱਜ ਬਹੁਤ ਪੇਤਲੀਆਂ ਗੱਲਾਂ ਕਰਨ ਉੱਤੇ ਉੱਤਰ ਆਏ ਹਨ। ਪੰਥਕ ਕਹਾਉਣ ਵਾਲੇ ਆਗੂਆਂ ਨੇ ਸਿਧਾਂਤ ਛਿੱਕੇ ਟੰਗ ਦਿੱਤਾ ਹੈ। ਪ੍ਰਧਾਨ ਜੀ ਦੇ ਹੁੰਦਿਆਂ ਅਜਿਹੀਆਂ ਆਪ ਹੁਦਰੀਆਂ ਸੰਭਵ ਨਹੀਂ ਸਨ ਹੋ ਸਕਣੀਆਂ। । 1998 ਦੀ ਲੋਕ ਸਭਾ ਚੋਣ ਵੇਲੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਚਲਾਉਂਦਿਆਂ ਉਹ ਗਲਤੀ ਨਾਲ ਨਿਰੰਕਾਰੀ ਭਵਨ ਚਲੇ ਗਏ ਸਨ। ਅਕਾਲ ਤਖ਼ਤ ਸਾਹਿਬ ਵੱਲੋਂ 1978 ਵਿੱਚ ਹੋਏ ਝਗੜੇ ਵਿੱਚ ਕਈ ਸਿੰਘਾਂ ਦੇ ਮਾਰੇ ਜਾਣ ਤੋਂ ਬਾਅਦ ਨਿਰੰਕਾਰੀਆਂ ਖਿਲਾਫ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਸੀ। ਚੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ ਅਕਾਲ ਤਖ਼ਤ ਕੋਲ ਲੈ ਗਏ ਸਨ। ਜੋ ਫੋਟੋਆਂ  ਪੇਸ਼ ਕੀਤੀਆਂ ਗਈਆਂ ਉਹ ਠੀਕ ਨਹੀਂ ਸਨ। ਗਲਤੀ ਨਾਲ ਜਾਣ ਦੇ ਬਾਵਜੂਦ ਟੌਹੜਾ ਸਾਹਿਬ ਨੇ ਮਹਿਸੂਸ ਕੀਤਾ ਸੀ। ਡੇਰਾ ਸਿਰਸਾ ਦੇ ਹੁਕਮਨਾਮੇ ਦਾ ਅਕਾਲੀ ਦਲ ਦੇ ਆਗੂਆਂ ਨੇ ਜੋ ਹਾਲ ਕੀਤਾ ਹੈ, ਇਹ ਸਭ ਦੇ ਸਾਹਮਣੇ ਹੈ। ਪ੍ਰਧਾਨ ਜੀ  ਦੇ ਹੁੰਦਿਆਂ ਪਿੰਡ ਵਿੱਚ ਪੁਲੀਸ ਨਹੀਂ ਸੀ ਆਉਂਦੀ। ਜੋ ਵੀ ਵਿਵਾਦ ਹੁੰਦਾ ਪ੍ਰਧਾਨ ਦੀ ਦਾ ਕਿਹਾ ਅੰਤਿਮ ਹੁੰਦਾ ਸੀ ਅਤੇ ਸਭ ਗੱਲ ਮੰਨ ਲੈਂਦੇ ਸਨ।
ਜਥੇਦਾਰ  ਟੌਹੜਾ 31 ਮਾਰਚ 2004 ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ। ਉਨ੍ਹਾਂ ਦੀ ਧਰਮ ਪਤਨੀ ਲਗਪਗ ਪੰਜ ਛੇ ਸਾਲ ਬਾਅਦ ਵਿੱਚ ਵੀ ਰਹਿੰਦੀ ਰਹੀ।  ਪਿੰਡ ਦੇ ਇੱਕ ਹੋਰ ਨੌਜਵਾਨ ਆਗੂ ਨੇ ਕਿਹਾ ਕਿ ਜਥੇਦਾਰ ਟੌਹੜਾ ਦੀ ਵਿਰਾਸਤ ਨੂੰ ਕਾਇਮ ਰੱਖਣਾ ਨਿਹਾਇਤ ਜਰੂਰੀ ਹੈ, ਅਜਿਹਾ ਕਰਨ ਲਈ ਆਗੂਆਂ ਨੂੰ ਕਿਸੇ ਸਿਧਾਂਤ ਨਾਲ ਜੁੜਦਿਆਂ ਬੇਲਾਗ ਜੀਵਨ ਬਿਤਾਉਣ ਦੀ ਆਦਤ ਪਾਉਣੀ ਪਵੇਗੀ।

(we are thankful to punjabi tribune for publish this item)

Please Click here for Share This News

Leave a Reply

Your email address will not be published. Required fields are marked *