best platform for news and views

ਮੌਤ ਤੋਂ ਮਹੀਨੇ ਬਾਅਦ ਦੁਬਈ ਤੋਂ ਕੁਲਦੀਪ ਦੀ ਮ੍ਰਿਤਕ ਦੇਹ ਵਤਨ ਪੁੱਜੀ 

Please Click here for Share This News
ਹੁਣ ਤੱਕ ਟਰੱਸਟ 119 ਬਦਨਸੀਬ ਨੌਜੁਆਨਾਂ ਦੀਆਂ ਮ੍ਰਿਤਕ ਦੇਹਾਂ ਵਾਰਿਸਾਂ ਤੱਕ ਪਹੁੰਚਾ ਚੁੱਕਾ – ਸੰਧੂ,ਘਈ
ਰਾਜਨ ਮਾਨ
ਅੰਮ੍ਰਿਤਸਰ, 23 ਜੂਨ : ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 32 ਸਾਲਾ ਕੁਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਜਲੰਧਰ ਸ਼ਹਿਰ ਦੀ ਬਸਤੀ ਬਾਵਾ ਖੇਲ ਨਾਲ ਸੰਬੰਧਿਤ ਮ੍ਰਿਤਕ ਕੁਲਦੀਪ ਸਿੰਘ ਅਜੇ ਬੀਤੀ 11 ਮਈ ਨੂੰ ਹੀ ਦੁਬਈ ਗਿਆ ਸੀ ਕਿ ਕੇਵਲ 11 ਦਿਨ ਬਾਅਦ ਹੀ ਭਾਵ 22 ਮਈ ਨੂੰ ਦੁਬਈ ‘ਚ ਉਸਦਾ ਕਤਲ ਹੋ ਗਿਆ ਸੀ।
      ਜਦ ਭਾਰਤ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਕੁਲਦੀਪ  ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਅਾਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅਤੇ ਅਾਪਣੇ ਕੋਲੋੰ ਲੋੜੀਂਦਾ ਖਰਚ ਕਰ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।
         ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ  ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ,ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 119 ਬਦਨਸੀਬ ਨੌਜੁਆਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਜਦ ਕਿ ਪਿਛਲੇ 10 ਦਿਨਾਂ ਅੰਦਰ ਹੀ ਟਰੱਸਟ ਵੱਲੋਂ 3 ਨੌਜਵਾਨਾਂ ਦੇ ਮਿ੍ਤਕ ਸਰੀਰ ਲਿਅਾਂਦੇ ਗਏ ਹਨ। ਕੁਲਦੀਪ  ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।
ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਲੈ ਕੇ ਆਏ ਮ੍ਰਿਤਕ ਨੌਜੁਆਨ ਦੇ ਭਰਾ ਲਖਵੀਰ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰ ਹਰਜਿੰਦਰ ਕੁਮਾਰ,ਲਵਦੀਪ ਅਰੋੜਾ,ਹਰਪ੍ਰਦੀਪ ਸਿੰਘ,ਬਿਕਰਮਜੀਤ ਸਿੰਘ ,ਸਿਮਰਨਜੀਤ ਸਿੰਘ ਤੇ ਗੌਰੀ ਆਦਿ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ।

Please Click here for Share This News

Leave a Reply

Your email address will not be published. Required fields are marked *