best platform for news and views

“ਲੌਂਗੋਵਾਲ ’ਚ ਕੁਲ ਹਿੰਦ ਜਮਹੂਰੀ ਨੌਜਵਾਨ ਸਭਾ ਦਾ ਕੌਮੀ ਸੰਮੇਲਨ ਸ਼ੁਰੂ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ)
ਲੌਂਗੋਵਾਲ ਵਿੱਚ ਕੁਲ ਹਿੰਦ ਜਮਹੂਰੀ ਨੌਜਵਾਨ ਸਭਾ ਦਾ ਤਿੰਨ ਰੋਜ਼ਾ ਕੌਮੀ ਸੰਮੇਲਨ ਸ਼ੁਰੂ ਹੋ ਗਿਆ ਹੈ। ਕੌਮੀ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਰਾਜਸਥਾਨ, ਉਤਰ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਤਿਲੰਗਾਨਾ, ਪੰਜਾਬ ਆਦਿ ਤੋਂ ਡੈਲੀਗੇਟ ਭਾਗ ਲੈ ਰਹੇ ਹਨ। ਕੌਮੀ ਸੰਮੇਲਨ ਦੇ ਸ਼ੁਰੂ ਵਿੱਚ ਜਥੇਬੰਦੀ ਦੇ ਕੌਮੀ ਪ੍ਰਧਾਨ ਸਾਥੀ ਅਸੋਕ ਵਾਰੰਗਲ ਨੇ ਨਾਅਰਿਆਂ ਦੀ ਗੂੰਜ ਵਿੱਚ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਤਿਲੰਗਾਨਾ ਦੇ ਨੌਜਵਾਨ ਸਾਥੀਆਂ ਨੇ ਝੰਡੇ ਦਾ ਗੀਤ ਪੇਸ਼ ਕੀਤਾ ਅਤੇ ਇਸ ਮਗਰੋਂ ਡੈਲੀਗੇਟ ਸਾਥੀਆਂ ਨੇ ਸ਼ਹੀਦੀ ਸਮਾਰਕ ’ਤੇ ਫੁੱਲ ਚੜ੍ਹਾਉਂਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਤਿੰਨ ਰੋਜ਼ਾ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਕੁਲ ਹਿੰਦ ਜਮਹੂਰੀ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਦੇਸ਼ ਦੀਆਂ ਅਗਾਂਹਵਧੂ, ਜਮਹੂਰੀ ਤੇ ਲੋਕ ਪੱਖੀ ਸ਼ਕਤੀਆਂ ਨੂੰ ਇੱਕਜੁੱਟ ਹੋ ਕੇ ਫਾਸ਼ੀਵਾਦੀ ਅਤੇ ਪੂੰਜੀਵਾਦੀ ਤਾਕਤਾਂ ਖ਼ਿਲਾਫ਼ ਸਾਂਝਾ ਮੰਚ ਉਸਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਉਨ੍ਹਾਂ ਦੇ ਇਨਕਲਾਬੀ ਸਾਥੀਆਂ ਨੂੰ ਅੱਜ ਦੇ ਸਮੇਂ ਵਿੱਚ ਇਹੋ ਇਨਕਲਾਬੀ ਸ਼ਰਧਾਂਜਲੀ ਹੋਵੇਗੀ। ਇਸ ਮਗਰੋਂ ਸ਼ਹੀਦ ਊਧਮ ਸਿੰਘ ਹਾਲ ਵਿਚ ਇਨਕਲਾਬੀ ਕਾਨਫਰੰਸ ਹੋਈ, ਜਿਸਦੀ ਪ੍ਰਧਾਨਗੀ ਕੁਲ ਹਿੰਦ ਜਮਹੂਰੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜਨਾਲ ਵੱਲੋਂ ਕੀਤੀ ਗਈ। ਮੰਚ ’ਤੇ ਅਸ਼ੋਕ ਵਾਰੰਗਲ, ਵਰਿੰਦਰ ਚੌਧਰੀ ਰਾਜਸਥਾਨ, ਕਰਾਂਤੀ ਨਰੈਣ ਸਿੰਘ ਉਤਰ ਪ੍ਰਦੇਸ਼, ਰਾਜਾ ਬਾਬੂ ਬਿਹਾਰ, ਸੁਧਾਕਰ ਆਂਧਰਾ ਪ੍ਰਦੇਸ਼, ਸ਼ਾਹਜਾਹ ਕੇਰਲਾ, ਆਰੂਲ ਤਾਮਿਲਨਾਡੂ ਅਤੇ ਰਵੀ ਤਿਲੰਗਾਨਾ ਮੌਜੂਦ ਸਨ। ਬੁਲਾਰਿਆਂ ਨੇ ਕਿਹਾ ਕਿ ਇਨਕਲਾਬੀ ਨਿਸ਼ਾਨੇ ਦੀ ਪੂਰਤੀ ਲਈ ਸਾਰੀਆਂ ਅਗਾਂਹਵਧੂ ਤੇ ਜਮਹੂਰੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Please Click here for Share This News

Leave a Reply

Your email address will not be published. Required fields are marked *