
ਸਮਾਜ ਵਿਚ ਵਿਚਰਦਿਆਂ ਜੇਕਰ ਇੱਜਤ ਚਾਹੁੰਦੇ ਹੋ, ਸ਼ੋਹਰਤ ਚਾਹੁੰਦੇ ਹੋ, ਜੇ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪਸੰਦ ਕਰਨ, ਜੇ ਚਾਹੁੰਦੇ ਹੋ ਕਿ ਤੁਹਾਡਾ ਹਰ ਮਹਿਫਲ ਵਿਚ ਸਵਾਗਤ ਹੋਵੇ ਤਾਂ ਇਕ ਨੁਕਤਾ ਯਾਦ ਰੱਖੋ ਕਿ ਕਿਸੇ ਦਾ ਦਿਲ ਨਾ ਦੁਖਾਓ। ਦਿਲ ਕਦੋਂ ਦੁਖਦਾ ਹੈ, ਜਦੋਂ ਅਸੀਂ ਅਲੋਚਨਾ ਜਾਂ ਨੁਕਤਾਚੀਨੀ ਕਰਦੇ ਹਾਂ ਜਾਂ ਫਿਰ ਕਿਸੇ ਮਜਾਕ ਦਾ ਮੌਜੂ ਬਣਾਉਂਦੇ ਹਾਂ। ਜਦੋਂ ਅਸੀਂ ਕਿਸੇ ਦੀ ਆਲੋਚਨਾ ਜਾਂ ਨਿੰਦਾ ਕਰ ਰਹੇ ਹੁੰਦੇ ਹਾਂ ਤਾਂ ਇਹ ਜਰੂਰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪ ਕਿਸੇ ਨਾ ਕਿਸੇ ਕਾਰਨ ਸਾੜੇ ਦੀ ਅੱਗ ਵਿਚ ਜਲ ਰਹੇ ਹੁੰਦੇ ਹਾਂ। ਕਿਸੇ ਦੀ ਸਫਲਤਾ ਨੂੰ ਸਹਿਣ ਕਰਨ ਤੋਂ ਮੁਨਕਰ ਹੋ ਰਹੇ ਹੁੰਦੇ ਹਾਂ। ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਲੋਕ ਅਕਸਰ ਆਲੋਚਨਾ ਦਾ ਸਹਾਰਾ ਲੈਂਦੇ ਹਨ। ਇਹ ਬਿਮਾਰੀ ਹਰ ਥਾਂ ਕਿੱਤੇ ਅਤੇ ਘਰਾਂ ਵਿਚ ਪਾਈ ਜਾ ਸਕਦੀ ਹੈ। ਆਲੋਚਕ ਵਕਤੀ ਤੌਰ ‘ਤੇ ਤਾਂ ਥੋੜੀ ਤਸੱਲੀ ਮਹਿਸੂਸ ਕਰ ਸਕਦਾ ਹੈ, ਪਰ ਉਸਦੀ ਸਖਸ਼ੀਅਤ ਦੂਜਿਆਂ ਦੀ ਨਜ਼ਰ ਵਿਚ ਤਾਰ-ਤਾਰ ਹੋ ਜਾਂਦੀ ਹੈ। ਜਦੋਂ ਤੁਸੀਂ ਦੂਜਿਆਂ ਦੀ ਆਲੋਚਨਾ ਕਰਦੇ ਹੋ ਤਾਂ ਉਨ੍ਹਾਂ ਦੇ ਦਿਲ ਵਿਚ ਨਫਰਤ ਪੈਦਾ ਕਰ ਲੈਂਦੇ ਹੋ। ਇਸ ਤਰਾਂ ਜਦੋਂ ਕੋਈ ਕਿਸੇ ਦਾ ਮਜਾਕ ਉਡਾਉਂਦਾ ਹੈ ਤਾਂ ਉਹ ਦੂਜੇ ਦਾ ਦਿਲ ਦੁਖਾ ਰਿਹਾ ਹੁੰਦਾ ਹੈ ਅਤੇ ਜਿਸਦਾ ਕੋਈ ਦਿਲ ਦੁਖਾਉਂਦਾ ਹੈ ਤਾਂ ਉਸਦਾ ਦਿਲ ਕਿਵੇਂ ਜਿੱਤ ਸਕਦਾ ਹੈ। ਸਕੂਲ ਵਿਚ ਪੜ੍ਹਦੇ ਹੋਏ ਵੀ ਜਿਸ ਮੁੰਡੇ ਨੇ ਮੈਨੂੰ ਮਜਾਕ ਦਾ ਮੌਜੂ ਬਣਾਉਣ ਦੀ ਕੋਸ਼ਿਸ਼ ਕੀਤੀ, ਉਸਨੂੰ ਮੈਂ 35-40 ਵਰ੍ਹੇ ਬਾਅਦ ਵੀ ਨਹੀਂ ਭੁੱਲ ਸਕਿਆ। ਮੈਂ ਇਕ ਵਾਰ ਇਕ ਚੋਣ ਕਮੇਟੀ ਦਾ ਮੈਂਬਰ ਸੀ, ਤਾਂ ਮੇਰੇ ਸਾਹਮਣੇ ਇਕ ਅਜਿਹਾ ਉਮੀਦਵਾਰ ਆਇਆ, ਜਿਸਨੂੰ ਮੈਂ ਕੁੱਝ ਵਰ੍ਹੇ ਪਹਿਲਾਂ ਮੇਰੀ ਗੱਲ ਉੱਤੇ ਵਿਅੰਗਮਈ ਮੁਸਕਰਾਉਂਦੇ ਹੋਏ ਦੇਖਿਆ ਸੀ ਅਤੇ ਮੈਂ ਉਸਨੂੰ ਮੁਆਫ ਨਹੀਂ ਕਰ ਸਕਿਆ। ਹੁਣ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਇਸ ਤਰਾਂ ਦੀਆਂ ਹਰਕਤਾਂ ਤੁਹਾਡੀ ਸਖਸ਼ੀਅਤ ਦੇ ਪ੍ਰਭਾਵ ਨੂੰ ਸਿਰਫ ਘਟਾਉਂਦੀਆਂ ਹੀ ਨਹੀਂ ਬਲਕਿ ਤੁਹਾਡੇ ਪ੍ਰਤੀ ਦੂਜਿਾਂ ਦੇ ਵਿਵਹਾਰ ਨੂੰ ਨਾਕਾਰਾਤਮਕ ਬਣਾਉਂਦੀਆਂ ਹਨ। ਕਿਸੇ ਉੱਪਰ ਹੱਸ ਹੱਸ ਕੇ ਤੁਸੀਂ ਉਸਨੂੰ ਨੀਚਾ ਗਿਰਾਉਣਾ ਚਾਹੁੰਦੇ ਹੋ ਅਤੇ ਜਿਸਨੂੰ ਤੁਸੀਂ ਆਪਣੇ ਆਪ ਤੋਂ ਹੇਠਾਂ ਗਿਰਾਉਂਦੇ ਹੋ ਉਸਦੇ ਦਿਲ ਵਿਚ ਉੱਚੀ ਜਗ੍ਹਾ ਕਿਵੇਂ ਬਣਾ ਸਕੋਗੇ।
ਤੁਹਾਡੀ ਜ਼ੁਬਾਨ ਵਿਚੋਂ ਬਾਣ ਨਹੀਂ ਬਾਣੀ ਨਿਕਲਣੀ ਚਾਹੀਦੀ ਹੈ। ਜ਼ੁਬਾਨ ‘ਤੇ ਕਾਬੂ ਰੱਖੋ, ਸੋਚ ਕੇ ਬੋਲੋ, ਮਿੱਠਾ ਬੋਲੋ, ਸਹੀ ਬੋਲੋ, ਸਮੇਂ ਅਨੁਸਾਰ ਬੋਲੋ। ਯਾਦ ਰੱਖੋ ਕਈ ਯੁੱਧਾਂ ਦਾ ਮੁੱਢ ਇਕੋ ਸ਼ਬਦ ਨਾਲ ਹੋਇਆ ਹੈ। ਸਿਆਣਾ ਆਦਮੀ ਆਪਣੇ ਸ਼ਬਦਾਂ ਨੂੰ ਸੁਣਿਆਰ ਦੀ ਤੱਕੜੀ ‘ਤੇ ਤੋਲ ਕੇ ਬੋਲਦਾ ਹੈ। ਬਿਨ੍ਹਾਂ ਸੋਚੇ ਬੋਲਣਾ ਉਸੇ ਤਰਾਂ ਹੁੰਦਾ ਹੈ, ਜਿਵੇਂ ਬਿਨਾਂ ਨਿਸ਼ਾਨੇ ਦੇ ਤੀਰ ਛੱਡਣਾ। ਸਿਆਣੇ ਆਖਦੇ ਹਨ ਕਿ ਸੌ ਵਾਰ ਸੁਣੋ, ਹਜਾਰ ਵਾਰ ਸੋਚੋ, ਪਰ ਬੋਲੋ ਇਕ ਵਾਰ ਹੀ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪਿਆਰ ਕਰਨ ਅਤੇ ਤੁਹਾਡਾ ਸਤਿਕਾਰ ਕਰਨ ਤਾਂ ਮੂੰਹ ਵਿਚੋਂ ਮਿੱਠੀ ਬਾਣੀ ਉਚਾਰੋ ਨਾ ਕਿ ਸ਼ਬਦਾਂ ਦੇ ਅਜਿਹੇ ਬਾਣ ਛੱਡੋ, ਜੋ ਸੁਣਨ ਵਾਲੇ ਦਾ ਸੀਨਾ ਛਲਣੀ ਕਰ ਦੇਣ।