ਫ਼ਰੀਦਕੋਟ- ਮਾਲਵੇ ਦਸ ਜਿਲਿ•ਆਂ ਨੂੰ ਆਧੁਨਿਕ ਸਿਹਤ ਸਹੂਲਤਾਂ ਦੇਣ ਲਈ ਤੀਹ ਸਾਲਾਂ ਵਿੱਚ ਦੋ ਹਜ਼ਾਰ ਕਰੋੜ ਰੁਪਏ ਖਰਚ ਕੇ ਤਿਆਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਹੁਣ ਰੈਫ਼ਰ ਕੇਂਦਰ ਬਣ ਕੇ ਰਹਿ ਗਿਆ ਹੈ। ਇਸ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਜਿਲਿ•ਆਂ ਤੋਂ ਆਉਣ ਵਾਲੇ ਗੰਭੀਰ ਮਰੀਜਾਂ ਨੂੰ ਮੁੱਢਲੀ ਸਹਾਇਤਾ ਵੀ ਨਹੀਂ ਦਿੱਤੀ ਜਾ ਰਹੀ। ਐਮਰਜੈਂਸੀ ਵਿਭਾਗ ਵਿੱਚ ਡਾਕਟਰਾਂ ਦੀ ਕਥਿਤ ਮਿਲੀ ਭੁਗਤ ਕਾਰਨ ਇੱਥੇ ਆਉਣ ਵਾਲੇ ਮਰੀਜਾਂ ਨੂੰ ਨਿੱਜੀ ਹਸਪਤਾਲਾਂ ਜਾਂ ਪੀ.ਜੀ.ਆਈ. ਲਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਦਾਅਵਿਆਂ ਦੇ ਉਲਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਰੀਜਾਂ ਨੂੰ ਕੋਈ ਵੀ ਇਲਾਜ ਨਹੀਂ ਮਿਲ ਰਿਹਾ ਬਲਕਿ ਇਸ ਮੈਡੀਕਲ ਕਾਲਜ ਵਿੱਚ ਨੌਕਰੀ ਕਰਦੇ ਇੱਕ ਦਰਜਨ ਡਾਕਟਰਾਂ ਦੇ ਨਿੱਜੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਮਹਿੰਗੇ ਮੁੱਲ ‘ਤੇ ਉੱਚ ਦਰਜੇ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਵਿੱਚ ਐਕਸ-ਰੇ, ਐਮ.ਆਰ.ਆਈ. ਅਤੇ ਹੋਰ ਜਰੂਰੀ ਟੈਸਟਾਂ ਦੀ ਸਹੂਲਤ ਹੋਣ ਦੇ ਬਾਵਜੂਦ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲ ਰਹੀ ਅਤੇ ਉਹਨਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਜਾ ਕੇ ਮਹਿੰਗੇ ਮੁੱਲ ‘ਤੇ ਟੈਸਟ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਨੇ ਮੋਟੀਆਂ ਤਨਖਾਹਾਂ ਦੇ ਕੇ ਡਾਕਟਰ ਭਰਤੀ ਕੀਤੇ ਹਨ ਪਰੰਤੂ ਇਹ ਡਾਕਟਰ ਅਕਸਰ ਛੁੱਟੀ ‘ਤੇ ਜਾਣ ਕਾਰਨ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 10 ਸਾਲ ਤੱਕ ਦੀ ਸਰਵਿਸ ਵਾਲਾ ਡਾਕਟਰ ਦਸ ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦਾ ਪਰੰਤੂ ਬਾਬਾ ਫਰੀਦ ਯੂਨੀਵਰਸਿਟੀ ਆਪਣੇ ਡਾਕਟਰਾਂ ਨੂੰ ਵੀਹ ਛੁੱਟੀਆਂ ਦੀ ਸਹੂਲਤ ਦੇ ਰਹੀ ਹੈ ਜਦੋਂ ਕਿ ਗਜ਼ਟਿਡ ਛੁੱਟੀਆਂ ਵੱਖਰੀਆਂ ਹਨ। ਦੇਰ ਰਾਤ ਹਾਦਸੇ ਵਿੱਚ ਹੋਏ ਸੱਤ ਸਾਲਾਂ ਦੇ ਬੱਚੇ ਨੂੰ ਹਸਪਤਾਲ ਨੂੰ ਹਸਪਤਾਲ ਨੇ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ। ਵਿਭਾਗ ਦੇ ਸੂਤਰਾਂ ਅਨੁਸਾਰ ਨਿਊਰੋ ਡਾਕਟਰ ਸਰਦੀ ਦੀਆਂ ਛੁੱਟੀਆਂ ਦੀਆਂ ਛੁੱਟੀਆਂ ‘ਤੇ ਹਨ। ਮੈਡੀਕਲ ਸੁਪਰਡੈਂਟ ਡਾਕਟਰ ਜੇ.ਪੀ. ਸਿੰਘ ਜੋ ਖੁਦ ਛੁੱਟੀ ‘ਤੇ ਸਨ, ਨੇ ਮੰਨਿਆ ਕਿ ਡਾਕਟਰਾਂ ਦੀ ਘਾਟ ਕਾਰਨ ਮਰੀਜਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਉਹਨਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ ਦੇ ਰਿਕਾਰਡ ਮੁਤਾਬਿਕ ਪਿਛਲੇ ਛੇ ਮਹੀਨਿਆਂ ਵਿੱਚ 2170 ਮਰੀਜਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਰੈਫ਼ਰ ਕੀਤਾ ਗਿਆ ਹੈ। ਇਸ ਹਸਪਤਾਲ ਵਿੱਚ ਆਉਣ ਵਾਲੇ ਬਹੁਤੇ ਮਰੀਜ ਗਰੀਬ ਅਤੇ ਆਰਥਿਕ ਤੌਰ ‘ਤੇ ਪੱਛੜੇ ਹੋਏ ਹੁੰਦੇ ਹਨ ਕਿਉਂਕਿ ਨਿੱਜੀ ਹਸਪਤਾਲਾਂ ਦੇ ਖਰਚੇ ਇਹਨਾਂ ਦੇ ਵੱਸੋਂ ਬਾਹਰ ਹਨ। ਪਰੰਤੂ ਇਹ ਹਸਪਤਾਲ ਮਰੀਜਾਂ ਨੂੰ ਇਲਾਜ ਦੇਣ ਦੀ ਥਾਂ ਉਹਨਾਂ ਨੂੰ ਰੈਫ਼ਰ ਕਰਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਡਾਕਟਰਾਂ ਦੇ ਇਸ ਰਵੱਈਏ ਖਿਲਾਫ਼ ਇੱਕ ਸਮਾਗਮ ਦੌਰਾਨ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਮੈਡੀਕਲ ਕਾਲਜ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਹਸਪਤਾਲ ਦੇ ਬਹੁਤੇ ਵਿਭਾਗਾਂ ਨੂੰ ਸਟਾਫ਼ ਨਰਸਾਂ ਹੀ ਚਲਾ ਰਹੀਆਂ ਹਨ ਜਦੋਂ ਕਿ ਹਸਪਤਾਲ ਦੇ ਡਾਕਟਰ ਆਪਣੀ ਨਿੱਜੀ ਪ੍ਰੈਕਟਿਸ ਰਾਹੀਂ ਮੋਟੀ ਕਮਾਈ ਕਰ ਰਹੇ ਹਨ। ਫਰੀਦਕੋਟ ਤੋਂ ‘ਆਪ’ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਹਸਪਤਾਲ ਵਿੱਚੋਂ ਰੈਫ਼ਰ ਹੋਣ ਵਾਲੇ ਮਰੀਜਾਂ ਕੋਲ ਲੁਧਿਆਣੇ ਜਾਂ ਚੰਡੀਗੜ• ਜਾਣ ਲਈ ਕਿਰਾਇਆ ਤੱਕ ਨਹੀਂ ਹੁੰਦਾ ਅਤੇ ਇੱਕ ਸਾਲ ਵਿੱਚ ਉਹ ਲੋੜਵੰਦ ਮਰੀਜਾਂ ਨੂੰ ਦੋ ਲੱਖ ਰੁਪਏ ਕਿਰਾਏ ਵਜੋਂ ਹੀ ਅਦਾ ਕਰ ਚੁੱਕੇ ਹਨ। ਉਹਨਾਂ ਦੋਸ਼ ਲਾਇਆ ਕਿ ਮੈਡੀਕਲ ਕਾਲਜ ਤੇ ਹਸਪਤਾਲ ਚਲਾ ਰਹੀ ਬਾਬਾ ਫਰੀਦ ਯੂਨੀਵਰਸਿਟੀ ਜਾਣ ਬੁੱਝ ਕੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਬੇੜਾ ਗਰਕ ਕਰ ਰਹੀ ਹੈ। ਮੈਡੀਕਲ ਸੁਪਰਡੈਂਟ ਡਾ. ਜੇ.ਪੀ. ਸਿੰਘ ਨੇ ਕਿਹਾ ਕਿ ਮਰੀਜਾਂ ਨੂੰ ਹਾਸਲ ਹਾਲਤਾਂ ਮੁਤਾਬਿਕ ਚੰਗੀਆਂ ਸਿਹਤ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਡਾਕਟਰਾਂ ਦੀ ਘਾਟ ਕਾਰਨ ਕਈ ਮਰੀਜਾਂ ਦਾ ਇੱਥੇ ਇਲਾਜ ਸੰਭਵ ਨਹੀਂ ਹੋ ਰਿਹਾ।(from pbi tribune)