ਚੰਡੀਗੜ• 5 ਦਸੰਬਰ: ਪੰਜਾਬ ਵਿਜੀਲੈਸ ਬਿਊਰੋ ਵੱਲੋ ਅੱਜ ਸਿਵਲ ਸਰਜਨ ਦਫਤਰ, ਬਰਨਾਲਾ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ (ਐਫ.ਐਸ.ਓ) ਅਭਿਨਵ ਖੋਸਲਾ ਅਤੇ ਇਸੇ ਦਫਤਰ ਵਿਖੇ ਤਾਇਨਾਤ ਡਰਾਈਵਰ ਜਗਪਾਲ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਇਸੇ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਰਾਜ ਕੁਮਾਰ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਫ.ਐਸ.ਓ ਅਤੇ ਡਰਾਈਵਰ ਨੂੰ ਸ਼ਿਕਾਇਤਕਰਤਾ ਰਿਸਵ ਜੈਨ, ਵਾਸੀ ਚੌੜਾ ਮੋਰਚਾ, ਜਿਲਾ ਬਰਨਾਲਾ ਦੀ ਸ਼ਿਕਾਇਤ ‘ਤੇ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਿੰਡ ਸੰਘੇੜਾ ਵਿਖੇ ਕੰਨਫੈਕਸ਼ਨਰੀ ਦਾ ਕਾਰੋਬਾਰ ਹੈ ਅਤੇ ਉਕਤ ਡੀ.ਐਚ.ਓ, ਐਫ.ਐਸ.ਓ ਅਤੇ ਡਰਾਈਵਰ ਵਲੋਂ ਉਸ ਦੀ ਦੁਕਾਨ ਵਿਚ ਟੋਫੀਆਂ/ਗੋਲੀਆਂ ਦੇ ਭਰੇ ਗਏ ਨਮੂਨਿਆਂ ਨੂੰ ਲੈਬਾਰਟਰੀ ਵਿਚ ਟੈਸਟਿੰਗ ਲਈ ਨਾ ਭੇਜਣ ਬਦਲੇ 50,000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ। ਸਿਕਾਇਤਕਰਤਾ ਨੇ ਕਿਹਾ ਕਿ ਉਸ ਵਲੋ ਪਹਿਲਾਂ ਹੀ ਉਕਤ ਦੋਸ਼ੀਆਂ ਨੂੰ 50,000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।
ਵਿਜੀਲੈਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ੀ ਐਫ.ਐਸ.ਓ ਅਤੇ ਡਰਾਈਵਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਦਿਆਂ ਦਬੋਚ ਲਿਆ ਅਤੇ ਇਸ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਵਿਜੀਲੈਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।