best platform for news and views

ਵਿਸਾਖੀ ਤੋਂ ਪਹਿਲਾਂ-ਪਹਿਲਾਂ ਮਜੀਠੀਆ, ਤੋਤਾ ਸਿੰਘ ਤੇ ਮਲੂਕਾ ਨੂੰ ਜੇਲ ਵਿੱਚ ਸੁੱਟਾਂਗੇ – ਭਗਵੰਤ ਮਾਨ

Please Click here for Share This News

 

ਸੰਗਰੂਰ : ਆਮ ਆਦਮੀ ਪਾਰਟੀ (ਆਪ) ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੜਬਾ, ਅਮਰਗੜ੍ਹ ਅਤੇ ਧੂਰੀ ਵਿੱਚ ਵੱਖ-ਵੱਖ ਥਾਵਾਂ ਉਤੇ ਭਰਵੀਆਂ ਰੈਲੀਆਂ ਨੂੰ ਸੰਬੋਧਨ ਕੀਤਾ।  ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ 4 ਫਰਵਰੀ ਨੂੰ ਪੰਜਾਬ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ ਅਤੇ ਪੰਜਾਬੀਆਂ ਵੱਲੋਂ ਇੱਕ ਵੱਡੀ ਕ੍ਰਾਂਤੀ ਨੂੰ ਸਫਲ ਬਣਾਇਆ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਜੋ ਪੰਜਾਬ ਕਦੇ ਗਿੱਧੇ ਅਤੇ ਭੰਗੜੇ ਲਈ ਮਸ਼ਹੂਰ ਹੁੰਦਾ ਸੀ, ਉਹੀ ਪੰਜਾਬ ਅੱਜ ਭ੍ਰਿਸ਼ਟ ਸਿਆਸਤਦਾਨਾਂ ਦੇ ਕਾਰਨ ਅੱਥਰੂ ਵਹਾ ਰਿਹਾ ਹੈ। ਛਿੰਝਾਂ ਵਿੱਚ ਨਾਂਅ ਚਮਕਾਉਣ ਵਾਲਾ ਪੰਜਾਬ ਟੀਕਿਆਂ ਅਤੇ ਨਸ਼ਿਆਂ ਮਸ਼ਹੂਰ ਹੋ ਚੁੱਕਿਆ ਹੈ।  ਇਸ ਸਭ ਦੇ ਲਈ ਉਨਾਂ ਬਾਦਲ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਮਾਨ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਤਾਂ ਮਰੀਜ ਹਨ ਅਤੇ ਉਹ ਵੀ ਤਾਂ ਮਰੀਜ ਬਣੇ ਹਨ ਕਿਉਂਕਿ ਉਹ ਵਿਹਲੇ ਰਹੇ ਅਤੇ ਉਨਾਂ ਨੂੰ ਰੋਜਗਾਰ ਨਹੀਂ ਮਿਲਿਆ। ਪ੍ਰੰਤੂ ਉਨਾਂ ਨੂੰ ਨਸ਼ੇ ਉਤੇ ਲਗਾਉਣ ਵਾਲੇ ਮਜੀਠੀਆ ਅਤੇ ਉਸਦੀ ਟੋਲੀ ਹੈ।

ਮਾਨ ਨੇ ਕਿਹਾ ਕਿ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਵੇਗੀ ਅਤੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰੀਆਂ ਨੂੰ ਜੇਲਾਂ ਅੰਦਰ ਸੁੱਟਿਆ ਜਾਵੇਗਾ।  ਉਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਲਲਕਾਰਦਿਆਂ ਕਿਹਾ ਕਿ ਵਿਸਾਖੀ ਤੋਂ ਪਹਿਲਾਂ-ਪਹਿਲਾਂ ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਵਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਵਿੱਚ ਮੇਰਾ ਹੱਥ ਦੱਸਿਆ ਜਾਂਦਾ ਹੈ, ਜੋ ਕਿ ਬੇਬੁਨਿਆਦ ਆਰੋਪ ਹੁੰਦੇ ਹਨ। ਪਰ ਬਾਦਲ ਸਾਹਿਬ ਦੇ ਹੱਥ ਤਾਂ ਲੋਕਾਂ ਦੀਆਂ ਜੇਬਾਂ ਵਿੱਚ ਹਨ, ਜਿਸ ਬਾਰੇ ਸਾਰਾ ਪੰਜਾਬ ਜਾਣਦਾ ਹੈ।

ਮਾਨ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਬਹੁਤ ਘਟਨਾਵਾਂ ਵਾਪਰੀਆਂ ਹਨ। ਉਨਾਂ ਕਿ ਬਾਦਲਾਂ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 95 ਵਾਰ ਬੇਅਦਬੀ ਹੋਈ ਹੈ ਪਰ ਕਿਸੇ ਵੀ ਦੋਸ਼ੀ ਨੂੰ ਫੜਨ ਵਿੱਚ ਸਰਕਾਰ ਨਾਕਾਮ ਰਹੀ ਹੈ।  ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਮਿਸਾਲੀ ਸਜਾ ਦਿੱਤੀ ਜਾਵੇਗਾ, ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ।

ਉਨਾਂ ਕਿਹਾ ਕਿ ਦੋਵੇਂ ਪਿਓ-ਪੁੱਤ ਬਾਦਲਾਂ ਦਾ ਸਮਾਂ ਹਵਾਈ ਸਫਰ ਵਿੱਚ ਲੰਘ ਜਾਂਦਾ ਹੈ ਅਤੇ ਉਨਾਂ ਨੂੰ ਲੋਕਾਂ ਦੇ ਦਰਦ ਦੀ ਕੋਈ ਪ੍ਰਵਾਹ ਨਹੀਂ। ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਲੋਕ 2 ਵੇਲੇ ਦੀ ਰੋਟੀ ਤੋਂ ਵੀ ਮੁਹਤਾਜ ਹੋਏ ਪਏ ਹਨ।  ਉਨਾਂ ਕਿਹਾ ਕਿ ਬਾਦਲਾਂ ਦੇ ਹੈਲੀਕਾਪਟਰ ਦੀਆਂ ਚਾਬੀਆਂ ਲੋਕਾਂ ਦੇ ਹੱਥ ਵਿੱਚ ਹਨ ਅਤੇ ਥੋੜੇ ਦਿਨ ਬਾਅਦ ਲੋਕਾਂ ਨੇ ਖੁਦ ਹੀ ਉਨਾਂ ਨੂੰ ਲਾਹ ਸੁੱਟਣਾ ਹੈ।

ਸੰਸਦ ਮੈਂਬਰ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੋਕਾਂ ਨੂੰ ਸੁਪਨੇ ਵਿਖਾਉਣ ਜਾਂ ਭਰਮਾਉਣ ਲਈ ਨਹੀਂ ਆਈ ਅਤੇ ਨਾ ਹੀ ਪਾਣੀ ਵਾਲੀਆਂ ਬੱਸਾਂ ਚਲਾਉਣ ਆਈ ਹੈ ਅਤੇ ਨਾ ਹੀ ਮੰਗਲ ਗ੍ਰਹਿ ਉਤੇ ਰੈਲੀ ਕਰਨ ਆਏ ਹਨ, ਇਸ ਕੰਮ ਲਈ ਪੰਜਾਬ ਕੋਲ ਬਹੁਤ ਵੱਡਾ ਗੱਪੀ (ਸੁਖਬੀਰ ਬਾਦਲ਼) ਮੌਜੂਦ ਹੈ।  ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਦੁਖ-ਤਕਲੀਫਾਂ ਵਿੱਚੋਂ ਕੱਢਣ, ਨੌਜਵਾਨਾਂ ਨੂੰ ਨਸ਼ਾ-ਮੁਕਤ ਕਰਨ ਅਤੇ ਰੋਜਗਾਰ ਮੁਹੱਈਆ ਕਰਵਾਉਣ ਲਈ ਆਈ ਹੈ। ਮਾਨ ਨੇ ਕਿਹਾ ਕਿ ਕਿਸਾਨਾਂ, ਵਪਾਰੀਆਂ ਅਤੇ ਹਰ ਵਰਗ ਨੂੰ ਸੁਖੀ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਹੈ।

ਇਸਦੇ ਨਾਲ ਹੀ ਭਗਵੰਤ ਮਾਨ ਨੇ ਕਾਂਗਰਸ ਉਤੇ ਵਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਦੋ ਮਹੀਨੇ ਤੋਂ ਪੰਜਾਬ ਨੂੰ ਛੱਡ ਕੇ ਟਿਕਟਾਂ ਲੈਣ ਲਈ ਦਿੱਲੀ ਵਿੱਚ ਡੇਰੇ ਲਗਾਏ ਹੋਏ ਸਨ, ਜਿਸ ਕਾਰਨ ਉਨਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ ਰਿਹਾ।  ਪੰਜਾਬ ਬਚਾਉਣ ਦੀਆਂ ਫੜਾਂ ਮਾਰਨ ਵਾਲੇ ਕਾਂਗਰਸੀ ਆਗੂ ਦਿੱਲੀ ਵਿੱਚ ਟਿਕਟਾਂ ਬਚਾਉਣ ਦੇ ਚੱਕਰ ਵਿੱਚ ਲੱਗੇ ਹੋਏ ਸਨ, ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਕਾਂਗਰਸ ਦੇ ਹਰੇਕ ਪਰਿਵਾਰ ਨੂੰ ਨੌਕਰੀ ਦੇਣ ਦੇ ਵਾਅਦੇ ਉਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਿਰਫ ਸੱਤਾ ਵਿੱਚ ਆਉਣ ਲਈ ਹੀ ਕਾਂਗਰਸ ਵੱਲੋਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਕਾਂਗਰਸ ਇਹ ਦੱਸਣ ਵਿੱਚ ਨਾਕਾਮ ਹੈ ਕਿ 60 ਲੱਖ ਨੌਕਰੀਆਂ ਦਾ ਬੰਦੋਬਸਤ ਉਸ ਵੱਲੋਂ ਕਿਵੇਂ ਕੀਤਾ ਜਾਵੇਗਾ। 

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦਾ ਸੁਨਹਿਰੀ ਮੌਕਾ ਲੋਕਾਂ ਦੇ ਹੱਥ ਵਿੱਚ ਹੈ। ਉਨਾਂ ਕਿਹਾ ਕਿ ਕਾਂਗਰਸ ਨੂੰ ਵੋਟਾਂ ਪਾਉਣ ਦਾ ਸਿੱਧਾ ਮਤਲਬ ਅਕਾਲੀ ਦਲ ਨੂੰ ਜਿਤਾਉਣਾ ਹੈ।  ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਨਾਂ ਭ੍ਰਿਸ਼ਟਾਚਾਰੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਸੂਬੇ ਵਿੱਚ ਆਮ ਲੋਕਾਂ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। 

Please Click here for Share This News

Leave a Reply

Your email address will not be published. Required fields are marked *