ਕੁਰਾਲੀ : ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਭਾਵੇਂ ਰਾਜ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ ਪਰ ਫਿਰ ਵੀ ਅਕਾਲੀ ਆਗੂਆਂ ਤੋਂ ਸੱਤਾ ਦਾ ਨਸ਼ਾ ਨਹੀਂ ਉਤਰ ਰਿਹਾ| ਇਸ ਦੀ ਮਿਸਾਲ ਅੱਜ ਬੜੌਦੀ ਦੇ ਟੌਲ ਪਲਾਜ਼ਾ ਤੋਂ ਮਿਲੀ, ਜਿੱਥੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਕਾਫੀ ਸਮਾਂ ਵੀਆਈਪੀ ਲੇਨ ਵਿਚੋਂ ਲੰਘਣ ਲਈ ਅੜੇ ਰਹੇ| ਅਕਾਲੀ ਆਗੂ ਦੀ ਵੀਆਈਪੀ ਲੇਨ ਵਿਚੋਂ ਲੰਘਣ ਦੀ ਜ਼ਿੱਦ ਕਾਫੀ ਸਮਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਰਹੀ| ਅਕਾਲੀ ਆਗੂ ਦੀ ਇਸ ਜ਼ਿੱਦ ਕਾਰਨ ਹੀ ਇੱਕ ਐਂਬੂਲੈਂਸ ਨੂੰ ਵੀ ਕਾਫੀ ਸਮਾਂ ਉਡੀਕ ਕਰਨਾ ਪਿਆ|
ਇਹ ਘਟਨਾ ਅੱਜ ਦੁਪਹਿਰ ਵੇਲੇ ਵਾਪਰੀ ਜਦੋਂ ਸੁੱਚਾ ਸਿੰਘ ਲੰਗਾਹ ਇੱਕ ਪ੍ਰਾਈਵੇਟ ਲਗਜ਼ਰੀ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਕੁਰਾਲੀ ਵੱਲ ਨੂੰ ਆ ਰਹੇ ਸਨ| ਜਿਵੇਂ ਹੀ ਸ੍ਰੀ ਲੰਗਾਹ ਦੀ ਗੱਡੀ ਕੁਰਾਲੀ-ਸੀਸਵਾਂ ਸੜਕ ’ਤੇ ਪੈਂਦੇ ਪਿੰਡ ਬੜੌਦੀ ਦੇ ਟੌਲ ਪਲਾਜ਼ਾ ਉਤੇ ਪੁੱਜੀ ਤਾਂ ਗੱਡੀ ਚਾਲੂ ਲੇਨਾਂ ਵਿਚੋਂ ਲੰਘਾਉਣ ਦੀ ਥਾਂ ਡਰਾਈਵਰ ਨੇ ਵੀਆਈਪੀ ਤੇ ਐਂਮਰਜੈਂਸੀ ਸੇਵਾਵਾਂ ਵਾਲੀ ਸਾਂਝੀ ਲੇਨ ਅੱਗੇ ਲਗਾਉਂਦਿਆਂ ਡਿਊਟੀ ’ਤੇ ਤਾਇਨਾਤ ਕਰਮਚਾਰੀ ਨੂੰ ਬੈਰੀਗੇਡ ਹਟਾਉਣ ਦੀ ਹਦਾਇਤ ਕੀਤੀ| ਕਰਮਚਾਰੀ ਸੰਤਾ ਸਿੰਘ ਨੇ ਬੈਰੀਗੇਡ ਹਟਾਉਣ ਤੋਂ ਇਨਕਾਰ ਕਰਦਿਆਂ ਪਛਾਣ ਜਾਨਣੀ ਚਾਹੀ| ਇਸੇ ਦੌਰਾਨ ਉਸ ਨੇ ਗੱਡੀ ਵਿੱਚ ਸਵਾਰਾਂ ਨੂੰ ਕਿਹਾ ਕਿ ਇਹ ਲੇਨ ਵੀਆਈਪੀਜ਼ ਲਈ ਹੈ| ਇਸ ‘ਤੇ ਲਾਲ ਪੀਲੇ ਹੋਏ ਸਾਬਕਾ ਮੰਤਰੀ ਨੇ ਆਪਣੇ ਆਪ ਨੂੰ ਵੀਆਈਪੀ ਦੱਸਦਿਆਂ ਬੈਰੀਗੇਡ ਹਟਾਉਣ ਲਈ ਕਿਹਾ| ਟੌਲ ਕੰਪਨੀ ਦੇ ਕਰਮਚਾਰੀ ਨੇ ਗੱਡੀ ਸਵਾਰਾਂ ਤੋਂ ਵੀਆਈਪੀ ਹੋਣ ਦੇ ਸਬੂਤ ਵਜੋਂ ਸਰਕਾਰ ਦੀ ਪ੍ਰਵਾਨਗੀ ਦੀ ਮੰਗ ਕੀਤੀ ਅਤੇ ਗੱਡੀ ’ਤੇ ਬੱਤੀ ਨਾ ਲੱਗੀ ਹੋਣ ਦਾ ਤਰਕ ਦਿੱਤਾ| ਪਰ ਫਿਰ ਵੀ ਕਰਮਚਾਰੀ ਡਟਿਆ ਰਿਹਾ ਅਤੇ ਇਸ ਸਬੰਧੀ ਟੌਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ| ਪਰ ਟੌਲ ਪਲਾਜ਼ਾ ਦੇ ਅਧਿਕਾਰੀਆਂ ਨੇ ਵੀ ਗੱਡੀ ਨੂੰ ਵੀਆਈਪੀ ਲੇਨ ਵਿਚੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ| ਇਸੇ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਐਂਬੂਲੈਂਸ ਵੀ ਸਾਬਕਾ ਮੰਤਰੀ ਦੀ ਗੱਡੀ ਦੇ ਪਿੱਛੇ ਆ ਕੇ ਖੜ੍ਹ ਗਈ| ਅਕਾਲੀ ਆਗੂ ਦੀ ਗੱਡੀ ਅੱਗੇ ਖੜ੍ਹੀ ਹੋਣ ਕਾਰਨ ਐਂਬੂਲੈਂਸ ਨੂੰ ਵੀ ਟੌਲ ਪਲਾਜ਼ਾ ’ਤੇ ਖੜ੍ਹਨਾ ਪਿਆ| ਇਸ ਦੌਰਾਨ ਜਦੋਂ ਪੱਤਰਕਾਰਾਂ ਦੀ ਇੱਕ ਟੀਮ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਦੇਖਦਿਆਂ ਤਸਵੀਰਾਂ ਲੈ ਕੇ ਕਵਰੇਜ਼ ਕਰਨ ਲੱਗੀ, ਤਾਂ ਅਕਾਲੀ ਆਗੂ ਨੇ ਸਥਿਤੀ ਨੂੰ ਸੰਭਾਲਦਿਆਂ ਡਰਾਈਵਰ ਨੂੰ ਆਪਣੀ ਗੱਡੀ ਪਿੱਛੇ ਲੈ ਕੇ ਆਮ ਲੋਕਾਂ ਵਾਲੀ ਲੇਨ ਵਿਚੋਂ ਕੱਢਣ ਦਾ ਹੁਕਮ ਦੇ ਦਿੱਤਾ, ਤਾਂ ਜਾ ਕੇ ਡਰਾਈਵਰ ਨੇ ਆਮ ਲੋਕਾਂ ਵਾਲੀ ਲੇਨ ਵਿਚੋਂ ਗੱਡੀ ਕੱਢੀ, ਜਿਸ ਤੋਂ ਬਾਅਦ ਐਂਬੂਲੈਂਸ ਨਿਕਲ ਸਕੀ|
ਟੌਲ ਪਲਾਜ਼ਾ ਦੇ ਸੁਪਰਵਾਈਜ਼ਰ ਨੰਦ ਕਿਸ਼ੋਰ ਨੇ ਮਾਮਲੇ ਸਬੰਧੀ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਡਿਊਟੀ ਸ਼ਾਮ ਚਾਰ ਵਜੇ ਸ਼ੁਰੂ ਹੋਈ ਹੈ, ਜਿਸ ਕਾਰਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਪ੍ਰਵਾਨਗੀ ਅਤੇ ਬੱਤੀ ਲਗਾ ਕੇ ਕੋਈ ਕਾਫਲਾ ਆਵੇ, ਤਾਂ ਉਨ੍ਹਾਂ ਨੂੰ ਵੀਆਈਪੀ ਲੇਨ ਵਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ|
ਕੁਰਾਲੀ ਨੇੜਲੇ ਬੜੌਦੀ ਦੇ ਟੌਲ ਪਲਾਜ਼ਾ ’ਤੇ ਬੈਰੀਗੇਡ ਲਗਾ ਕੇ ਰੋਕੀ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਗੱਡੀ ਅਤੇ ਪਿੱਛੇ ਖੜ੍ਹੀ ਐਂਬੂਲੈਂਸ|
(we are thankful to punjabi tribune)