
ਜਲਾਲਾਬਾਦ : ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੂਰੇ ਭਾਰਤ ਵਿਚ ਭਰਿਸ਼ਟਾਚਾਰ ਦੇ ‘ਕਿੰਗ’ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਰਿਸ਼ਟਾਚਾਰੀ ਦੁਨੀਆਂ ਦੇ ਰਾਜੇ ਸੁਖਬੀਰ ਬਾਦਲ ਅਤੇ ਆਪ ਦੇ ਡਿਕਟੇਟਰ ਅਰਵਿੰਦਰ ਕੇਜਰੀਵਾਲ ਦੇ ਲਾਰਿਆਂ ਤੋਂ ਸੁਚੇਤ ਰਹਿਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸੁਹਿਰਦ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤਾਂ ਜੋ ਪੰਜਾਬ ਦਾ ਸੁਧਾਰ ਹੋ ਸਕੇ।
ਅੱਜ ਇਥੇ ਇਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਕੇ ਆਗਲੇ ਦੋ ਸਾਲਾਂ ਵਿਚ ਪੰਜਾਬ ਦਾ ਚਿਹਰਾ ਮੋਹਰਾ ਬਦਲ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਜਿਹੇ ਆਗੂ ਹਨ ਜੋ ਕਿ ਪੰਜਾਬ ਵਿਚ ਬਾਦਲਾਂ ਵਲੋਂ ਫੈਲਾਏ ਭਰਿਸ਼ਟਾਚਾਰ ਅਤੇ ਗੁੰਡਾਗਰਦੀ ਦਾ ਖਾਤਮਾ ਕਰ ਸਕਦੇ ਹਨ। ਉਨ੍ਹਾਂ ਨੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਵਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਅਗਾਂਹਵਧੂ ਫੈਸਲੇ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਸੁਪਰੀਮੋ ਅਰਵਿੰਦਰ ਕੇਜਰੀਵਾਲ ਲੋਕਾਂ ਨਾਲ ਬਿੱਲਕੁੱਲ ਝੂਠੇ ਵਾਅਦੇ ਕਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਦੇਸ਼ ਵਿਚ ਮੋਦੀ ਕਾਰਗੁਜਾਰੀ ਲੋਕਾਂ ਸਾਹਮਣੇ ਹੈ ਅਤੇ ਦਿੱਲੀ ਵਿਚ ਕੇਜਰੀਵਾਲ ਦੀ ਘਟੀਆ ਕਾਰਗੁਜਾਰੀ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਝੂਠੇ ਵਾਅਦੇ ਕਰਨ ਵਿਚ ਵਿਸ਼ਵਾਸ਼ ਨਹੀਂ ਕਰਦੀ। ਉਨ੍ਹਾਂ ਨੇ ਮੋਦੀ ਦੇ ਹਰ ਇਕ ਗਰੀਬ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ ਦੇ ਝੂਠੇ ਵਾਅਦਿਆਂ ‘ਤੇ ਕੁਮੈਂਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਝੂਠੇ ਵਾਅਦਿਆਂ ਦੀ ਨਹੀਂ ਸਗੋਂ ਚੰਗੇ ਪ੍ਰਬੰਧ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੁਨੀਆਂ ਦੇ ਸਭ ਤੋਂ ਭਰਿਸ਼ਟ ਆਗੂ ਸੁਖਬੀਰ ਬਾਦਲ ਦੀ ਹਮਾਇਤ ਕਰ ਰਹੇ ਹਨ ਅਤੇ ਫਿਰ ਵੀ ਭਰਿਸ਼ਟਾਚਾਰ ਵਿਰੁੱਧ ਲੜਨ ਦੇ ਦਾਅਵੇ ਕਰ ਰਹੇ ਹਨ, ਜੋ ਕਿ ਬਿੱਲਕੁੱਲ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਬਾਦਲ ਸਰਕਾਰ ਦੇ ਰਾਜ ਵਿਚ ਸਾਰੀਆਂ ਸਨਅੱਤਾਂ ਪੰਜਾਬ ਵਿਚੋਂ ਬਾਹਰ ਚਲੀਆਂ ਗਈਆਂ ਹਨ ਅਤੇ ਪੰਜਾਬ ਵਿਚ ਕੇਵਲ ਭਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ। ਰਾਜ ਵਿਚ ਬਾਦਲ ਰਾਜ ਵਿਚ ਗੁੰਡਾਗਰਦੀ ਅਤੇ ਨਸ਼ੇ ਦਾ ਜਿੰਨਾ ਪਸਾਰ ਹੋਇਆ ਹੈ, ਉਸ ਨੇ ਪੰਜਾਬ ਨੂੰ ਤਬਾਹੀ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਨਣ ਪਿਛੋਂ ਨਸ਼ੇ ਦੇ ਸਾਰੇ ਵਪਾਰੀਆਂ ਅਤੇ ਗੁੰਡਿਆਂ ਨੂੰ ਜੇਲਾਂ ਵਿਚ ਬੰਦ ਕੀਤਾ ਜਾਵੇਗਾ ਅਤੇ ਭਰਿਸ਼ਟ ਆਗੂਆਂ ਨੂੰ ਵੀ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।