best platform for news and views

ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਭੋਲੂਵਾਲਾ ਦੇ ਲਾਡਲੇ ਨੂੰ ਚਾਰ ਸਾਲ ਦੀ ਸਜ਼ਾ

Please Click here for Share This News

ਫ਼ਰੀਦਕੋਟ: ਅੱਜ ਇਥੋਂ ਦੀ ਇਕ ਅਦਾਲਤ ਵਲੋਂ ਸੀਨੀਅਰ ਅਕਾਲੀ ਨੇਤਾ ਦੇ ਪੁੱਤਰ ਵਲੋਂ ਸਰਕਾਰ ਦੇ ਡੇਢ ਕਰੋੜ ਰੁਪਏ ਡਕਾਰ ਜਾਣ ਦੇ ਦੋਸ਼ ਵਿਚ ਕੈਦ ਦੀ ਸਜ਼ਾ ਸੁਣਾਉਣ ਨਾਲ ਅਕਾਲੀ ਨੇਤਾਵਾਂ ਵਲੋਂ ਸੱਤਾ ਦੇ ਨਸ਼ੇ ਵਿਚ ਪੰਜਾਬ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਹੋ ਗਈ ਹੈ। ਇਥੋਂ ਦੀ ਮਾਨਯੋਗ ਅਦਾਲਤ ਨੇ ਸਨੀਅਰ ਅਕਾਲੀ ਆਗੂ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਭੋਲੂਵਾਲਾ ਦੇ ਪੁੱਤਰ ਰਮਨਦੀਪ ਸਿੰਘ ਭੋਲੂਵਾਲਾ ਉਰਫ ਜਿੰਮੀ ਨੂੰ ਚਾਰ ਵੱਖ ਵੱਖ ਮਾਮਲਿਆਂ ਵਿਚ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤਰਾਂ ਯੋਜਨਾ ਬੋਰਡ ਦੇ ਚੇਅਰਮੈਨ ਦੇ ਲਾਡਲੇ ਦੀ ਪੈਸੇ ਹੜੱਪਣ ਦੀ ਯੋਜਨਾ ਨੇ ਉਸ ਨੂੰ ਸਜ਼ਾ ਕਰਵਾ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਪਨਸਪ ਅਤੇ ਫੂਡ ਸਪਲਾਈ ਵਿਭਾਗ ਵਲੋਂ ਹਰਜੀਤ ਸਿੰਘ ਭੋਲੂਵਾਲਾ ਦੇ ਪੁੱਤਰ ਰਮਨਦੀਪ ਸਿੰਘ ਭੋਲੂਵਾਲਾ ਅਤੇ ਸ੍ਰੀ ਭੋਲੂਵਾਲਾ ਦੀ ਪਤਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਗੁਰਵਿੰਦਰ ਕੌਰ ਭੋਲੂਵਾਲਾ ਖਿਲਾਫ ਚਾਰ ਵੱਖ ਵੱਖ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਅੱਜ ਫਰੀਦਕੋਟ ਦੀ ਜੁਡੀਸ਼ਲ ਅਦਾਲਤ ਵਿਚ ਫੈਸਲਾ ਹੋਣਾ ਸੀ। ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਅਤੁਲ ਕੰਬੋਜ ਨੇ ਇਨ੍ਹਾਂ ਸ਼ਿਕਾਇਤਾਂ ਦਾ ਫੈਸਲਾ ਸੁਣਾਉਂਦਿਆਂ ਰਮਨਦੀਪ ਸਿੰਘ ਜਿੰਮੀ ਭੋਲੂਵਾਲਾ ਨੂੰ ਇੱਕ ਕਰੋੜ 56 ਲੱਖ ਦੇ ਚੈੱਕ ਬਾਊਂਸ ਦੇ ਚਾਰ ਮਾਮਲਿਆਂ ਵਿੱਚ ਇੱਕ-ਇੱਕ ਸਾਲ ਦੀ ਕੈਦ ਤੇ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ।

ਇਸ ਮਾਮਲੇ ‘ਚ ਰਮਨਦੀਪ ਦੀ ਮਾਤਾ ਐਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਕੌਰ ਭੋਲੂਵਾਲਾ ਵੀ ਨਾਮਜ਼ਦ ਸਨ, ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।ਰਮਨਦੀਪ ਸਿੰਘ ਭੋਲੂਵਾਲਾ ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਹਨ।

ਪਨਸਪ ਵਲੋਂ 2011-2012 ਵਿੱਚ ਅਕਾਲੀ ਆਗੂ ਰਮਨਦੀਪ ਸਿੰਘ ਭੋਲੂਵਾਲਾ ਦੀ ਮਾਲਕੀ ਵਾਲੀ ਫਰੀਦ ਕਾਟਨ ਤੇ ਗਿਨਿੰਗ ਫੈਕਟਰੀ ਵਿੱਚ 73 ਹਜ਼ਾਰ 681 ਕੁਇੰਟਲ ਝੋਨਾ ਜਮ੍ਹਾਂ ਕਰਵਾਇਆ ਗਿਆ ਸੀ। ਸਮਝੌਤੇ ਮੁਤਾਬਕ ਅਕਾਲੀ ਆਗੂ ਨੇ ਇਸ ਝੋਨੇ ਦਾ ਚੌਲ ਤਿਆਰ ਕਰਕੇ ਪਨਸਪ ਨੂੰ ਦੇਣਾ ਸੀ। ਪਨਸਪ ਅਧਿਕਾਰੀਆਂ ਮੁਤਾਬਕ ਅਕਾਲੀ ਆਗੂ ਨੇ ਸਮਝੌਤੇ ਮੁਤਾਬਕ ਝੋਨੇ ਤੋਂ ਚੌਲ ਬਣਾ ਕੇ ਵਿਭਾਗ ਨੂੰ ਨਹੀਂ ਦਿੱਤਾ ਤੇ ਨਾ ਹੀ ਝੋਨਾ ਵਾਪਸ ਕੀਤਾ। ਇਸ ਤੋਂ ਬਾਅਦ ਰਮਨਦੀਪ ਸਿੰਘ ਭੋਲੂਵਾਲਾ ਨੇ ਝੋਨੇ ਦੀ ਅਦਾਇਗੀ ਬਦਲੇ 15 ਜਨਵਰੀ 2013, 20 ਜਨਵਰੀ 2013, 3 ਫਰਵਰੀ 2013 ਤੇ 27 ਫਰਵਰੀ 2013 ਨੂੰ 1 ਕਰੋੜ 56 ਲੱਖ ਦੀ ਰਾਸ਼ੀ ਦੇ ਚਾਰ ਚੈੱਕ ਪਨਸਪ ਨੂੰ ਜਾਰੀ ਕੀਤੇ ਸਨ ਪਰ ਖਾਤਿਆਂ ਵਿੱਚ ਪੈਸੇ ਨਾ ਹੋਣ ਕਾਰਨ ਇਹ ਚਾਰੇ ਚੈੱਕ ਬਾਊਂਸ ਹੋ ਗਏ।

ਇਸ ‘ਤੇ ਪਨਸਪ ਨੇ ਫਰੀਦਕੋਟ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਾ ਕੇ ਫਰੀਦ ਕਾਟਨ ਤੇ ਗਿਨਿੰਗ ਮਿੱਲ ਦੇ ਮਾਲਕ ਰਮਨਦੀਪ ਸਿੰਘ ਭੋਲੂਵਾਲਾ ਤੇ ਹਿੱਸੇਦਾਰ ਗੁਰਿੰਦਰ ਕੌਰ ਭੋਲੂਵਾਲਾ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਤਕਨੀਕੀ ਕਾਰਨਾਂ ਕਰਕੇ ਗੁਰਿੰਦਰ ਕੌਰ ਭੋਲੂਵਾਲਾ ਨੂੰ ਬਰੀ ਕਰ ਦਿੱਤਾ ਜਦੋਂਕਿ ਰਮਨਦੀਪ ਸਿੰਘ ਭੋਲੂਵਾਲਾ ਨੂੰ ਉਕਤ ਸਜ਼ਾ ਦਾ ਹੁਕਮ ਸੁਣਾਇਆ। ਵਰਨਣਯੋਗ ਹੈ ਕਿ ਸ੍ਰੀ ਹਰਜੀਤ ਸਿੰਘ ਭੋਲੂਵਾਲਾ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਵੀ ਰਹੇ ਹਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜਦੀਕੀ ਹਨ।

Please Click here for Share This News

Leave a Reply

Your email address will not be published. Required fields are marked *