
ਮੌੜ ਮੰਡੀ (ਬਠਿੰਡਾ) ਇਥੇ 31 ਜਨਵਰੀ ਦੀ ਰਾਤ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਵਿਚ ਹੋਏ ਬੰਬ ਧਮਾਕੇ ਨੇ ਪੰਜਾਬ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ। ਇਨ੍ਹਾਂ ਬੰਬ ਧਮਾਕਿਆਂ ਵਿਚ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 9 ਵਿਅਕਤੀ ਜਖਮੀ ਹਾਲਤ ਵਿਚ ਹਸਪਤਾਲਾਂ ਵਿਚ ਦਾਖਲ ਹਨ। ਇਨ੍ਹਾਂ ਵਿਚ ਮੌੜ ਮੰਡੀ ਦੀ ਇਕ ਇਕੋ ਗਲੀ ਦੇ ਤਿੰਨ ਇਕਲੌਤੇ ਬੱਚੇ ਸ਼ਾਮਲ ਹਨ, ਜਿਨ੍ਹਾਂ ਦੇ ਮਾਪਿਆਂ ਲਈ ਵਿਧਾਨ ਸਭਾ ਚੋਣਾ ਚਾਨਣ ਦੀ ਥਾਂ ਹਨੇਰਾ ਜਾਪ ਰਹੀਆਂ ਹਨ।
ਇਨ੍ਹਾਂ ਬੰਬ ਧਮਾਕਿਆਂ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਢਲੀ ਪੜਤਾਲ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਿਕ ਇਨ੍ਹਾਂ ਧਮਾਕਿਆਂ ਵਿਚ ਆਰ.ਡੀ.ਐਕਸ. ਦੀ ਵਰਤੋਂ ਕੀਤੀ ਗਈ ਹੈ। ਜਿਸ ਮਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ, ਉਸ ਕਾਰ ਵਿਚੋਂ ਜੋ ਕੂਕਰ ਬਰਾਮਦ ਕੀਤਾ ਗਿਆ ਹੈ, ਉਸ ਕੂਕਰ ਵਾਲਾ ਬੰਬ ਨਹੀਂ ਫਟਿਆ। ਪੁਲੀਸ ਦੀ ਜਾਂਚ ਅਨੁਸਾਰ ਕਾਰ ਵਿਚ ਇਕ ਬੰਬ ਤਾਂ ਫਟ ਗਿਆ, ਪਰ ਕੂਕਰ ਵਾਲਾ ਬੰਬ ਮਿਸ ਹੋ ਗਿਆ। ਇਹ ਬੰਬ ਧਮਾਕਾ ਇੰਨਾ ਜਬਰਦਸਤ ਸੀ ਕਿ ਮਰੂਤੀ ਕਾਰ ਦੀ ਛੱਤ ਲਗਭਗ 20-25 ਮੀਟਰ ਦੂਰ ਜਾ ਕੇ ਡਿੱਗੀ।
ਮੌਕੇ ‘ਤੇ ਹਾਜਰ ਲੋਕਾਂ ਅਨੁਸਾਰ ਇਹ ਮਰੂਤੀ ਕਾਰ ਕਾਫੀ ਸਮੇਂ ਤੋਂ ਲਾਵਾਰਸ ਖੜ੍ਹੀ ਹੋਈ ਸੀ। ਰੈਲੀ ਵਾਲੀ ਸਟੇਜ਼ ਤੋਂ ਕਈ ਵਾਰ ਅਨਾਊਂਸ ਵੀ ਕੀਤਾ ਗਿਆ ਕਿ ਇਹ ਮਾਰੂਤੀ ਕਾਰ ਪਾਸੇ ਕੀਤੀ ਜਾਵੇ, ਪਰ ਉਸ ਵੇਲੇ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਮਰੂਤੀ ਕਾਰ ਅਕਾਲੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਗੱਡੀ ਦੇ ਬਿੱਲਕੁੱਲ ਨਾਲ ਜਾਣ ਬੁੱਝ ਕੇ ਖੜ੍ਹੀ ਕੀਤੀ ਗਈ ਹੈ।
ਇਸ ਧਮਾਕੇ ਵਿਚ ਹਰਮਿੰਦਰ ਸਿੰਘ ਜੱਸੀ ਦਾ ਦਫਤਰ ਸਕੱਤਰ, ਦੋ ਮੰਗਤੇ, ਤਿੰਨ ਬੱਚੇ ਅਤੇ ਇਕ ਰੈਲੀ ਦੇਖਣ ਆਇਆ ਵਿਅਕਤੀ ਮੌਤ ਦੇ ਮੂੰਹ ਜਾ ਚੁੱਕਾ ਹੈ। ਜਖਮੀਆਂ ਵਿਚ ਵੀ ਜਿਆਦਾਤਰ ਬੱਚੇ ਹੀ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਮਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਜਦੋਂ ਉਸਦੀ ਗੱਡੀ ਦੇ ਪਿੱਛੇ ਧਮਾਕਾ ਹੋਇਆ ਤਾਂ ਉਸ ਨੂੰ ਇੰਝ ਲੱਗਾ ਜਿਵੇਂ ਬਿਜਲੀ ਡਿੱਗੀ ਹੋਵੇ। ਜਦੋਂ ਉਸਦੇ ਸੁਰੱਖਿਆ ਗਾਰਦਾਂ ਨੇ ਉਸ ਨੂੰ ਦੂਸਰੀ ਗੱਡੀ ਵਿਚ ਬਿਠਾ ਲਿਆ ਤਾਂ ਇਕ ਹੋਰ ਧਮਾਕਾ ਹੋ ਗਿਆ। ਇਸ ਪਿਛੋਂ ਉਹ ਭੱਜ ਕੇ ਨੇੜੇ ਦੀ ਦੁਕਾਨ ਵਿਚ ਚਲੇ ਗਏ।
ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਵਲੋਂ ਵੀ ਅੱਜ ਬੰਬ ਧਮਾਕੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ।