
ਰਾਜਨ ਮਾਨ
ਅੰਮ੍ਰਿਤਸਰ, 14 ਜਨਵਰੀ
ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਮੈਦਾਨ ‘ਚ ਉਤਾਰੇ ਗਏ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਲੋਕ ਆਧਾਰ ਨਾ ਹੋਣ ਕਾਰਨ ਸਿਰਫ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹਕੇ ਹੀ ਚੋਣ ਲੜਣਗੇ। ਭਾਜਪਾ ਕੋਲ ਕੋਈ ਕੱਦਵਾਰ ਆਗੂ ਨਾ ਹੋਣ ਕਾਰਨ ਪਾਰਟੀ ਨੇ ਛੀਨਾ ਨੂੰ ਟਿਕਟ ਦੇ ਕੇ ਅੱਕ ਚੱਬਿਆ ਹੈ।
ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਕੋਲੋਂ ਬੁਰੀ ਤਰ੍ਹਾ ਹਾਰੇ ਛੀਨਾ ਨੂੰ ਪਾਰਟੀ ਨੇ ਲੋਕ ਸਭਾ ਵਿੱਚ ਕਿਸਮਤ ਅਜ਼ਮਮਾਈ ਲਈ ਉਤਾਰਿਆ ਹੈ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕਾ ਅੰਮ੍ਰਿਤਸਰ (ਪੱਛਮੀ) ਤੋਂ ਉਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਅਤੇ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਤੋਂ ਕਰਾਰੀ ਹਾਰ ਮਿਲੀ ਸੀ। ਫਿਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਨਵਜੋਤ ਸਿੱਧੂ ਵੀ ਇਹਨਾਂ ਦੇ ਹਲਕੇ ਚੋਂ ਵੱਡੇ ਫਰਕ ਨਾਲ ਹਾਰੇ ਸਨ। ਭਾਜਪਾ ਵਲੋਂ ਛੀਨਾ ਨੂੰ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਲਾਇਆ ਤਾਂ ਸਿੱਧੂ ਨੇ ਇਸਦਾ ਵਿਰੋਧ ਕਰਕੇ ਉਹਨਾਂ ਨੂੰ ਚੇਅਰਮੈਨੀ ਤੋਂ ਹਟਵਾਇਆ ਸੀ। ਉਹ ਸਾਬਕਾ ਕ੍ਰਿਕਟਰ, ਟੀ. ਵੀ. ਸਟਾਰ ਅਤੇ ਸਾਬਕਾ ਸੰਸਦ ਨਵਜੋਤ ਸਿੰਘ ਸਿੱਧੂ ਦੇ ਕੱਟੜ ਵਿਰੋਧੀਆਂ ‘ਚੋਂ ਇਕ ਮੰਨ੍ਹੇ ਜਾਂਦੇ ਹਨ। ਛੀਨਾ ਹਮੇਸ਼ਾਂ ਹੀ ਕਿਸੇ ਨਾ ਕਿਸੇ ਮਾਮਲੇ ਵਿੱਚ ਵਿਵਾਦਾਂ ਵਿੱਚ ਹੀ ਰਹੇ ਹਨ। ਖਾਲਸਾ ਕਾਲਜ ਗਵਰਨਿੰਗ ਕੋਂਸਲ ਵਿੱਚ ਹੋਣ ਕਾਰਨ ਉਹ ਹਮੇਸ਼ਾ ਵਿਵਾਦਾਂ ਵਿੱਚ ਰਹੇ । ਖ਼ਾਲਸਾ ਯੂਨੀਵਰਸਿਟੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਵਿਰੁੱਧ ਲੋਕ ਸੜਕਾਂ ਤੇ ਆਏ ਸਨ। ਵੱਖ ਵੱਖ ਸਿਆਸੀ ਪਾਰਟੀਆਂ,ਕਿਸਾਨ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਛੀਨਾ ਵਿਰੁੱਧ ਖਾਲਸਾ ਕਾਲਜ ਤੇ ਕਥਿਤ ਕਬਜ਼ਾ ਕਰਨ ਦੇ ਦੋਸ਼ ਲਾ ਕੇ ਸੰਘਰਸ਼ ਕੀਤਾ ਗਿਆ।
ਛੀਨਾ ਨੂੰ ਭਾਜਪਾ ਨੇ ਉਮੀਦਵਾਰ ਬਣਾ ਕੇ ਪਹਿਲਾਂ ਹੀ ਵਿਰੋਧੀਆਂ ਅੱਗੇ ਗੋਡੇ ਟੇਕ ਦਿੱਤੇ ਹਨ । ਛੀਨਾ ਦਾ ਲੋਕ ਸਭਾ ਹਲਕੇ ਅੰਦਰ ਕੋਈ ਜ਼ਿਆਦਾ ਲੋਕ ਆਧਾਰ ਨਹੀਂ ਹੈ। ਉਹ ਸਿਰਫ ਅਕਾਲੀ ਦਲ ਦੀ ਬੇੜੀ ਵਿੱਚ ਸਵਾਰ ਹੋਕੇ ਦਰਿਆ ਪਾਰ ਕਰਨ ਦੀ ਤਾਕ ਵਿੱਚ ਹਨ ਜੋ ਕਿ ਸੰਭਵ ਨਜ਼ਰ ਨਹੀਂ ਆ ਰਿਹਾ। ਭਾਜਪਾ ਤੇ ਅਕਾਲੀ ਦਲ ਵਿਰੁੱਧ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਇਹਨਾਂ ਨੂੰ ਹੋਣਾ ਪਵੇਗਾ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਅਕਾਲੀ ਦਲ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਏ ਜਾਣ ਦੇ ਬਾਵਜੂਦ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਨੂੰ ਬੁਰੀ ਤਰ੍ਹਾਂ ਹਰਾ ਕੇ ਦਿੱਲੀ ਵਾਪਸ ਤੋਰ ਦਿੱਤਾ ਸੀ ਅਤੇ ਛੀਨਾ ਤਾਂ ਪਹਿਲਾਂ ਹੀ ਵਿਵਾਦਤ ਹਨ। ਖਾਲਸਾ ਯੂਨੀਵਰਸਿਟੀ ਦੇ ਮਾਮਲੇ ਸਬੰਧੀ ਪਹਿਲਾਂ ਹੀ ਲੋਕ ਇਹਨਾਂ ਦੇ ਖਿਲਾਫ ਹਨ। ਨੋਟਬੰਦੀ ਕਾਰਨ ਵੀ ਲੋਕ ਭਾਜਪਾ ਦੇ ਵਿਰੋਧ ਵਿੱਚ ਹਨ। ਅਕਾਲੀ ਸਰਕਾਰ ਦੀਆਂ ਕਾਰਗੁਜਾਰੀਆਂ ਤੋਂ ਦੁਖੀ ਲੋਕਾਂ ਨੇ ਪਹਿਲਾਂ ਹੀ ਭਾਜਪਾ ਦੇ ਆਗੂ ਸ਼੍ਰੀ ਜੇਤਲੀ ਨੂੰ ਅੰਮ੍ਰਿਤਸਰ ਤੋਂ ਬਦਰੰਗ ਵਾਪਿਸ ਭੇਜਕੇ ਗੁੱਸੇ ਦਾ ਸਬੂਤ ਦੇ ਦਿੱਤਾ ਹੈ। ਅੱਜ ਵੀ ਲੋਕ ਸਰਕਾਰ ਤੋਂ ਤੰਗ ਨਜ਼ਰ ਆ ਰਹੇ ਹਨ। ਛੀਨਾ ਪਹਿਲਾਂ ਹੀ ਵਿਵਾਦਤ ਆਗੂ ਹਨ ਅਤੇ ਦੂਸਰਾ ਲੋਕ ਆਧਾਰ ਦੀ ਘਾਟ ਤੇ ਤੀਸਰਾ ਭਾਜਪਾ ਤੇ ਅਕਾਲੀ ਦਲ ਵਿਰੁੱਧ ਗੁੱਸਾ ਇਹ ਸਭ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ। ਛੀਨਾ ਨੂੰ ਭਾਜਪਾ ਦੇ ਅੰਦਰ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪਵੇਗਾ। ਵਪਾਰੀ ਵਰਗ ਪਹਿਲਾਂ ਹੀ ਭਾਜਪਾ ਵਿਰੁੱਧ ਕਮਰਕੱਸੇ ਕਰੀ ਬੈਠਾ ਹੈ। ਆਉਣ ਵਾਲੇ ਦਿਨਾਂ ਵਿੱਚ ਖਾਲਸਾ ਕਾਲਜ ਦਾ ਮਾਮਲਾ ਵੀ ਭੱਖ ਸਕਦਾ ਹੈ।
ਛੀਨਾ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਮੈਦਾਨ ਵਿੱਚ ਉਤਾਰੇ ਗਏ ਨੌਜਵਾਨ ਆਗੂ ਗੁਰਜੀਤ ਸਿੰਘ ਔਜਲਾ ਦਾ ਵੱਡਾ ਲੋਕ ਆਧਾਰ ਹੈ। ਉਹ ਪਿਛਲੇ ਪੰਦਰਾਂ ਸਾਲਾਂ ਤੋਂ ਲੋਕਾਂ ਨਾਲ ਵਿਚਰਦੇ ਆ ਰਹੇ ਹਨ। ਔਜਲਾ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਕੌਂਸਲਰ ਦੀ ਚੋਣ ਜਿੱਤੇ ਤੇ ਫਿਰ ਪਾਰਟੀ ਅੰਦਰ ਵੱਖ ਵੱਖ ਅਹੁਦਿਆਂ ਤੇ ਕੰਮ ਕਰਦੇ ਰਹੇ। ਉਹ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਚਲੇ ਆ ਰਹੇ ਹਨ। ਔਜਲਾ ਦਾ ਪੇਂਡੂ ਖੇਤਰ ਦੇ ਨਾਲ ਨਾਲ ਸ਼ਹਿਰੀ ਖੇਤਰ ਵਿੱਚ ਵੀ ਚੰਗਾ ਪ੍ਰਭਾਵ ਹੈ। ਔਜਲਾ ਨੂੰ ਲੋਕਾਂ ਵਿੱਚ ਵਿਚਰਨ ਵਾਲਾ ਆਗੂ ਮੰਨਿਆ ਜਾ ਰਿਹਾ ਹੈ ਜਦਕਿ ਛੀਨਾ ਨੂੰ ਆਮ ਲੋਕ ਜਾਣਦੇ ਤੱਕ ਵੀ ਨਹੀਂ ਹਨ।
ਇਸ ਲੋਕ ਸਭਾ ਹਲਕੇ ਤੇ ਸੰਨ 1966, ਜਦੋਂ ਤੋਂ ਪੰਜਾਬ ਸੂਬੇ ਦਾ ਮੁੜ ਨਿਰਮਾਣ ਹੋਇਆ ਹੈ, ਜਿਆਦਾਤਰ ਕਾਂਗਰਸ ਦਾ ਕਬਜਾ ਰਿਹਾ ਹੈ। ਸੰਨ 1966 ‘ਚ ਅਕਾਲੀ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਦਾਦਾ ਸ: ਸੁਰਜੀਤ ਸਿੰਘ ਮਜੀਠੀਆ ਇੱਥੋਂ ਕਾਂਗਰਸੀ ਟਿਕਟ ‘ਤੇ ਐੱਮ. ਪੀ. ਚੁਣੇ ਗਏ ਸਨ। ਉਸ ਤੋਂ ਬਾਅਦ ਇਥੋਂ ਕਾਂਗਰਸ ਦੇ ਦੁਰਗਾ ਦਾਸ ਭਾਟੀਆ ਚੋਣ ਜਿੱਤੇ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਛੋਟੇ ਭਰਾ ਰਘੂਨੰਦਨ ਲਾਲ ਭਾਟੀਆ ਨੇ ਜਿਤ ਪ੍ਰਾਪਤ ਕੀਤੀ। ਸੰਨ ’77 ‘ਚ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਲਦੇਵ ਪ੍ਰਕਾਸ਼ ਚੋਣ ਜਿੱਤੇ। ਫਿਰ 1980 ਤੇ ੍ਹ ’84 ‘ਚ ਕਾਂਗਰਸ ਦੇ ਸ੍ਰੀ ਭਾਟੀਆ ਇਸ ਸੀਟ ‘ਤੇ ਕਾਬਜ਼ ਰਹੇ । ਸੰਨ 1989 ‘ਚ ਇੱਥੋਂ ਜਨਤਾ ਪਾਰਟੀ ਦੇ ਉਮੀਦਵਾਰ ਸ: ਕ੍ਰਿਪਾਲ ਸਿੰਘ ਜੇਤੂ ਰਹੇ ਪਰ ਸੰਨ 1991 ‘ਚ ਮੁੜ ਕਾਂਗਰਸ ਦੇ ਸ੍ਰੀ ਭਾਟੀਆ ਚੋਣ ਜਿੱਤੇ। ਫਿਰ1996 ‘ਚ ਭਾਜਪਾ ਦੇ ਦਯਾ ਸਿੰਘ ਸੋਢੀ ਨੇ ਭਾਟੀਆ ਨੂੰ ਹਰਾਇਆ ਪਰ ’99 ‘ਚ ਦੁਬਾਰਾ ਭਾਟੀਆ ਚੋਣ ਜਿੱਤ ਗਏ। ਸੰਨ 2004 ਤੋਂ 2007 ਅਤੇ 2009 ‘ਚ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਚੋਣ ਜਿੱਤੇ। ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੀਨੀਅਰ ਆਗੁ ਅਰੁਣ ਜੇਤਲੀ ਨੂੰ ਇੱਕ ਲੱਖ ਤੋਂ ਵੱਧ ਫ਼ਰਕ ਨਾਲ ਹਰਾਇਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪਾਣੀਆਂ ਦੇ ਮਾਮਲੇ ‘ਚ ਅਸਤੀਫ਼ਾ ਦਿੱਤੇ ਜਾਣ ਕਾਰਣ ਇਸ ਸੀਟ ਖਾਲੀ ਹੋਈ ਸੀਟ ਲਈ ਜ਼ਿਮਨੀ ਚੋਣ ਹੋ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਵੀ ਇਸ ਹਲਕੇ ਤੋਂ ਆਪਣਾ ਉਮੀਦਵਾਰ ਉਤਾਰਿਆ ਜਾ ਰਿਹਾ ਹੈ। ਜੇਕਰ ਆਪ ਵਲੋਂ ਕੋਈ ਵੱਡੇ ਕੱਦ ਵਾਲਾ ਵਿਅਕਤੀ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਭਾਜਪਾ ਉਮੀਦਵਾਰ ਛੀਨਾ ਲੜਾਈ ਵਿਚੋਂ ਹੀ ਬਾਹਰ ਹੋ ਜਾਂਦੇ ਹਨ ਅਤੇ ਮੁਕਾਬਲਾ ਕਾਂਗਰਸ ਤੇ ਆਪ ਦੇ ਉਮੀਦਵਾਰ ਵਿਚਕਾਰ ਹੀ ਰਹਿ ਜਾਵੇਗਾ।