ਭੰਬਲਭੂਸੇ ਦੀ ਸਿਆਸਤ: 400 ਮਨਪ੍ਰੀਤ, 300 ਜਰਨੈਲ ਤੇ ਦਰਜਨ ਭਰ ਭਗਵੰਤ
ਬਠਿੰਡਾ : ਹਾਕਮ ਗੱਠਜੋੜ ਨੇ ਲੋਕਾਂ ‘ਚ ਭੁਲੇਖਾ ਖੜਾ ਕਰਨ ਲਈ ‘ਭਗਵੰਤ’, ‘ਜਰਨੈਲ’ ਤੇ ‘ਮਨਪ੍ਰੀਤ’ ਨਾਵਾਂ ਵਾਲੇ ਉਮੀਦਵਾਰ ਲੱਭੇ ਹਨ। ਸੂਤਰ ਦੱਸਦੇ ਹਨ ਕਿ ਹਾਕਮ ਧਿਰ ਇਹ ਪੈਂਤੜਾ ਅਪਣਾ ਰਹੀ ਹੈ ਕਿ ਖਾਸ ਹਲਕਿਆਂ ਵਿਚ ਵਿਰੋਧੀ ਉਮੀਦਵਾਰਾਂ ਦੇ ਨਾਮ ਵਾਲੇ ਵੋਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਠੀਕ ਉਵੇਂ ਜਿਵੇਂ ਲੋਕ ਸਭਾ ਚੋਣਾਂ ਵਿਚ ਮਨਪ੍ਰੀਤ ਬਾਦਲ ਦੇ ਬਰਾਬਰ ਅਜ਼ਾਦ ਉਮੀਦਵਾਰ ਵਜੋਂ ਪਿੰਡ ਬਾਦਲ ਦੇ ਹੀ ਇੱਕ ਹੋਰ ਮਨਪ੍ਰੀਤ ਸਿੰਘ ਨੂੰ ਚੋਣ ਲੜਾਈ ਗਈ ਸੀ। ਇਸੇ ਫ਼ਾਰਮੂਲਾ ਨੂੰ ਵਿਧਾਨ ਸਭਾ ਚੋਣਾਂ ਵਿਚ ਅਪਣਾਇਆ ਜਾਣਾ ਹੈ।
ਸੂਤਰਾਂ ਅਨੁਸਾਰ ਬਠਿੰਡਾ ਸ਼ਹਿਰੀ ਹਲਕੇ ਵਿਚ 400 ‘ਮਨਪ੍ਰੀਤ’ ਲੱਭੇ ਗਏ ਹਨ ਪ੍ਰੰਤੂ ਅਜਿਹਾ ਕੋਈ ਵੋਟਰ ਨਹੀਂ ਲੱਭਾ ਹੈ ਜਿਸ ਦੇ ਪਿਤਾ ਦਾ ਨਾਮ ਵੀ ਗੁਰਦਾਸ ਸਿੰਘ ਹੋਵੇ। ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਐਤਕੀਂ ਵੋਟਿੰਗ ਮਸ਼ੀਨਾਂ ਉਪਰ ਉਮੀਦਵਾਰ ਦੀ ਤਸਵੀਰ ਵੀ ਲੱਗਣੀ ਹੈ। ਸੂਤਰ ਦੱਸਦੇ ਹਨ ਕਿ ਹਲਕਾ ਜਲਾਲਾਬਾਦ ਵਿਚ ਹਾਕਮ ਧਿਰ ਨੇ 12 ‘ਭਗਵੰਤ’ ਲੱਭੇ ਹਨ। ਜਲਾਲਾਬਾਦ ਹਲਕੇ ਦੀ ਵੋਟਰ ਸੂਚੀ ਵਿਚ ਭਗਵੰਤ ਨਾਮ ਦੇ ਦਰਜਨ ਵੋਟਰ ਹਨ ਜਿਨ੍ਹਾਂ ’ਚੋਂ ਕਿਸੇ ਨੂੰ ਵੀ ਅਜ਼ਾਦ ਉਮੀਦਵਾਰ ਵਜੋਂ ਚੋਣ ਵਿਚ ਸੱਤਾਧਾਰੀ ਧਿਰ ਉਤਾਰ ਸਕਦੀ ਹੈ। ‘ਆਪ’ ਦੇ ਭਗਵੰਤ ਮਾਨ ਦੇ ਵੋਟ ਬੈਂਕ ਨੂੰ ਕਾਟ ਲਾਉਣ ਲਈ ਅਜਿਹਾ ਫ਼ਾਰਮੂਲਾ ਘੜਿਆ ਜਾ ਰਿਹਾ ਹੈ।
ਐਮ.ਪੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਏਦਾਂ ਦੀ ਨੀਵੀਂ ਅਤੇ ਹੋਛੀ ਸਿਆਸਤ ’ਤੇ ਉੱਤਰ ਆਇਆ ਹੈ ਪਰ ‘ਆਪ’ ਜਲਾਲਾਬਾਦ ਵਿਚ ‘ਸੁਖਬੀਰ’ ਨਹੀਂ ਲੱਭੇਗੀ। ਦੇਖਿਆ ਜਾਵੇ ਤਾਂ ਬਠਿੰਡਾ ਸ਼ਹਿਰੀ ਹਲਕੇ ਵਿਚ 33 ‘ਸਰੂਪ’ ਵੀ ਹਨ ਜਿਨ੍ਹਾਂ ਨੂੰ ਕਾਂਗਰਸ ਬਰਾਬਰ ਪੈਂਤੜੇ ਵਜੋਂ ਖੜਾ ਕਰ ਸਕਦੀ ਹੈ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਦਾ ਕਹਿਣਾ ਸੀ ਕਿ ਅਕਾਲੀ ਦਲ ਦੀ ਏਦਾਂ ਦੀ ਕਦੇ ਕੋਈ ਰਣਨੀਤੀ ਨਹੀਂ ਰਹੀ ਹੈ ਅਤੇ ਇਹ ਵਿਰੋਧੀਆਂ ਵਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਤੇ ‘ਆਪ’ ਆਪਣੀ ਮਾੜੀ ਪੁਜ਼ੀਸ਼ਨ ਨੂੰ ਦੇਖਦੇ ਹੋਏ ਏਦਾਂ ਦਾ ਗਲਤ ਪ੍ਰਚਾਰ ਕਰ ਰਹੀ ਹੈ। ਦੱਸਣਯੋਗ ਹੈ ਕਿ 11 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਜਾਣਾ ਹੈ। ਸੂਤਰ ਦੱਸਦੇ ਹਨ ਕਿ ਹਲਕਾ ਲੰਬੀ ਦੀ ਵੋਟਰ ਸੂਚੀ ਵਿਚ ਵੀ ‘ਜਰਨੈਲ’ ਨਾਮ ਵਾਲੇ 311 ਵੋਟਰ ਹਨ ਅਤੇ ‘ਪ੍ਰਕਾਸ਼’ ਨਾਮ ਵੋਟਰਾਂ ਦੀ ਗਿਣਤੀ 82 ਹੈ। ‘ਆਪ’ ਵਲੋਂ ਇਸ ਹਲਕੇ ਵਿਚ ਜਰਨੈਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਰਾਮਪੁਰਾ ਹਲਕੇ ਵਿਚ ਹਾਕਮ ਧਿਰ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਹਨ ਅਤੇ ਇਸ ਹਲਕੇ ਦੀ ਵੋਟਰ ਸੂਚੀ ਵਿਚ ਵੀ ‘ਸਿਕੰਦਰ’ ਨਾਮ ਵਾਲੇ 264 ਵੋਟਰ ਹਨ। ਆਉਂਦੇ ਦਿਨਾਂ ਵਿਚ ਏਦਾ ਦੀ ਸਿਆਸਤ ਜੋੜ ਫੜੇਗੀ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਝੁੰਬਾ ਦਾ ਕਹਿਣਾ ਸੀ ਕਿ ਵੋਟਰ ਹੁਣ ਏਨੇ ਸਮਝਦਾਰ ਹੋ ਚੁੱਕੇ ਹਨ ਕਿ ਹਾਕਮ ਧਿਰ ਦੀ ਹਰ ਚਾਲ ਫੇਲ੍ਹ ਹੋਵੇਗੀ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਅਕਾਲੀ ਦਲ ਨੇ ਆਪਣੀ ਹਾਰ ਮੰਨ ਲਈ ਹੈ। ਬਠਿੰਡਾ ਜ਼ਿਲੇ ਵਿਚ ਕਰੀਬ ਤਿੰਨ ਸੌ ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨਜਿਥੇ ਕੇਂਦਰੀ ਬਲਾਂ ਦੀ ਤਾਇਨਾਤੀ ਹੋਵੇਗੀ। ਜ਼ਿਲਾ ਚੋਣ ਅਫ਼ਸਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਬਠਿੰਡਾ ਜ਼ਿਲੇ ਵਿੱਚ ਕੁੱਲ 1051 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ’ਚੋਂ 296 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ। ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ, ਨਾਜ਼ੁਕ ਅਤੇ ਆਮ ਪੋਲਿੰਗ ਸਟੇਸ਼ਨਾਂ ਵਿਚ ਵੰਡਿਆ ਗਿਆ ਹੈ। ਸੰਵੇਦਨਸ਼ੀਲ ਅਤੇ ਨਾਜ਼ੁਕ ਚੋਣ ਥਾਵਾਂ ‘ਤੇ ਕ੍ਰਮਵਾਰ ਪ੍ਰਤੀ ਹਲਕਾ ਅਤੇ ਪੁਲੀਸ ਸਟੇਸ਼ਨ ਚਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
(we are thankful to punjabi tribune)