best platform for news and views

ਵਾਅਦਿਆਂ ਤੋਂ ਕਮਜ਼ੋਰ ਪੈ ਰਹੀ ਕੈਪਟਨ ਸਰਕਾਰ

Please Click here for Share This News

ਚੰਡੀਗੜ੍ਹ, 09 ਸਤੰਬਰ- ਸ਼੍ਰੌਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਦੀ ਛੇ ਮਹੀਨੇ ਦੀ ਮਾੜੀ ਕਾਰਗੁਜ਼ਾਰੀ ਬਾਰੇ ਅਤੇ ਇੱਕ ਵੀ ਚੋਣ ਵਾਅਦਾ ਪੂਰਾ ਨਾ ਕਰਨ ਬਾਰੇ ਅਕਾਲੀ ਦਲ ਵੱਲੋਂ ਕੀਤੇ ਖੁਲਾਸਿਆਂ ਮਗਰੋਂ ਅਜੇ ਵੀ ਕੈਪਟਨ ਸਰਕਾਰ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਲਈ ਝੂਠ ਅਤੇ ਫਰੇਬ ਦਾ ਸਹਾਰਾ ਲੈ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਖਾਂ ਬੰਦ ਕਰਨ ਨਾਲ ਸੱਚਾਈ ਉੱਤੇ ਪਰਦਾ ਨਹੀਂ ਪੈਂਦਾ। ਉਹਨਾਂ ਕਿਹਾ ਕਿ ਨਾ ਹੀ ਸਾਡੀ ਚਾਰਜਸ਼ੀਟ ਨੂੰ ਰੱਦ ਕਰਨ ਲਈ ਅਹੰਕਾਰ ਭਰੇ ਬਿਆਨ ਜਾਰੀ ਕਰਨ ਦਾ ਕੋਈ ਅਸਰ ਹੋਵੇਗਾ। ਤੁਹਾਡੇ ਕੋਲ ਇੱਕ ਮੌਕਾ ਸੀ ਕਿ ਤੁਸੀੰ ਜੋ ਕੁੱਝ ਕੀਤਾ ਹੈ, ਉਸ ਬਾਰੇ ਅੰਕੜੇ ਦੱਸ ਕੇ ਖੁਲਾਸਾ ਕਰ ਦਿੰਦੇ। ਅਫਸੋਸ ਦੀ ਗੱਲ ਹੈ ਕਿ ਤੁਸੀਂ ਕਿਸਾਨੀ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹੋਣ ਦੇ ਦਾਅਵੇ ਕਰਕੇ ਪੰਜਾਬੀਆਂ ਨੂੰ ਸਸ਼ੋਪੰਜ ਵਿਚ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਤੁਸੀਂ ਇੱਕ ਵੀ ਕਿਸਾਨ ਦਾ ਨਾਂ ਨਹੀਂ ਦੱਸ ਸਕੇ, ਜਿਸ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਿਆ ਹੈ। ਕਿਸਾਨਾਂ ਨੇ ਤੁਹਾਡੇ ਬਿਆਨ ਪੜ੍ਹੇ ਹਨ। ਉਹ ਹੁਣ ਜਾਣਦੇ ਹਨ ਕਿ ਇੱਕ ਮਹਾਰਾਜਾ ਵੀ ਝੂਠ ਬੋਲਦਾ ਹੈ।
ਮੁੱਖ ਮੰਤਰੀ ਨੂੰ ਅਕਾਲੀ ਦਲ ਵੱਲੋਂ ਉਠਾਏ ਗਏ ਸਵਾਲਾਂ ਤੋਂ ਨਾ ਭੱਜਣ ਲਈ ਵੰਗਾਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਤੌਰ ਤੇ ਦੱਸਣਾ ਚਾਹੀਦਾ ਹੈ ਕਿ ਕੀ ਇਸ ਸਾਲ ਜਨਵਰੀ ਤੋਂ ਬਾਅਦ ਲਾਭਪਾਤਰੀਆਂ ਲਈ ਬੁਢਾਪਾ ਪੈਨਸ਼ਨ ਜਾਰੀ ਕੀਤੀ ਗਈ ਹੈ ਅਤੇ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਕੀ ਸ਼ਗਨ ਸਕੀਮ ਵੰਡੀ ਗਈ ਹੈ? ਉਹਨਾਂ ਕਿਹਾ ਕਿ ਇਹਨਾਂ ਸਵਾਲਾਂ ਦੇ ਜੁਆਬ ਦੇਣ ਦੀ ਥਾਂ ਮੁੱਖ ਮੰਤਰੀ ਨੇ ਸ਼ਰੇਆਮ ਝੂਠੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਸਮਾਜ ਭਲਾਈ ਦੇ ਸਾਰੇ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ। ਬੁਢਾਪਾ ਪੈਨਸ਼ਨ ਨੂੰ ਵਧਾ ਕੇ 2500 ਰੁਪਏ ਅਤੇ ਸ਼ਗਨ ਸਕੀਮ ਨੂੰ 50 ਹਜ਼ਾਰ ਰੁਪਏ ਕਰਨਾ ਤਾਂ ਭੁੱਲ ਜਾਓ, ਤੁਸੀਂ ਤਾਂ ਇਹਨਾਂ ਸਕੀਮਾਂ ਤਹਿਤ ਬਣਦੀ ਪੁਰਾਣੀ ਰਾਸ਼ੀ ਵੀ ਲਾਭਪਾਤਰੀਆਂ ਨੂੰ ਜਾਰੀ ਕਰ ਦਿਓ।
ਅਕਾਲੀ ਦਲ ਦੇ ਤਰਜਮਾਨ ਨੇ ਕਿਹਾ ਕਿ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਉੱਤੇ ਨੌਜਵਾਨਾਂ ਦਾ ਭਰੋਸਾ ਤੋੜਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਅਤੇ ਫਿਰ ਉਹਨਾਂ ਨੂੰ ਬੇਵਕੂਫ ਬਣਾਉਣ ਝੂਠੀ ਨੌਕਰੀਆਂ ਦੀ ਭਰਤੀ ਸ਼ੁਰੂ ਕਰ ਲਈ। ਸਰਕਾਰ ਤਾਂ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਤੋਂ ਵੀ ਮੁੱਕਰ ਚੁੱਕੀ ਹੈ। ਹੁਣ ਦੱਸੋ ਕਿ ਨੌਜਵਾਨਾਂ ਦੇ ਭਰੋਸੇ ਨੂੰ ਕੌਣ ਤੋੜ ਰਿਹਾ ਹੈ, ਤੁਸੀਂ ਜਾਂ ਅਸੀ?
ਸਰਕਾਰ ਨੂੰ ਵਾਅਦੇ ਨਾ ਪੂਰੇ ਕਰਨ ਲਈ ਬਹਾਨੇ ਘੜਣ ਤੋਂ ਵਰਜਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜਦੋਂ ਕਾਂਗਰਸ ਚੋਣ ਵਾਅਦੇ ਕਰ ਰਹੀ ਸੀ, ਉਸ ਸਮੇਂ ਵੀ ਇਸ ਨੂੰ ਸੂਬੇ ਦੀ ਵਿੱਤੀ ਹਾਲਤ ਬਾਰੇ ਜਾਣਕਾਰੀ ਸੀ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿਚ ਵੀ ਨਾਕਾਮ ਹੋ ਰਹੀ ਹੈ ਤਾਂ ਇਹ ਸਭ ਇਸ ਦੇ  ਕੁਚੱਜੇ ਵਿੱਤੀ ਪ੍ਰਬੰਧ ਦੀ ਵਜ੍ਹਾ ਕਰਕੇ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣਾ ਵਿੱਤੀ ਪ੍ਰਬੰਧ ਨੂੰ ਕਿੰਨੇ ਸੁਚੱਜੇ ਤਰੀਕੇ ਨਾਲ ਚਲਾਇਆ ਸੀ। ਉਸ ਦੀ ਹਾਮੀ ਸੂਬੇ ਦਾ ਹੋਇਆ ਰਿਕਾਰਡ ਤੋੜ ਵਿਕਾਸ ਭਰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਜੀ.ਐਸ.ਡੀ.ਪੀ. ਦੇ ਰੂਪ ਵਿਚ ਸੂਬੇ ਦਾ ਕਰਜ਼ਾ ਵੀ ਘਟਾ ਦਿੱਤਾ ਸੀ ਅਤੇ ਅਜਿਹੀ ਵਿੱਤੀ ਵਿਵਹਾਰਕਤਾ ਦਾ ਸਬੂਤ ਦਿੱਤਾ ਸੀ, ਜਿਸ ਨੂੰ ਵਿੱਤੀ ਕਮਿਸ਼ਨ ਨੇ ਵੀ ਸਰਾਹਿਆ ਸੀ। ਬੁਨਿਆਦੀ ਢਾਂਚਾ ਉਸਾਰਨ ਵਾਸਤੇ ਕਰਜ਼ੇ ਲਏ ਗਏ ਸਨ, ਜੋ ਕਿ ਸਾਰੇ ਪੰਜਾਬੀਆਂ ਨੂੰ ਨਜ਼ਰ ਆਉਂਦਾ ਹੈ ਅਤੇ ਉਸ ਕਰਜ਼ੇ ਦਾ ਵਿਆਜ ਮੋੜਣ ਵਿਚ ਸਰਕਾਰ ਨੇ ਇੱਕ ਵਾਰ ਵੀ ਕੋਤਾਹੀ ਨਹੀਂ ਸੀ ਕੀਤੀ।
ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਇਸ ਲਈ ਸੂਬੇ ਦਾ ਮਾਲੀਆ ਵਧਾਉਣ ਵਿਚ ਨਾਕਾਮ ਸਾਬਿਤ ਹੋਈ ਹੈ, ਕਿਉਂਕਿ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਸਮੇਤ ਮਾਲੀਆ ਜੁਟਾਉਣ ਦੇ ਸਾਰੇ ਸਰੋਤ  ਸ਼ਰਾਬ ਮਾਫੀਆ ਦੇ ਹਵਾਲੇ ਕਰ ਦਿੱਤੇ ਗਏ ਹਨ। ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਹਕੂਮਤ ਦੌਰਾਨ ਸੂਬੇ ਦੀ ਆਪਣੇ ਸਰੋਤਾਂ ਤੋਂ ਆਮਦਨ ਵਿਚ 57 ਫੀਸਦ ਵਾਧਾ ਹੋਇਆ ਸੀ।  ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਜੀਐਸਡੀਪੀ ਵਿਚ 44 ਫੀਸਦ ਵਾਧਾ ਦਰਜ ਕੀਤਾ ਗਿਆ ਸੀ।ਸਾਡੀ ਸਰਕਾਰ ਨੇ ਸੜਕਾਂ ਦਾ ਬੁਨਿਆਦੀ ਢਾਂਚੇ ਉੱਤੇ 37,623 ਕਰੋੜ ਰੁਪਏ ਖਰਚੇ ਸਨ ਜਦਕਿ ਉਸ ਤੋਂ ਪਹਿਲਾਂ ਵਾਲੀ ਕਾਂਗਰਸ ਸਰਕਾਰ ਨੇ ਸਿਰਫ 3277 ਕਰੋੜ ਰੁਪਏ ਖਰਚੇ ਸਨ। ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰੀ ਵਿਕਾਸ ਉੱਤੇ 26,098 ਕਰੋੜ ਰੁਪਏ ਖਰਚੇ ਸਨ,ਜਿਸ ਦੇ ਮੁਕਾਬਲੇ ਕਾਂਗਰਸ ਸਰਕਾਰ 2574 ਕਰੋੜ ਰੁਪਏ ਖਰਚੇ ਸਨ।  ਇਸੇ ਤਰ•ਾਂ ਅਕਾਲੀ ਭਾਜਪਾ ਨੇ ਪਿੰਡਾਂ ਵਿਚ ਪਾਣੀ ਅਤੇ ਸੈਨੀਟੇਸ਼ਨ ਉੱਤੇ 2803 ਕਰੋੜ ਰੁਪਏ ਖਰਚੇ ਸਨ ਜਦਕਿ ਪਿਛਲੀ ਕਾਂਗਰਸ ਸਰਕਾਰ ਨੇ ਸਿਰਫ 667 ਕਰੋੜ ਰੁਪਏ ਖਰਚੇ ਸਨ। ਇਹ ਸਾਰੇ ਅੰਕੜੇ ਜਨਤਾ ਦੇ ਸਾਹਮਣੇ ਪਏ ਹਨ। ਅਸੀਂ ਇਹਨਾਂ ਉੱਤੇ ਬਹਿਸ ਲਈ ਵੀ ਤਿਆਰ ਹਾਂ। ਪਰ ਪਹਿਲਾਂ ਕਾਂਗਰਸ ਨੂੰ ਆਪਣੀਆਂ ਨਾਕਾਮੀਆਂ ਸਵੀਕਾਰ ਕਰਨੀਆਂ ਪੈਣਗੀਆਂ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਲਈ ਪੰਜਾਬੀਆਂ ਤੋਂ ਮੁਆਫੀ ਮੰਗਣੀ ਪਵੇਗੀ।

Please Click here for Share This News

Leave a Reply

Your email address will not be published. Required fields are marked *