ਚੰਡੀਗੜ੍ਹ : ਵਿਧਾਨ ਸਭਾ ਚੋਣਾ ਵਿਚ ਹਿੱਸਾ ਲੈਣ ਲਈ ਅੱਜ ਜਿਥੇ ਅਕਾਲੀ ਦਲ ਦੇ ਇਕ ਆਗੂ ਨੂੰ ਵੱਡੀ ਰਾਹਤ ਮਿਲੀ ਹੈ, Tਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਨੂੰ ਝਟਕਾ ਲੱਗਾ ਹੈ। ਅੱਜ ਜਿਥੇ ਸੁਪਰੀਮ ਕੋਰਟ ਨੇ ਸੀਨੀਅਰ ਅਕਾਲੀ ਆਗੂ ਅਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਰਾਹਤ ਦਿੰਦਿਆਂ ਵਿਧਾਨ ਸਭਾ ਚੋਣ ਲੜਨ ਦੀ ਇਜਾਜਤ ਦੇ ਦਿੱਤੀ ਹੈ, ਉਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਵੋਟ ਕੱਟੇ ਜਾਣ ਕਾਰਨ ਉਹ ਚੋਣਾ ਤੋਂ ਬਾਹਰ ਹੋ ਗਏ ਹਨ। ਅਕਾਲੀ ਦਲ ਦੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ ਮੁਹਾਲੀ ਦੀ ਇਕ ਅਦਾਲਤ ਵਿਚ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕਰਨ ਦਾ ਮਾਮਲਾ ਚੱਲ ਰਿਹਾ ਸੀ, ਜਿਸ ਵਿਚ ਅਦਾਲਤ ਨੇ ਸ੍ਰੀ ਲੰਗਾਹ ਨੂੰ ਤਿੰਨ ਸਾਲ ਕੈਦ ਦੀ ਸਜਾ ਸੁਣਾ ਦਿੱਤੀ ਸੀ। ਸ੍ਰੀ ਲੰਗਾਹ ਨੇ ਇਸ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਰਜੀ ਦਾਇਰ ਕਰਕੇ ਹੇਠਲੀ ਅਦਾਲਤ ਦੇ ਫੈਸਲੇ ਤੇ ਰੋਕ ਲਾਉਣ ਅਤੇ ਵਿਧਾਨ ਸਭਾ ਚੋਣਾ ਵਿਚ ਹਿੱਸਾ ਲੈਣ ਦੀ ਇਜਾਜਤ ਦੇਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਸ੍ਰੀ ਲੰਗਾਹ ਦੀ ਇਹ ਅਰਜੀ ਖਾਰਜ ਕਰ ਦਿੱਤੀ ਸੀ। ਸ੍ਰੀ ਲੰਗਾਹ ਨੇ ਇਸ ਸਬੰਧੀ ਸੁਪਰੀਮ ਕੋਰਟ ਵਿਚ ਅਰਜੀ ਦਾਖਲ ਕੀਤੀ ਸੀ ਅਤੇ ਅੱਜ ਸੁਪਰੀਮ ਕੋਰਟ ਨੇ ਸ੍ਰੀ ਲੰਗਾਹ ਨੂੰ ਵਿਧਾਨ ਸਭਾ ਚੋਣਾ ਵਿਚ ਹਿੱਸਾ ਲੈਣ ਦੀ ਇਜਾਜਤ ਦੇ ਦਿੱਤੀ ਹੈ।
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਜਲੰਧਰ ਦੇ ਸੀਨੀਅਰ ਆਗੂ ਅਵਤਾਰ ਹੈਨਰੀ ਖਿਲਾਫ ਚੱਲ ਰਹੇ ਦੋਹਰੀ ਨਾਗਰਿਕਤਾ ਦੇ ਮਾਮਲੇ ਵਿਚ ਉਨ੍ਹਾਂ ਦੀ ਵੋਟ ਕੱਟ ਦਿੱਤੀ ਗਈ ਹੈ। ਜਲੰਧਰ ਉਤਰੀ ਦੇ ਰਿਟਰਨਿੰਗ ਅਫਸਰ ਨੇ ਸ੍ਰੀ ਹੈਨਰੀ ਦੀ ਵੋਟ ਰੱਦ ਕਰ ਦਿੱਤੀ ਹੈ, ਜਿਸ ਪਿਛੋਂ ਹੁਣ ਸ੍ਰੀ ਹੈਨਰੀ ਵਿਧਾਨ ਸਭਾ ਚੋਣ ਨਹੀਂ ਲੜ ਸਕਣਗੇ। ਸ੍ਰੀ ਹੈਨਰੀ ਜਲੰਧਰ ਉਤਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ।