ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) – ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਦੀ ਇੱਕ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਰੱਖੀ ਆਪਣੀ ਲੜੀਵਾਰ ਭੁੱਖ ਹੜਤਾਲ 828 ਦਿਨ ਬਾਅਦ ਆਰਜੀ ਤੌਰ ਤੇ ਚੁੱਕ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੌਜੂਦਾ ਅਕਾਲੀ ਭਾਜਪਾ ਸਰਕਾਰ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਨੇ ਚੌਕੀਦਾਰਾਂ ਦੀਆਂ ਮੰਗਾਂ ਵੱਲ੍ਹ ਧਿਆਨ ਨਹੀਂ ਦਿੱਤਾ ਜਿਸਤੇ ਯੂਨੀਅਨ ਦੀ ਪੰਜਾਬ ਬਾਡੀ ਵੱਲੋਂ ਫੈਸਲਾ ਲਿਆ ਗਿਆ ਕਿ ਯੂਨੀਅਨ ਇਨਾਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰੇਗੀ। ਨੀਲੋਂ ਨੇ ਕਿਹਾ ਕਿ ਯੂਨੀਅਨ ਨੇ ਜਿਨਾਂ ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਹਨ ਉਨਾਂ ਵਿਚ ਹਲਕਾ ਸਮਰਾਲਾ ਤੋਂ ਪਰਮਜੀਤ ਸਿੰਘ ਨੀਲੋਂ, ਚਮਕੌਰ ਸਾਹਿਬ ਤੋਂ ਜਗਦੀਸ਼ ਸਿੰਘ ਜਿੰਦਰ, ਫਕੀਰ ਚੰਦ ਫਿਲੌਰ ਤੋਂ, ਫਗਵਾੜਾ ਤੋਂ ਬਲਬੀਰ ਚੰਦ, ਗੁਰਦਾਸਪੁਰ ਤੋਂ ਸੂਬੇਦਾਰ ਸ਼ੇਰ ਸਿੰਘ, ਬਟਾਲਾ ਤੋਂ ਬਿੰਦਰ ਸਿੰਘ ਤੇ ਜਲਾਲਾਬਾਦ ਤੋਂ ਹਰਭਜਨ ਸਿੰਘ ਡੋਗਰਾ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਹ ਉਮੀਦਵਾਰ 18 ਜਨਵਰੀ ਨੂੰ ਆਪਣੇ ਆਪਣੇ ਹਲਕਿਆਂ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ ਤੇ ਚੋਣਾਂ ਦਾ ਬਿਗਲ ਵਜਾਉਣਗੇ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਸਾਈਕਲਾਂ ਤੇ ਮੋਟਰ ਸਾਈਕਲਾਂ ਤੇ ਖਾਲੀ ਪੀਪੇ ਖੜਕਾ ਕੇ ਕਰਨਗੇ ਤੇ ਇਨ੍ਹਾਂ ਪਾਰਟੀਆਂ ਦੇ ਝੂਠੇ ਲਾਰਿਆਂ ‘ਤੇ ਲੋਕ ਮਾਰੂ ਨੀਤੀਆਂ ਦੀ ਪੋਲ ਖੋਲ੍ਹਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਛਿੰਦਰਪਾਲ ਗੜ੍ਹੀ ਬੇਟ ਜੁਆਇੰਟ ਸਕੱਤਰ, ਸਤਨਾਮ ਸਿੰਘ ਭੌਰਲਾ ਕੈਸ਼ੀਅਰ, ਚੰਦ ਰਾਮ ਚਕਲੀ, ਜੀਤ ਰਾਮ ਧੰਨੂਰ, ਗੁਰਮੇਲ ਸਿੰਘ ਮਾਛੀਵਾੜਾ, ਦੇਵ ਸਿੰਘ ਤਹਿ: ਪ੍ਰਧਾਨ, ਗੁਰਨਾਮ ਸਿੰਘ ਕੈਸ਼ੀਅਰ ਆਦਿ ਵੀ ਸ਼ਾਮਿਲ ਸਨ।
ਮਾਛੀਵਾੜਾ ਯੂਨੀਅਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੌਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ।