best platform for news and views

ਮੋਦੀ ਸਰਕਾਰ ਦਾ ਰਵਈਆ ਕਿਸਾਨ ਅਤੇ ਪੰਜਾਬ ਵਿਰੋਧੀ ਰਿਹਾ -ਸੁੁਨੀਲ ਜਾਖੜ

Please Click here for Share This News
 ਰਾਜਨ ਮਾਨ
 ਗੁਰਦਾਸਪੁਰ , 28 ਅਪ੍ਰੈਲ: ਲੋਕ ਸਭਾ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਇੱਥੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਧਨਾਢ ਸਾਹੂਕਾਰਾਂ ਦੀ ਸਰਕਾਰ ਦੱਸਦਿਆਂ ਕਿਹਾ ਹੈ ਕਿ ਭਾਜਪਾ ਨੂੰ ਨਾ ਤਾਂ ਪੰਜਾਬ ਨਾਲ ਕੋਈ ਦਰਦ ਹੈ ਅਤੇ ਨਾ ਹੀ ਉਸਨੂੰ ਕਿਸਾਨਾਂ ਦੀ ਕੋਈ ਫਿਕਰ ਹੈ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸੰਦਾਂ, ਖਾਦਾਂ, ਕੀਟਨਾਸਕਾਂ ਤੇ ਜੀਐਸਟੀ ਲਗਾ ਕੇ ਇਕ ਪਾਸੇ ਦੇਸ਼ ਦੇ ਅੰਨਦਾਤੇ ਤੇ ਬੋਝ ਪਾਇਆ ਉਥੇ ਹੀ ਇਸ ਸਰਕਾਰ ਨੇ ਗੁਰੂ ਘਰਾਂ ਦੇ ਲੰਗਰ ਤੇ ਵੀ ਜੀਐਸਟੀ ਲਗਾ ਦਿੱਤਾ ਸੀ। ਉਨਾਂ ਨੇ ਕਿਹਾ ਕਿ ਕੇਂਦਰ ਵਿਚ ਇਕ ਵਜੀਰੀ ਦੇ ਲਾਲਚ ਵਿਚ ਅਕਾਲੀ ਦਲ ਦੇ ਆਗੂਆਂ ਨੇ ਵੀ ਲੰਗਰ ਤੇ ਲਗਾਏ ਜੀਐਸਟੀ ਖਿਲਾਫ ਅਵਾਜ ਨਹੀਂ ਚੁੱਕੀ ਸੀ, ਪਰ ਉਨਾਂ ਨੇ ਦਿੱਲੀ ਵਿਚ ਇਸ ਜਜੀਏ ਖਿਲਾਫ ਅਵਾਜ ਬੂਲੰਦ ਕਰਕੇ ਇਹ ਕਰ ਵਾਪਸ ਲੈਣ ਲਈ ਮਜਬੂਰ ਕੀਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ 2014 ਵਿਚ ਸਵਾਮੀਨਾਥਨ ਰਿਪੋਟ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਕਿਸਾਨੀ ਸਭ ਤੋਂ ਵੱਧ ਨਪੀੜੀ ਗਈ ਹੈ। ਉਨਾਂ ਨੇ ਕਿਹਾ ਕਿ ਦਿੱਲੀ ਤੱਕ ਸਾਡੀ ਪਰਾਲੀ ਦਾ ਧੂੰਆ ਤਾ ਪੁੱਜਦਾ ਹੈ ਪਰ ਕਰਜੇ ਕਾਰਨ ਆਤਮਹੱਤਿਆਵਾਂ ਕਰਨ ਵਾਲੇ ਕਿਸਾਨਾਂ ਦੀਆਂ ਚਿਖਾਵਾਂ ਦਾ ਧੂੰਆਂ ਦਿੱਲੀ ਦੇ ਭਾਜਪਾ ਸਿਆਸਤਦਾਨਾਂ ਤੱਕ ਨਹੀਂ ਪੁੱਜਾ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ ਮਾਫੀ ਲਈ ਕੁਝ ਨਹੀਂ ਕੀਤਾ ਜਦ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਆਪਣੇ ਸੀਮਤ ਵਿੱਤੀ ਸਾਧਨ ਹੋਣ ਦੇ ਬਾਜਜੂਦ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਕਰਜ ਮਾਫ ਕੀਤੇ ਗਏ ਹਨ। ਉਨਾਂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕਿਸਾਨੀ, ਵਪਾਰ, ਉਦਯੋਗ ਸਭ ਚੌਪਟ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਹੁਣ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਨ ਲਈ ਭਾਰਤ ਸਰਕਾਰ ਦੀ ਏਂਜਸੀ ਐਫ.ਸੀ.ਆਈ. ਵੱਲੋਂ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਭਾਜਪਾ ਸਰਕਾਰ ਦੀ ਵਿਦੇਸ਼ ਅਤੇ ਆਰਥਿਕ ਨੀਤੀਆਂ ਨੂੰ ਅਸਫਲ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਦੋ ਨੌਜਵਾਨ ਦੇ ਦੁਬਈ ਵਿਚ ਸਿਰ ਕਲਮ ਕਰ ਦਿੱਤੇ ਗਏ ਅਤੇ ਹੁਣ ਉਨਾਂ ਦੀਆਂ ਮ੍ਰਿਤਕ ਦੇਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਅਜਿਹੇ ਵਿਚ ਪ੍ਰਧਾਨ ਮੰਤਰੀ ਦੇ ਦੁਨੀਆਂ ਦਰਸ਼ਨ ਲਈ ਕੀਤੇ ਦੌਰਿਆਂ ਅਤੇ ਵਿਸਵ ਮੰਚ ਤੇ ਅਖੌਤੀ ਧਾਕ ਦਾ ਸੱਚ ਸਾਹਮਣੇ ਆ ਜਾਂਦਾ ਹੈ। ਉਨਾਂ ਨੇ ਕਿਹਾ ਕਿ ਅਰਥਸਾਸ਼ਤਰੀ ਸ੍ਰੀ ਮਨਮੋਹਨ ਸਿੰਘ ਜਦ ਪ੍ਰਧਾਨ ਮੰਤਰੀ ਸਨ ਤਾਂ 104 ਡਾਲਰ ਦੇ ਭਾਅ ਕੱਚਾ ਤੇਲ ਖਰੀਦ ਕਰਕੇ 52 ਰੁਪਏ ਲੀਟਰ ਡੀਜਲ ਦੇਸ਼ ਦੇ ਲੋਕਾਂ ਨੂੰ ਮੁਹਈਆ ਕਰਵਾ ਰਹੇ ਸਨ ਜਦ ਕਿ ਹੁਣ ਵਪਾਰੀ ਬਣੇ ਪ੍ਰਧਾਨ ਮੰਤਰੀ ਦੀ ਸਰਕਾਰ 61 ਡਾਲਰ ਦੇ ਭਾਅ ਕੱਚਾ ਤੇਲ ਖਰੀਦ ਕੇ 67 ਰੁਪਏ ਦੇ ਭਾਅ ਡੀਜਲ ਵੇਚ ਕੇ ਲੋਕਾਂ ਨੂੰ ਲੁੱਟ ਰਹੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਨੋਂ ਧਰਮ ਦੇ ਨਾਂਅ ਤੇ ਸਿਆਸਤ ਕਰਦੇ ਹਨ ਜਦ ਕਿ ਕਾਂਗਰਸ ਪਾਰਟੀ ਵਿਕਾਸ ਦੀ ਗੱਲ ਕਰਦੀ ਹੈ। ਉਨਾਂ ਨੇ ਕਿਹਾ ਕਿ ਭਾਜਪਾ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਇਸੇ ਲਈ ਉਸਨੇ ਫਿਲਮੀ ਸਿਤਾਰੇ ਨੂੰ ਮੁਬੰਈ ਤੋਂ ਚੋਣ ਮੈਦਾਨ ਵਿਚ ਲਿਆਂਦਾ ਹੈ। ਉਨਾਂ ਨੇ ਕਿਹਾ ਕਿ ਸਾਂਸਦ ਦਾ ਕੰਮ ਆਪਣੇ ਲੋਕਾਂ ਦੀ ਅਵਾਜ ਬਣਨਾ ਹੁੰਦਾ ਹੈ, ਜੋ ਇਲਾਕੇ ਦਾ ਵਿਕਾਸ ਕਰ ਸਕੇ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਐਲਾਣ ਕੀਤਾ ਹੈ ਕਿ ਜਿਸ ਪਰਿਵਾਰ ਦੀ ਆਮਦਨ ਮਹੀਨਾਵਾਰ 12000 ਤੋਂ ਘੱਟ ਹੋਵੇਗੀ ਉਸਨੂੰ 6000 ਰੁਪਏ ਦੀ ਮਦਦ ਦਿੱਤੀ ਜਾਵੇਗੀ।
ਇਸ ਮੌਕੇ ਪੰਚਾਇਤੀ ਰਾਜ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਦਰਜ ਕਰੇਗੀ। ਉਨਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਹੁਣ ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਵਿਕਾਸ ਦੀ ਇਹ ਗਤੀ ਹੋਰ ਤੇਜ ਹੋਵੇਗੀ। ਇਸ ਮੌਕੇ ਕਾਂਗਰਸ ਜ਼ਿਲਾ ਪ੍ਰਧਾਨ ਰੌਸ਼ਨ ਜੌਸ਼ਫ ਸਮੇਤ ਇਲਾਕੇ ਦੀ ਲੀਡਰਸ਼ਿਪ ਵੀ ਹਾਜਰ ਸੀ।
Please Click here for Share This News

Leave a Reply

Your email address will not be published. Required fields are marked *