best platform for news and views

ਲੰਬੀ ਹਲਕੇ ਤੋਂ ਕੈਪਟਨ ਨੂੰ ਬਲਦੀ ਅੱਗ ਵਿਚ ਸੁੱਟਣ ਲਈ ਬਾਜਵਾ ਧੜਾ ਪੱਬਾਂਭਾਰ-ਕੈਪਟਨ ਦੇ ਆਕਾ ਬਚਾਅ ਲਈ ਕਰ ਰਹੇ ਨੇ ਯਤਨ

Please Click here for Share This News

ਨਿਰਮਲ ਸਾਧਾਂਵਾਲੀਆ

ਚੰਡੀਗੜ੍ਹ : ਆਗਾਮੀ ਵਿਧਾਨ ਸਭਾ ਚੋਣਾ ਲਈ ਪੰਜਾਬ ਦਾ ਚੋਣ ਅਖਾੜਾ ਪੂਰੀ ਤਰਾਂ ਭਖ ਚੁੱਕਾ ਹੈ ਅਤੇ ਪ੍ਰਮੁੱਖ ਤਿੰਨ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਵਲੋਂ ਬਹੁਤੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਨਿੱਜੀ ਹਲਕੇ ਲੰਬੀ ਤੋਂ ਜਰਨੈਲ ਸਿੰਘ ਨੂੰ ਮੈਦਾਨ ਵਿਚ ਉਤਾਰਨ ਅਤੇ ਇਸ ਦਾ ਧੂੰਆਂਧਾਰ ਪ੍ਰਚਾਰ ਕਰਨ ਪਿਛੋਂ ਪੰਜਾਬ ਦੀਆਂ ਨਜaਰਾਂ ਕਾਂਗਰਸ ਵਲੋਂ ਲੰਬੀ ਹਲਕੇ ਲਈ ਉਮੀਦਵਾਰ ਐਲਾਨੇ ਜਾਣ ‘ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਵਲੋਂ ਬਾਦਲ ਨੂੰ ਨਿੱਜੀ ਹਲਕੇ ਵਿਚੋਂ ਹਰਾਉਣ ਦੇ ਐਲਾਨ ਪਿਛੋਂ ਕਾਂਗਰਸ ਪਾਰਟੀ ਦਾ ਇਕ ਧੜਾ ਵੀ ਇਸ ਹੱਕ ਵਿਚ ਜੋਰ ਲਗਾਉਣ ਲੱਗ ਪਿਆ ਹੈ ਕਿ ਇਸ ਹਲਕੇ ਵਿਚ ਕਾਂਗਰਸ ਵਲੋਂ ਵੀ ਮਜਬੂਤ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਹੈ। ਇਸ ਮੌਕੇ ਦਾ ਲਾਹਾ ਲੈਣ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਪ੍ਰਧਾਨ ਰਹਿ ਚੁੱਕੇ ਪ੍ਰਤਾਪ ਸਿੰਘ ਬਾਜਵਾ ਪੱਖੀ ਆਗੂਆਂ ਵਲੋਂ ਪ੍ਰਕਾਸ ਸਿੰਘ ਬਾਦਲ ਖਿਲਾਫ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਨ ਲਈ ਜੋਰ ਲਾ ਕੇ ਇਕ ਤੀਰ ਨਾਲ ਦੋ ਨਿਸਾਨੇ ਲਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਵਿਚ ਬੈਠੇ ਪ੍ਰਤਾਪ ਸਿੰਘ ਬਾਜਵਾ ਦੇ ਆਕਾਵਾਂ ਵਲੋਂ ਜੋਰ ਲਾਇਆ ਜਾ ਰਿਹਾ ਹੈ ਕਿ ਲੰਬੀ ਹਲਕੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਜਾਵੇ। ਇਸ ਨਾਲ ਜਿਥੇ ਪੰਜਾਬ ਦੇ ਕਾਂਗਰਸੀ ਵਰਕਰਾਂ ਵਿਚ ਉਤਸaਾਹ ਪੈਦਾ ਹੋਵੇਗਾ ਅਤੇ ਆਮ ਆਦਮੀ ਵਾਂਗ ਕਾਂਗਰਸ ਪਾਰਟੀ ਵੀ ਪ੍ਰਚਾਰ ਕਰ ਸਕੇਗੀ ਕਿ ਅਗਲੀਆਂ ਚੋਣਾ ਵਿਚ ਕਾਂਗਰਸ ਪਾਰਟੀ ਰਾਜ ਵਿਚ ਅਕਾਲੀ ਦਲ ਨਾਲ ਡਟ ਕੇ ਮੱਥਾ ਲਾ ਰਹੀ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਲਈ ਇਕ ਹੋਰ ਇਮਤਿਹਾਨ ਪੈਦਾ ਕੀਤਾ ਜਾ ਸਕੇਗਾ। ਕਿਉਂਕਿ ਬਾਜਵਾ ਦੇ ਸੁਭਚਿੰਤਕ ਨਹੀਂ ਚਾਹੁੰਦੇ ਕਿ ਜੇਕਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਇਸ ਲਈ ਉਹ ਸਮਝਦੇ ਹਨ ਕਿ ਪ੍ਰਕਾਸ ਸਿੰਘ ਬਾਦਲ ਨੂੰ ਲੰਬੀ ਵਿਚੋਂ ਹਰਾਉਣਾ ਕੋਈ ਛੋਟੀ ਗੱਲ ਨਹੀਂ। ਇਸ ਲਈ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਵਿਚ ਬਾਦਲ ਖਿਲਾਫ ਚੋਣ ਹਾਰ ਜਾਂਦੇ ਹਨ ਤਾਂ ਉਨ੍ਹਾਂ ਦੀ ਪੰਜਾਬ ਕਾਂਗਰਸ ਵਿਚ ਚੜ੍ਹਤ ਅੱਧੀ ਰਹਿ ਜਾਵੇਗੀ। ਇਸ ਹਾਲਤ ਵਿਚ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਲਈ ਦਾਅਵੇਦਾਰੀ ਵੀ ਲਗਪਗ ਖਤਮ ਹੋ ਜਾਵੇਗੀ। ਇਸ ਧਿਰ ਦੇ ਆਗੂਆਂ ਦੀ ਇਹ ਵੀ ਦਲੀਲ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਵਿਚ ਪ੍ਰਕਾਸ ਸਿੰਘ ਬਾਦਲ ਖਿਲਾਫ ਚੋਣ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਵਲੋਂ ਕੈਪਟਨ ਅਤੇ ਬਾਦਲ ਦੀ ਅੰਦਰੂਨੀ ਸਾਂਝ ਦੇ ਪ੍ਰਚਾਰ ਨੂੰ ਵੀ ਢਾਹ ਲੱਗੇਗੀ, ਜਿਸਦਾ ਪੰਜਾਬ ਵਿਚ ਕਾਂਗਰਸ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ।
ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਵਿਚ ਬੈਠੇ ਕੈਪਟਨ ਅਮਰਿੰਦਰ ਸਿੰਘ ਦੇ ਆਕਾ ਇਨ੍ਹਾਂ ਯਤਨਾਂ ਨੂੰ ਫਲ ਪੈਣ ਤੋਂ ਰੋਕਣ ਦੀ ਪੂਰੀ ਵਾਹ ਲਗਾ ਰਹੇ ਹਨ। ਕੈਪਟਨ ਪੱਖੀ ਨੇਤਾ ਸਾਰੀ ਸਥਿੱਤੀ ਨੂੰ ਭਲੀਭਾਂਤ ਸਮਝਦੇ ਹਨ ਕਿ ਕੈਪਟਨ ਲਈ ਲੰਬੀ ਤੋਂ ਚੋਣ ਲੜਨੀ ਸਭ ਤੋਂ ਵੱਡਾ ਰਿਸਕ ਹੈ। ਕੈਪਟਨ ਅਮਰਿੰਦਰ ਸਿੰਘ ਵੀ ਇਹ ਭਲੀ ਭਾਂਤ ਜਾਣਦੇ ਹਨ ਕਿ ਇਹ ਫੈਸਲਾ ਉਨ੍ਹਾਂ ਦੀ ਰਾਜਸੀ ਜਿੰਦਗੀ ਲਈ ਬੇਹੱਦ ਸੰਕਟਦਾਇਕ ਹੋਵੇਗਾ। ਭਾਵੇਂ ਉਨ੍ਹਾਂ ਲਈ ਬਾਦਲ ਨੂੰ ਹਰਾ ਕੇ ਚੋਣ ਜਿੱਤਣਾ ਵੱਡੀ ਪ੍ਰਾਪਤੀ ਵੀ ਹੋ ਸਕਦਾ ਹੈ, ਪਰ ਇਸ ਦੀਆਂ ਸੰਭਾਵਨਾਵਾਂ ਘੱਟ ਹੀ ਨਜਰ ਆ ਰਹੀਆਂ ਹਨ। ਇਸ ਲਈ ਕੈਪਟਨ ਪੱਖੀ ਆਗੂਆਂ ਦੀ ਦਲੀਲ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਸਾਰਾ ਧਿਆਨ ਇਸੇ ਹਲਕੇ ਵਿਚ ਸਿਮਟ ਕੇ ਰਹਿ ਜਾਵੇਗਾ ਅਤੇ ਉਹ ਪੰਜਾਬ ਦੇ ਬਾਕੀ ਹਲਕਿਆਂ ਵਿਚ ਸਮਾਂ ਨਹੀਂ ਦੇ ਸਕਣਗੇ।
ਇਸ ਸਬੰਧੀ ਰਾਇ ਜਾਨਣ ਲਈ ਜਦੋਂ ਸ੍ਰੀ ਪ੍ਰਤਾਪ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ ਅਤੇ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਨੇ ਇੰਨਾ ਜਰੂਰ ਕਿਹਾ ਕਿ ਕਾਂਗਰਸ ਪਾਰਟੀ ਨੂੰ ਪ੍ਰਕਾਸ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਤਿੰਨਾ ਖਿਲਾਫ ਹੀ ਵੱਡੇ ਚਿਹਰੇ ਮੈਦਾਨ ਵਿਚ ਉਤਾਰਨੇ ਚਾਹੀਦੇ ਹਨ, ਪਰ ਪੰਜਾਬ ਤੋਂ ਬਾਹਰ ਦਾ ਕੋਈ ਚਿਹਰਾ ਅਸਰਦਾਰ ਨਹੀਂ ਹੋ ਸਕਦਾ।
ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਅਤੇ ਹਾਲਾਤ ਕਿਸ ਪਾਸੇ ਕਰਵਟ ਲੈਂਦੇ ਹਨ, ਇਹ ਅਗਲੇ ਕੁੱਝ ਦਿਨਾਂ ਵਿਚ ਸਾਫ ਹੋ ਜਾਵੇਗਾ, ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੀਨੀਅਰ ਆਗੂਆਂ ਲਈ ਕੰਡੇ ਜਰੂਰ ਬੀਜ ਦਿੱਤੇ ਹਨ ਕਿਉਂਕਿ ਹੁਣ ਤੱਕ ਦੇ ਪੰਜਾਬ ਇਤਿਹਾਸ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਦੀ ਇਹੀ ਪਿਰਤ ਰਹੀ ਹੈ ਕਿ ਉਹ ਹਮੇਸਾਂ ਇਕ ਦੂਜੇ ਖਿਲਾਫ ਕਮਜੋਰ ਉਮੀਦਵਾਰ ਹੀ ਮੈਦਾਨ ਵਿਚ ਉਤਾਰਦੀਆਂ ਰਹੀਆਂ ਹਨ, ਪਰ ਇਸ ਵਾਰ ਵੋਟਰ ਉਨ੍ਹਾਂ ਤੋਂ ਇਸ ਰਵਾਇਤ ਦਾ ਜਵਾਬ ਮੰਗਣ ਲੱਗ ਪਏ ਹਨ।

Please Click here for Share This News

Leave a Reply

Your email address will not be published.