best platform for news and views

ਰਵਾਇਤ ਨਾਲੋਂ ਹਟ ਕੇ ਹੋਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ

Please Click here for Share This News

ਹਮੀਰ ਸਿੰਘ

ਚੰਡੀਗੜ੍ਹ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਪੰਜਾਬ ਦਾ ਚੋਣ ਦ੍ਰਿਸ਼ ਸਾਫ਼ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਪੰਜਾਬ ਵਿੱਚ 15ਵੀਂ ਵਿਧਾਨ ਸਭਾ ਲਈ ਚੋਣਾਂ ਕਈ ਮਾਅਨਿਆਂ ਵਿੱਚ ਪਹਿਲਾਂ ਨਾਲੋਂ ਅਲੱਗ ਹੋਣਗੀਆਂ। ਇਸ ਵਾਰ ਦੋ ‘ਰਵਾਇਤੀ ਭਲਵਾਨਾਂ’ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦਾ ਮੁਕਾਬਲਾ ਪੰਜਾਬ ਲਈ ਨਵੇਂ ਅਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਚਿਹਰੇ ਵਜੋਂ ਉੱਭਰ ਕੇ ਆਏ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਹੈ।
ਵਿਧਾਨ ਸਭਾ ਚੋਣ 2012 ਦੌਰਾਨ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ), ਦੋ ਖੱਬੇ ਪੱਖੀ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ’ਤੇ ਆਧਾਰਿਤ  ਸਾਂਝੇ ਮੋਰਚੇ ਨੇ ਵੀ ਵਿਕਲਪ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੀ ਅਗਵਾਈ ਅਕਾਲੀ ਦਲ ਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਤੇ ਉਸ ਸਮੇਂ ਬਾਦਲ ਸਰਕਾਰ ਦਾ ਵਿੱਤ ਮੰਤਰੀ ਤੇ  ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਕਰ ਰਿਹਾ ਸੀ। ਪੀਪੀਪੀ ਦੀ ਸ਼ੁਰੂਆਤੀ ਟੀਮ ਵਿੱਚ ਵੀ ਅਕਾਲੀ ਦਲ ਤੋਂ ਛੱਡ ਕੇ ਆਏ ਆਗੂ ਸਨ ਅਤੇ ਟਿਕਟਾਂ ਦੇ ਮਾਮਲੇ ਵਿੱਚ ਵੀ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦਾ ਕੋਈ ਵੱਡਾ ਵਿਰੋਧ ਨਹੀਂ ਹੋਇਆ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਨਿਕਲੀ ‘ਆਪ’ ਦੇ ਹੋਰਾਂ ਪਾਰਟੀਆਂ ਵਿੱਚੋਂ ਲਿਆਂਦੇ ਉਮੀਦਵਾਰਾਂ ’ਤੇ ਰਵਾਇਤ ਤੋਂ ਅਲੱਗ ਹੋਣ ਕਰਕੇ ਹੀ ਸੁਆਲ ਉੱਠ ਰਹੇ ਹਨ। ਪਾਰਟੀ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਵਿੱਚ ਭੇਜੇ ਸਾਥੀਆਂ ਦੇ ਹੱਥ ਹੈ। ਭਗਵੰਤ ਮਾਨ ਬੇਸ਼ੱਕ ਪੀਪੀਪੀ ਦਾ ਪੱਲਾ ਫੜ ਕੇ ਸਿਆਸਤ ਵਿੱਚ ਆਏ ਪਰ ਇਸ ਸਮੇਂ ਉਹ ‘ਆਪ’ ਦੀ ਚੋਣ ਮੁਹਿੰਮ ਦਾ ਮੁੱਖ ਸਿਤਾਰਾ ਹਨ। ‘ਆਪ’ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਨਾਮ ਨਾ ਐਲਾਨਣ ਦਾ ਫ਼ੈਸਲਾ ਕੀਤਾ ਹੈ। ਸਿਆਸਤ ਤੋਂ ਦੂਰੀ ਬਣਾਈ ਰੱਖਣ ਵਾਲਾ ਗੁਰਪ੍ਰੀਤ ਸਿੰਘ ਘੁੱਗੀ ਹੁਣ ਵੜੈਚ ਬਣ ਕੇ ਨਾ ਸਿਰਫ਼ ‘ਆਪ’ ਦਾ ਪੰਜਾਬ ਦਾ ਕਨਵੀਨਰ ਹੈ, ਬਲਕਿ ਬਟਾਲਾ ਤੋਂ ਚੋਣ ਮੈਦਾਨ ਵਿੱਚ ਵੀ ਹੈ। ਐਨਆਰਆਈ ਪੱਤਰਕਾਰ, ਗਾਇਕ, ਖਿਡਾਰੀ, ਕਲਾਕਾਰ ਤੇ ਅਫ਼ਸਰ ਚੋਣ ਮੈਦਾਨ ਵਿੱਚ ਹਨ।  ਮਾਮੂਲੀ ਨੰਬਰ ਪਹਿਲਾਂ ਵੀ ਰਿਹਾ ਹੈ ਪਰ ਇਸ ਚੋਣ ਵਿੱਚ ਅਫ਼ਸਰਾਂ ਦਾ ਰੁਝਾਨ ਇੰਨਾ ਵਧਿਆ ਕਿ ਇੱਕ ਦਰਜਨ ਦੇ ਕਰੀਬ ਅਫ਼ਸਰ ਚੋਣ ਮੈਦਾਨ ਵਿੱਚ ਹਨ। ਨਵਿਆਂ ਵਿੱਚ ਅਕਾਲੀ ਦਲ ਵੱਲੋਂ ਮੁਹਾਲੀ ਦੇ ਡੀਸੀ ਰਹੇ ਮੌਜੂਦਾ ਮੰਡੀ ਬੋਰਡ ਦੇ ਸਕੱਤਰ ਰਹੇ ਤਜਿੰਦਰ ਪਾਲ ਸਿੰਘ ਸਿੱਧੂ ਅਤੇ ਕਾਂਗਰਸ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਦੀਪ ਵੈਦ ਅਸਤੀਫ਼ੇ ਦੇ ਕੇ ਚੋਣ ਮੈਦਾਨ ਵਿੱਚ ਉੱਤਾਰੇ ਗਏ ਹਨ। ਆਈਪੀਐਸ ਕਰਤਾਰ ਸਿੰਘ, ਪੀਪੀਐਸ ਸੱਜਣ  ਸਿੰਘ ਚੀਮਾ ‘ਆਪ’ ਦੇ ਉਮੀਦਵਾਰ ਹਨ।
ਚੋਣ ਪ੍ਰਣਾਲੀ ਵਿੱਚ ਪਰਿਵਾਰਵਾਦ ਦੀ ਸਿਆਸਤ ਦਾ ਨਿਸ਼ਾਨਾ ਸਿਰਫ਼ ਅਕਾਲੀ ਦਲ ਹੀ ਬਣ ਸਕੇਗਾ, ਕਿਉਂਕਿ ਇੱਕ ਪਰਿਵਾਰ ਵਿੱਚੋਂ ਦੋ ਟਿਕਟਾਂ ਦੇਣ ਦੇ ‘ਆਪ’ ਦੇ ਅਸੂਲ ਨੂੰ ਕਾਂਗਰਸ ਨੇ ਵੀ ਅਪਣਾ ਲਿਆ ਹੈ। ਦੋ ਟਿਕਟਾਂ ਮੰਗਣ ਵਾਲੇ ਨਵਜੋਤ ਸਿੰਘ ਸਿੱਧੂ ‘ਆਪ’ ਦੀ ਬਜਾਇ ਕਾਂਗਰਸ ਦੀ ਬੇੜੀ ਵਿੱਚ ਸਵਾਰ ਹੋ ਕੇ ਪਹਿਲੀ ਵਾਰ ਵਿਧਾਨ ਸਭਾ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਕੇਜਰੀਵਾਲ ਵੱਲੋਂ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨ ਨੇ ਪੰਜਾਬ ਵਿੱਚ ਦਲਿਤ ਚੇਤਨਾ ਦੇ ਉਭਾਰ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲੀਆਂ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦਰਮਿਆਨ ਅਜਿਹਾ ਸਵਾਲ ਕਦੇ ਨਹੀਂ ਉੱਠਿਆ।
ਅਕਾਲੀ ਦਲ ਦੇ ਦੋ ਵੱਡੇ ਆਗੂ ਵੱਖ ਵੱਖ ਕੇਸਾਂ ਵਿੱਚ ਸਜ਼ਾਯਾਫ਼ਤਾ ਹੋਣ ਕਰਕੇ ਚੋਣ ਮੈਦਾਨ ਤੋਂ ਲਾਂਭੇ ਹੋ ਗਏ ਹਨ। ਇਸੇ ਲਈ ਮੌਜੂਦਾ ਵਿਧਾਇਕ ਬੀਬੀ ਜਾਗੀਰ ਕੌਰ ਦੀ ਜਗ੍ਹਾ ਉਨ੍ਹਾਂ ਦਾ ਦਾਮਾਦ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਵਾਰਸ ਵਜੋਂ ਉਨ੍ਹਾਂ ਦਾ ਬੇਟਾ ਚੋਣ ਮੈਦਾਨ ਵਿੱਚ ਉੱਤਰ ਰਿਹਾ ਹੈ। ਅਕਾਲੀ ਦਲ ਵੱਲੋਂ ਸਰਬਸਾਂਝੀ ਪਾਰਟੀ ਬਣਨ ਲਈ 2012 ਵਿੱਚ ਫ਼ਰੀਦਕੋਟ, ਮਾਨਸਾ ਆਦਿ ਸੀਟਾਂ ਤੋਂ ਹਿੰਦੂ ਆਗੂਆਂ ਨੂੰ ਟਿਕਟ ਦੇਣ ਤੋਂ ਪਾਸਾ ਵੱਟ ਲਿਆ ਗਿਆ ਹੈ। ਪਾਰਟੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਮਾਮਲਿਆਂ ਕਾਰਨ ਮੁੜ ਆਪਣੇ ਰਵਾਇਤੀ ਵੋਟ ਬੈਂਕ ਨੂੰ ਖਿੱਚਣ ਦੀ ਰਣਨੀਤੀ ਅਪਣਾਉਣੀ ਪੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਸਾਰੇ ਉਮੀਦਵਾਰਾਂ ਨੂੰ ਨਾਪਸੰਦ ਕਰਨ ਦਾ ਹੱਕ ਮਿਲੇਗਾ। ਸੁਪਰੀਮ ਕੋਰਟ ਦੀ ਹਦਾਇਤ ਉੱਤੇ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਨਾਪਸੰਦੀ ਦਾ ਬਟਨ (ਨੋਟਾ) ਲਗਾ ਦਿੱਤਾ ਹੈ। ਲੋਕ ਸਭਾ ਚੋਣਾਂ 2014 ਅਤੇ ਹੋਰ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੇ ਇਸਤੇਮਾਲ ਨੇ ਖ਼ਾਸ ਪ੍ਰਭਾਵ ਛੱਡਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਸੋਸ਼ਲ ਮੀਡੀਆ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।

(we are thankful to punjabi tribune)

Please Click here for Share This News

Leave a Reply

Your email address will not be published.