
ਪਟਿਆਲਾ, 1 ਫਰਵਰੀ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਸੂਬੇ ਅੰਦਰ ਖਾਲਿਸਤਾਨ ਕਮਾਂਡੋ ਫੋਰਸ ਵਰਗੀ ਉਗਰਵਾਦੀ ਸੰਸਥਾ ਨੂੰ ਵਾਧਾ ਦੇਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ, ਬੁੱਧਵਾਰ ਨੂੰ ਕਿਹਾ ਕਿ ਮੌੜ ਬੰਬ ਬਲਾਸਟ ਅਤੇ ਇਸ ਤੋਂ ਬਾਅਦ ਬਠਿੰਡਾ ‘ਚ ਫਾਇਰਿੰਗ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਖਾਲਿਸਤਾਨੀਆਂ ਦੇ ਖਤਮ ਹੋ ਚੁੱਕੇ ਅੱਤਵਾਦੀ ਸੈੱਲ ਇਕ ਵਾਰ ਫਿਰ ਤੋਂ ਸਰਗਰਮ ਹੋਣ ਲੱਗੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਇਕ ਉਗਰਵਾਦੀ ਦੇ ਘਰ ‘ਚ ਠਹਿਰਣ ਵਾਲੇ ਕੇਜਰੀਵਾਲ, ਆਪ ਦੀਆਂ ਉਗਰ ਖੱਬੀਆਂ ਤੇ ਸੱਜੀਆਂ ਵਿਚਾਰਧਾਵਾਂ ਦੇ ਮੇਲ ਨਾਲ ਖੁਦ ਆਪਣੀਆਂ ਗਤੀਵਿਧੀਆਂ ਰਾਹੀਂ ਅੱਤਵਾਦੀ ਤਾਕਤਾਂ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਉਗਰ ਹਿੰਸਾ ਰਾਹੀਂ, ਪਾਕਿਸਤਾਨ ਦੀ ਆਈ.ਐਸ.ਆਈ ਦੇਸ਼ ‘ਚ ਹਮਲੇ ਕਰਨ ਲਈ ਅਜਿਹੇ ਮੌਕਿਆਂ ਦਾ ਇੰਤਜ਼ਾਰ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਵਰਗੀਆਂ ਫਾਸੀਵਾਦੀ ਤਾਕਤਾਂ ਸਾਫ ਤੌਰ ‘ਤੇ ਪੰਜਾਬ ਅੰਦਰ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ‘ਚ ਵਾਧੇ ਲਈ ਦੋਸ਼ੀ ਹਨ ਅਤੇ ਦੋਵੇਂ ਸੱਤਾ ਹਾਸਿਲ ਕਰਨ ਲਈ ਕੁਝ ਵੀ ਕਰ ਸਕਦੀਆਂ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਹ ਵਾਰ ਵਾਰ ਚੋਣ ਕਮਿਸ਼ਨ ਨੂੰ 40000 ਤੋਂ ਵੱਧ ਬਾਹਰੀ ਵਿਅਕਤੀਆਂ ਦੇ ਪੰਜਾਬ ਅੰਦਰ ਵੜਨ ਖਿਲਾਫ ਚੇਤਾਵਨੀ ਦੇ ਰਹੇ ਸਨ, ਜਿਨ੍ਹਾਂ ਨੇ ਆਪ ਵੱਲੋਂ ਬਿਹਾਰ, ਝਾਰਖੰਡ ਤੇ ਉਤਰ ਪ੍ਰਦੇਸ਼ ਵਰਗੇ ਵੱਖ ਵੱਖ ਸੂਬਿਆਂ ਤੋਂ ਲਿਆਇਆ ਗਿਆ ਹੈ, ਪਰ ਚੋਣ ਕਮਿਸ਼ਨ ਕੋਈ ਵੀ ਕਾਰਵਾਈ ਕਰਨ ‘ਚ ਅਸਫਲ ਰਿਹਾ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਆਪ ਸਿੱਧੇ ਤੌਰ ‘ਤੇ ਬੰਬ ਬਲਾਸਟ ਦੀ ਘਟਨਾ ਲਈ ਜ਼ਿੰਮੇਵਾਰ ਨਹੀਂ ਹੈ, ਪਰ ਉਹ ਸਪੱਸ਼ਟ ਤੌਰ ‘ਤੇ ਉਗਰ ਵਿਚਾਰਧਾਰਾ ਤੇ ਤਾਕਤਾਂ ਨੂੰ ਵਾਧਾ ਜ਼ਰੂਰ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਘਟਨਾ ਦੀ ਜ਼ਿੰਮੇਵਾਰੀ ਕੇਜਰੀਵਾਲ ਨੂੰ ਜਾਂਦੀ ਹੈ, ਜਿਹੜੇ ਸੂਬੇ ਅੰਦਰ ਚੋਣ ਪ੍ਰਚਾਰ ਦੌਰਾਨ ਫਾਸੀਵਾਦ ਨੂੰ ਪ੍ਰਮੋਟ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਜਰੀਵਾਲ ਨੂੰ ਕਿਸੇ ਦੇ ਜਿਉਣ ਜਾਂ ਮਰਨ ਦੀ ਕੋਈ ਚਿੰਤਾ ਨਹੀਂ ਹੈ। ਜਿਸ ‘ਤੇ, ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਤੋਂ ਬਾਹਰ ਰੱਖੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਆਗੂ ਅਜਿਹੀਆਂ ਘਟਨਾਵਾਂ ਦੇ ਨਤੀਜਿਆਂ ਤੋਂ ਅਨਜਾਨ ਪ੍ਰਤੀਤ ਹੁੰਦੇ ਹਨ, ਲੇਕਿਨ ਕੇਜਰੀਵਾਲ ਜ਼ਲਦੀ ਹੀ ਇਨ੍ਹਾਂ ਨੂੰ ਸਮਝ ਜਾਣਗੇ, ਕਿਉਂਕਿ ਜੇ ਤੁਸੀਂ ਅੱਗ ਨਾਲ ਖੇਡਦੇ ਹੋ, ਤਾਂ ਤੁਹਾਡਾ ਹੀ ਜੱਲਣਾ ਨਿਸ਼ਚਿਤ ਹੈ।
ਕੈਪਟਨ ਅਮਰਿੰਦਰ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਵਿਸਫੋਟ ਕਰਨ ਲਈ ਮੌੜ ‘ਚ ਦੋ ਬੰਬ ਲਗਾਏ ਗਏ ਸਨ, ਪਰ ਚੰਗਾ ਰਿਹਾ ਕਿ ਦੂਜਾ ਸਫਲ ਨਹੀਂ ਹੋ ਸਕਿਆ। ਜਿਸ ‘ਤੇ, ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਉਪਰ ਵੀ ਸੂਬੇ ਅੰਦਰ ਫਾਸੀਵਾਦ ਨੂੰ ਸ਼ੈਅ ਦੇਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਭਰੋਸਾ ਹੈ ਕਿ ਪੰਜਾਬ ਦੇ ਵੱਖ ਵੱਖ ਹਿੱਸਿਆ ‘ਚ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ‘ਚ ਵਾਧੇ ਲਈ ਅਕਾਲੀ ਆਗੂ ਜ਼ਿੰਮੇਵਾਰ ਹਨ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ 1984 ਦੇ ਦੰਗਿਆਂ ‘ਚ ਆਰ.ਐਸ.ਐਸ ਦੀ ਵੀ ਸ਼ਮੂਲੀਅਤ ਪਾਈ ਗਈ ਸੀ ਅਤੇ ਇਸ ਸਬੰਧ ‘ਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ।
ਸਵਾਲਾਂ ਦਾ ਜਵਾਬ ਦਿੰਦਿਆਂ, ਉਨ੍ਹਾਂ ਨੇ ਕਿਹਾ ਕਿ ਨਾਭਾ ਜੇਲਬ੍ਰੇਕ ਦੀ ਸਾਜਿਸ਼ ਵੀ ਬਾਦਲਾਂ ਵੱਲੋਂ ਰੱਚੀ ਗਈ ਸੀ, ਜਿਹੜੇ ਸੋਚੀ ਸਮਝੀ ਸਾਜਿਸ਼ ਹੇਠ ਚੋਣ ਪ੍ਰੀਕ੍ਰਿਆ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦਾ ਕਾਰਨ ਇਨ੍ਹਾਂ ਨੂੰ ਚੋਣਾਂ ਦੌਰਾਨ ਹਾਰ ਤੈਅ ਨਜ਼ਰ ਆਉਣੀ ਹੈ। ਇਸ ਲੜੀ ਹੇਠ, ਇਹ ਹਥਿਆਰਬੰਦ ਗਿਰੋਹਾਂ ਨੂੰ ਅਜ਼ਾਦ ਛੱਡ ਕੇ ਵੋਟਰਾਂ ਅੰਦਰ ਡਰ ਪੈਦਾ ਕਰਦਿਆਂ, ਲੋਕਾਂ ਨੂੰ ਅਕਾਲੀਆਂ ਨੂੰ ਵੋਟ ਦੇਣ ਲਈ ਮਜ਼ਬੂਰ ਕਰਨਾ ਚਾਹੁੰਦੇ ਹਨ।