best platform for news and views

ਲ਼ੋਕ ਸਭਾ ਉੱਪ ਚੋਣ: ਮੁੱਖ ਮੁਕਾਬਲਾ ਕਾਂਗਰਸ ਅਤੇ ਆਪ ਉਮੀਦਵਾਰ ਵਿਚਕਾਰ

Please Click here for Share This News

ਭਾਜਪਾ ਉਮੀਦਵਾਰ ਛੀਨਾ ਲੜਾਈ ਚੋਂ ਹੋਏ ਬਾਹਰ

ਰਾਜਨ ਮਾਨ
ਅੰਮ੍ਰਿਤਸਰ 28 ਜਨਵਰੀ – ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਹੋਣ ਜਾ ਰਹੀ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਉਪਕਾਰ ਸਿੰਘ ਸੰਧੂ ਵਿਚਕਾਰ ਬਣ ਗਿਆ ਹੈ, ਜਦ ਕਿ ਭਾਜਪਾ ਅਤੇ ਅਕਾਲੀ ਦੇ ਸਾਂਝੇ ਉਮੀਦਵਾਰ ਰਜਿੰਦਰਮੋਹਨ ਸਿੰਘ ਛੀਨਾ ਲੜਾਈ ਵਿੱਚੋਂ ਬਾਹਰ ਨਜ਼ਰ ਆ ਰਹੇ ਹਨ।
ਹੁਣ ਜਦੋਂ ਵੋਟਾਂ ਪੈਣ ਵਿੱਚ ਮਹਿਜ 6 ਦਿਨ ਬਚੇ ਹਨ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।ਇਹ ਪਹਿਲੀ ਵਾਰ ਹੈ ਕਿ ਇਸ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਲੜਾਈ ਵਿੱਚੋਂ ਬਾਹਰ ਹੋ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਵਾਸਤੇ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੇ ਵੀ ਸ੍ਰੀ ਛੀਨਾ ਨੂੰ ਰੱਬ ਦੇ ਰਹਿਮੋਕਰਮ ‘ਤੇ ਛੱਡ ਦਿੱਤਾ ਹੈ।


ਕਾਂਗਰਸ ਅਤੇ ਆਪ ਦੀ ਦੇ ਉਮੀਦਵਾਰਾਂ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ । ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ , ਜਿਨ੍ਹਾਂ ਨੂੰ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ । ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਲੋਕ ਸਭਾ ਸੀਟ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਹੋ ਰਹੀ ਇਸ ਉਪ ਚੋਣ ਵਿੱਚ ਭਾਜਪਾ ਨੇ ਕੋਈ ਕਦਵਾਰ ਉਮੀਦਵਾਰ ਮੈਦਾਨ ਵਿੱਚ ਉਤਾਰਨ ਦੀ ਬਜਾਏ ਛੀਨਾ ਨੂੰ ਮੈਦਾਨ ਵਿੱਚ ਉਤਾਰ ਕੇ ਪਹਿਲਾਂ ਹੀ ਹੱਥ ਖੜੇ ਕਰਨ ਦਾ ਸੰਕੇਤ ਦੇ ਦਿੱਤਾ ਸੀ। ਨੋਟਬੰਦੀ ਕਾਰਨ ਪਹਿਲਾਂ ਹੀ ਲੋਕਾਂ ਦੇ ਮਨਾਂ ਵਿੱਚ ਭਾਜਪਾ ਪ੍ਰਤੀ ਕਾਫੀ ਰੋਅ ਪਾਇਆ ਜਾ ਰਿਹਾ ਹੈ ਅਤੇ ਦੁਸਰਾ ਕਮਜ਼ੋਰ ਉਮੀਦਵਾਰ ਉਤਾਰ ਕੇ ਭਾਜਪਾ ਨੇ ਇੱਕ ਹੋਰ ਗਲਤੀ ਕੀਤੀ ਹੈ। ਲੋਕਾਂ ਵਿੱਚ ਭਾਜਪਾ ਵਿਰੁੱਧ ਪਾਏ ਜਾ ਰਹੇ ਰੋਸ ਅਤੇ ਲੋਕ ਆਧਾਰ ਨਾ ਹੋਣ ਕਾਰਨ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਹੁਣ ਛੀਨਾ ਤੋਂ ਕੰਨੀ ਕਤਰਾਈ ਜਾ ਰਹੀ ਹੈ। ਭਾਜਪਾ ਉਮੀਦਵਾਰ ਪੂਰੀ ਤਰ੍ਹਾਂ ਅਕਾਲੀ ਦਲ ਦੇ ਕੁੱਛਣ ਚੜ੍ਹ ਕੇ ਚੋਣ ਲੜ ਰਹੇ ਸਨ ਪਰ ਹਾਲ ਦੀ ਘੜੀ ਹਾਲਾਤ ਇਹ ਨਜ਼ਰ ਆ ਰਹੇ ਹਨ ਕਿ ਅਕਾਲੀ ਦਲ ਵੱਲੋਂ ਵੀ ਛੀਨਾ ਨੂੰ ਕੁੱਛੜੋਂ ਉਤਾਰ ਦਿੱਤਾ ਗਿਆ ਹੈ।
ਇਸ ਲੋਕ ਸਭਾ ਹਲਕੇ ਤੇ ਸੰਨ 1966, ਜਦੋਂ ਤੋਂ ਪੰਜਾਬ ਸੂਬੇ ਦਾ ਮੁੜ ਨਿਰਮਾਣ ਹੋਇਆ ਹੈ, ਜਿਆਦਾਤਰ ਕਾਂਗਰਸ ਦਾ ਕਬਜਾ ਰਿਹਾ ਹੈ। ਸੰਨ 1966 ‘ਚ ਅਕਾਲੀ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਦਾਦਾ ਸ: ਸੁਰਜੀਤ ਸਿੰਘ ਮਜੀਠੀਆ ਇੱਥੋਂ ਕਾਂਗਰਸੀ ਟਿਕਟ ‘ਤੇ ਐੱਮ. ਪੀ. ਚੁਣੇ ਗਏ ਸਨ। ਉਸ ਤੋਂ ਬਾਅਦ ਇਥੋਂ ਕਾਂਗਰਸ ਦੇ ਦੁਰਗਾ ਦਾਸ ਭਾਟੀਆ ਚੋਣ ਜਿੱਤੇ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਛੋਟੇ ਭਰਾ ਰਘੂਨੰਦਨ ਲਾਲ ਭਾਟੀਆ ਨੇ ਜਿਤ ਪ੍ਰਾਪਤ ਕੀਤੀ। ਸੰਨ ’77 ‘ਚ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਲਦੇਵ ਪ੍ਰਕਾਸ਼ ਚੋਣ ਜਿੱਤੇ। ਫਿਰ 1980 ਤੇ ੍ਹ ’84 ‘ਚ ਕਾਂਗਰਸ ਦੇ ਸ੍ਰੀ ਭਾਟੀਆ ਇਸ ਸੀਟ ‘ਤੇ ਕਾਬਜ਼ ਰਹੇ । ਸੰਨ 1989 ‘ਚ ਇੱਥੋਂ ਜਨਤਾ ਪਾਰਟੀ ਦੇ ਉਮੀਦਵਾਰ ਸ: ਕ੍ਰਿਪਾਲ ਸਿੰਘ ਜੇਤੂ ਰਹੇ ਪਰ ਸੰਨ 1991 ‘ਚ ਮੁੜ ਕਾਂਗਰਸ ਦੇ ਸ੍ਰੀ ਭਾਟੀਆ ਚੋਣ ਜਿੱਤੇ। ਫਿਰ1996 ‘ਚ ਭਾਜਪਾ ਦੇ ਦਯਾ ਸਿੰਘ ਸੋਢੀ ਨੇ ਭਾਟੀਆ ਨੂੰ ਹਰਾਇਆ ਪਰ ’99 ‘ਚ ਦੁਬਾਰਾ ਭਾਟੀਆ ਚੋਣ ਜਿੱਤ ਗਏ। ਸੰਨ 2004 ਤੋਂ 2007 ਅਤੇ 2009 ‘ਚ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਚੋਣ ਜਿੱਤੇ।  ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੀਨੀਅਰ ਆਗੁ ਅਰੁਣ ਜੇਤਲੀ ਨੂੰ ਇੱਕ ਲੱਖ ਤੋਂ ਵੱਧ ਫ਼ਰਕ ਨਾਲ ਹਰਾਇਆ ਸੀ।
ਇਸ ਕਬਜ਼ੇ ਨੂੰ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਤੋੜਦੇ ਹੋਏ ਤਿੰਨ ਵਾਰ ਜਿੱਤ ਪ੍ਰਾਪਤ ਕਰਕੇ ਭਾਜਪਾ ਦੇ ਪੈਰ ਲਵਾਏ ਸਨ। ਸਿੱਧੂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਭਾਜਪਾ ਮੁੜ ਪਹਿਲਾਂ ਦੀ ਤਰ੍ਹਾਂ ਇਸ ਹਲਕੇ ਤੋਂ ਆਪਣਾ ਅਧਿਕਾਰ ਖੋਂਹਦੀ ਨਜ਼ਰ ਆ ਰਹੀ ਹੈ। ਭਾਜਪਾ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਵਾਦ-ਵਿਵਾਦ ਵਿੱਚ ਚੱਲੇ ਆ ਰਹੇ ਹਨ। ਖਾਲਸਾ ਕਾਲਜ ਗਵਰਨਿੰਗ ਕੌਂਸਲ ਵਿੱਚ ਆਨਰੇਰੀ ਸਕੱਤਰ ਹੋਣ ਕਾਰਨ ਛੀਨਾ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਖਾਲਸਾ ਯੂਨੀਵਰਸੀਟੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਵੀ ਛੀਨੇ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੀਆਂ ਸਨ। ਆਪਣੀ ਸਰਕਾਰ ਹੋਣ ਕਾਰਨ ਯੂਨੀਵਰਸੀਟੀ ਲਈ ਤਾਂ ਸ੍ਰੀ ਛੀਨਾ ਨੇ ਮਨਜੂਰੀ ਲੈ ਲਈ ਪਰ ਲੋਕਾਂ ਅੰਦਰ ਪੈਦਾ ਹੋਇਆ ਗੁੱਸਾ ਅਜੇ ਤੱਕ ਠੰਡਾ ਨਹੀਂ ਹੋਇਆ , ਲੋਕਾਂ ਵੱਲੋਂ ਖਾਲਸਾ ਕਾਲਜ ਦੀ ਜ਼ਮੀਨ ‘ਤੇ ਬਣਾਈ ਇਸ ਯੂਨੀਵਰਸਿਟੀ ਦਾ ਗੁੱਸਾ ਵੋਟਾਂ ਦੇ ਰੂਪ ਵਿੱਚ ਕੱਢਿਆ ਜਾਣਾ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ (ਰਜਿ.) ਦੇ ਪ੍ਰਧਾਨ ਸ੍ਰ ਬਵਦੇਵ ਸਿੰਘ ਸਿਰਸਾ ਨੇ ਛੀਨਾ ‘ਤੇ ਕਥਿਤ 30 ਕਰੋੜ ਦੀ ਸਰਕਾਰੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ  ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਸਕੈਂਡਲ ਨੂੰ ਅੰਜ਼ਾਮ ਦੇਣ ਵਾਲੇ ਛੀਨਾ ਤੇ ਸਾਰੇ ਅਧਿਕਾਰੀਆ ਤੇ ਹੋਰ ਦੋਸ਼ੀ ਵਿਅਕਤੀਆ ਦੇ ਖਿਲਾਫ 420 ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਭਾਜਪਾ ਉਮੀਦਵਾਰ ਦੀਆਂ ਦਿਨੋ ਦਿਨ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਲੋਕ ਰੋਹ ਦੇ ਨਾਲ ਨਾਲ ਭਾਜਪਾ ਉਮੀਦਵਾਰ ਨੂੰ ਆਪਣੇ ਵਿਰੋਧੀ ਕਾਂਗਰਸ ਅਤੇ ਆਪ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਵੀ ਜਵਾਬ ਦੇਣਾ ਪੈ ਰਿਹਾ ਹੈ । ਹਾਲ ਦੀ ਘੜੀ ਛੀਨਾ ਦਾ ਪੈਂਡਾ ਬਿਖਰਾ ਹੋ ਗਿਆ ਹੈ। ਆਪ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਛੀਨਾ ਵੱਲੋਂ ਖਾਲਸਾ ਕਾਲਜ ਮੈਨੇਜਮੈਂਟ ਅਧੀਨ ਆਉਂਦੇ ਕਾਲਜ ਅਤੇ ਸਕੂਲਾਂ ਦੇ ਸਟਾਫ ਨੂੰ ਜਬਰੀ ਵਿਦਿਆਰਥੀਆਂ ਦੇ ਘਰਾਂ ਵਿੱਚ ਭੇਜ ਕੇ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ, ਸ: ਸੰਧੂ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਆਪਣੇ ਸਿਆਸੀ ਲਾਹੇ ਲਈ ਇਸ ਵਿਦਿਅਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੜਾਈ ਵਿੱਚੋਂ ਬਾਹਰ ਹੋ ਜਾਣ ਦੀ ਬੁਖਲਾਹਟ ਵਿੱਚ ਆ ਕੇ ਛੀਨਾ ਵੱਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।

Please Click here for Share This News

Leave a Reply

Your email address will not be published. Required fields are marked *