best platform for news and views

ਲੀਡਰਾਂ ਦੇ ਲਾਰਿਆਂ ਤੋਂ ਅੱਕੇ ਲੋਕ ਕਰਨ ਲੱਗੇ ਸਲਾਹ-ਮਸ਼ਵਰੇ

Please Click here for Share This News

ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਵਿਚ ਨਵੀਂ ਸਰਕਾਰ ਬਣਾਉਣ ਲਈ ਹੋ
ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ
ਉਮੀਦਵਾਰ ਖੜ੍ਹੇ ਕਰਕੇ ਚੋਣਾਂ ਜਿੱਤਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਦੂਜੇ
ਪਾਸੇ ਲੋਕ ਸਭਾ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੇ ਵੋਟਰਾਂ ਵੱਲੋਂ ਪਰ ਤੋਲਣੇ ਸ਼ੁਰੂ
ਕਰ ਦਿੱਤੇ ਗਏ ਹਨ। ਇਹਨਾਂ ਲੀਡਰਾਂ ਦੀ ਚੋਣ ਕਰਨ ਲਈ ਵੋਟਰਾਂ ਵੱਲੋਂ ਸ਼ਹਿਰਾਂ ਦੇ
ਮਹੁੱਲਿਆਂ ਤੇ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਦਿਨ-ਰਾਤ ਸਲਾਹ ਮਸ਼ਵਰੇ ਇਸ ਕਰਕੇ
ਕੀਤੇ ਜਾ ਰਹੇ ਹਨ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਪਿੰਡਾਂ ਵਿਚ ਆਉਣ ਦੀ ਬਜਾਏ ਦਿੱਲੀ
ਵਿਚ ਹੀ ਡੇਰੇ ਲਾ ਕੇ ਬੈਠ ਜਾਂਦੇ ਹਨ। ਨਵੇਂ ਚੁਣੇ ਜਾਂਦੇ ਲੋਕ ਸਭਾ ਮੈਂਬਰਾਂ ਦੀ ਆਦਤ
ਤੋਂ ਵੋਟਰ ਭਾਰੀ ਪ੍ਰੇਸ਼ਾਨ ਹਨ, ਕਿਉਂਕਿ ਇਹ ਲੀਡਰ ਦੇਸ਼ ਵਿਚ ਵੱਧ ਰਹੀ ਬੇਰੋਜਗਾਰੀ,
ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ, ਮਾਰੂ ਨਸ਼ਿਆਂ ਆਦਿ ਅਲਾਮਤਾਂ ਨੂੰ ਰੋਕਣ ਦੀ ਬਜਾਏ ਮੂਕ
ਦਰਸ਼ਕ ਬਣ ਜਾਂਦੇ ਹਨ। ਲੀਡਰਾਂ ਦੀਆਂ ਇੰਨਾਂ ਚਾਲਾਂ ਤੋਂ ਖਫਾ ਵੱਖ-ਵੱਖ ਵੋਟਰਾਂ ਨੇ
ਆਪਣੇ-ਆਪਣੇ ਵਿਚਾਰ ਕੁਝ ਇਵੇਂ ਸਾਂਝੇ ਕੀਤੇ।

ਕੰਡਿਆਲੀ ਤਾਰ ਕਾਰਨ ਕਿਸਾਨ ਮੁਸ਼ਕਿਲਾਂ ਕਰਦੇ ਨੇ ਸਾਹਮਣਾ : ਬਜੁਰਗ ਦਲੀਪ ਸਿੰਘ

95 ਸਾਲਾਂ ਬਜੁਰਗ ਦਲੀਪ ਸਿੰਘ ਪੁੱਤਰ ਸੰੁਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪਹਿਲੇ
ਲੀਡਰ ਕੁਝ ਹੋਰ ਸਨ ਤੇ ਅੱਜ ਦੇ ਲੀਡਰ ਕੁਝ ਹੋਰ ਹਨ। ਪਰ ਸਰਹੱਦੀ ਵੱਸਦੇ ਲੋਕਾਂ ਦੀ
ਮੁੱਖ ਮੁਸ਼ਕਿਲ ਬਾਰਡਰ ‘ਤੇ ਲੱਗੀਆਂ ਕੰਡਿਆਲੀ ਤਾਰਾਂ ਦੀ ਹੈ, ਕਿਉਂਕਿ ਤਾਰਾਂ ਲੱਗੀਆਂ
ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਬੀਜਣ, ਵੱਢਣ ਆਦਿ ਸਮੇਂ ਅਨੇਕਾਂ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਨੂੰ ਸਰਹੱਦੀ ਕਿਸਾਨਾਂ ਦੀ ਇਸ
ਮੁਸ਼ਕਿਲ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੋਜਗਾਰ ਦੇਣਾ ਚਾਹੀਦਾ
ਹੈ।

70 ਸਾਲ ਤੱਕ ਸੜਕਾਂ ਤੇ ਗਲੀਆਂ ਹੀ ਨਹੀ ਬਣਾ ਸਕੀਆਂ ਸਰਕਾਰਾਂ : ਕਿਸਾਨ ਕਾਰਜ ਸਿੰਘ

ਕਿਸਾਨ ਕਾਰਜ ਸਿੰਘ ਪੁੱਤਰ ਲੱਖਾ ਸਿੰਘ ਨੇ ਆਖਿਆ ਕਿ ਦੇਸ਼ ਭਾਰਤ ਨੂੰ ਆਜਾਦ ਹੋਇਆ 70
ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲੋਂ ਅਜੇ ਤੱਕ
ਸੜਕਾਂ ਅਤੇ ਪਿੰਡਾਂ-ਕਸਬਿਆਂ ਦੀ ਗਲੀਆਂ-ਨਾਲੀਆਂ ਹੀ ਨਹੀਂ ਬਣ ਸਕੀਆਂ ਤਾਂ ਇਹਨਾਂ
ਸਰਕਾਰਾਂ ਕੋਲੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਵੋਟਾਂ ਸੰਬੰਧੀ ਕਿਸਾਨ ਕਾਰਜ
ਸਿੰਘ ਨੇ ਕਿਹਾ ਕਿ ਇਸ ਵਾਰ ਸੋਚ-ਵਿਚਾਰ ਕੇ ਵੋਟ ਪਾਵਾਂਗੇ।

ਗਰੀਬੀ ਦੂਰ ਕਰਨ ਤੋਂ ਨਾਕਾਮ ਸਾਬਤ ਹੋਈਆਂ ਸਰਕਾਰਾਂ : ਮਜਦੂਰ ਬਚਨ ਸਿੰਘ

ਕੁਲਫੀਆਂ ਵੇਚ ਕੇ ਗੁਜਾਰਾ ਕਰਨ ਵਾਲੇ ਮਜਦੂਰ ਬਚਨ ਸਿੰਘ ਪੁੱਤਰ ਚੰਨਣ ਸਿੰਘ ਨੇ
ਸਮੇਂ-ਸਮੇਂ ‘ਤੇ ਰਾਜ ਕਰਨ ਵਾਲੀਆਂ ਸਰਕਾਰਾਂ ‘ਤੇ ਗਿਲਾ ਕਰਦਿਆਂ ਕਿਹਾ ਕਿ ਗਰੀਬ
ਲੋਕਾਂ ਕੋਲ ਖਾਣ ਲਈ ਦੋ ਡੰਗ ਦੀ ਰੋਟੀ ਦਾ ਪੂਰਨ ਤੌਰ ‘ਤੇ ਪ੍ਰਬੰਧ ਨਹੀ,
ਟੁੱਟੇ-ਫੁੱਟੇ ਮਕਾਨਾਂ ਵਿਚ ਰਹਿ ਕੇ ਲੋਕ ਦਿਨ ਕੱਟੀ ਕਰ ਰਹੇ ਹਨ, ਨੌਜਵਾਨਾਂ ਲਈ
ਰੋਜਗਾਰ ਦਾ ਕੋਈ ਪ੍ਰਬੰਧ ਨਹੀ, ਬਜੁਰਗਾਂ ਤੇ ਅੰਗਹੀਣ ਲੋਕਾਂ ਨੂੰ ਮਾਮੂਲੀ 750 ਰੁਪਏ
ਪੈਨਸ਼ਨ ਦੇ ਕੇ ਰੋਂਦਿਆਂ ਦੇ ਅੱਥਰੂ ਪੂੰਝੇ ਜਾ ਰਹੇ ਹਨ, ਜੋ ਚਿੰਤਾਂਯੋਗ ਮਸਲਾ ਹੈ।

ਲੀਡਰ ਲੈਣ ਨਜਾਰੇ, ਅੰਗਹੀਣ ਫਿਰਦੇ ਮੁਸੀਬਤਾਂ ਦੇ ਮਾਰੇ : ਅੰਗਹੀਣ ਗੋਰਾ

ਟਰਾਲੀ ਸਾਇਕਲ ‘ਤੇ ਗਲੀਆਂ ਵਿਚ ਘੰੁਮ ਰਹੇ ਅੰਗਹੀਣ ਗੋਰਾ ਪੁੱਤਰ ਅਮਰ ਸਿੰਘ ਨਾਲ ਗੱਲ
ਕਰਨ ‘ਤੇ ਉਸਨੇ ਆਪਣੇ ਦਿਲ ਦੀ ਭੜਾਸ ਕੱਢਦਿਆਂ ਕਿਹਾ ਕਿ ਇਕ ਪਾਸੇ ਰੱਜੇ-ਪੁੱਜੇ ਤੇ
ਸਹੀ-ਸਲਾਮਤ ਲੋਕ ਆਰਾਮ ਨਾਲ ਪੈਨਸ਼ਨ ਲੈ ਰਹੇ ਹਨ, ਉਥੇ ਦੂਜੇ ਪਾਸੇ ਸਾਡੇ ਵਰਗੇ ਕੰਮ
ਕਰਨ ਤੋਂ ਅਸਮੱਰਥ ਅੰਗਹੀਣਾਂ ਨੂੰ ਸਰਕਾਰ ਮਾਮੂਲੀ 25 ਰੁਪਏ ਦਿਹਾੜੀ ਦੇ ਹਿਸਾਬ ਨਾਲ
ਪੈਨਸ਼ਨ ਦੇ ਰਹੀ ਹੈ, ਜਿਸ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਇਕ ਡੰਗ ਦੀ ਰੋਟੀ
ਖਾਣੀ ਵੀ ਔਖੀ ਹੈ। ਉਹਨਾਂ ਨੇ ਕਿਹਾ ਕਿ ਗਰੀਬ ਲੋਕ 750 ਰੁਪਏ ਦੀ ਮਾਮੂਲੀ ਪੈਨਸ਼ਨ ਨਾਲ
ਰੋਟੀ ਖਾਵੇ ਜਾਂ ਦਵਾਈ-ਬੂਟੀ ਲਵੇ।

Please Click here for Share This News

Leave a Reply

Your email address will not be published. Required fields are marked *