
ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਜ਼ੋਰਦਾਰ ਹਮਾਇਤ ਦੇਣ ਵਾਲੀ ਪੰਜਾਬ ਦੀ ਜਨਤਾ ਦਾ ਅੱਜ ਧੰਨਵਾਦ ਕੀਤਾ। ਉਨਾਂ ਕਿਹਾ ਕਿ ‘ਆਪ’ ਨਿਸ਼ਚਤ ਤੌਰ ਉੱਤੇ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਗਿਣਤੀ ਵਿੱਚ ਸੀਟਾਂ ਹਾਸਲ ਕਰ ਕੇ ਇਤਿਹਾਸ ਰਚੇਗੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਰਿਵਾਰਕ ਹਕੂਮਤ ਵਿਰੁੱਧ ਇੱਕ ਨਵਾਂ ਪੰਜਾਬ ਸਿਰਜਣ ਲਈ ਇਨਕਲਾਬ ਲਿਆਉਣ ਦਾ ਸਿਹਰਾ ਪੰਜਾਬ ਦੀ ਜਨਤਾ ਸਿਰ ਹੀ ਬੱਝਦਾ ਹੈ। ਉਨਾਂ ਕਿਹਾ ਕਿ ਇਹ ਚੋਣ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕਰੇਗੀ। ਉਨਾਂ ਕਿਹਾ ਕਿ ਜੀਵਨ ਦੇ ਹਰ ਵਰਗ ਦੇ ਲੋਕਾਂ ਨੇ ਸਾਰੀਆਂ ਰਵਾਇਤੀ ਪਾਰਟੀ ਲੀਹਾਂ ਨੂੰ ਤੋੜ ਕੇ ਅਤੇ ਜਾਤ-ਪਾਤ ਤੇ ਸਿਧਾਂਤਾਂ ਤੋਂ ਉਤਾਂਹ ਉੱਠ ਕੇ ਇੱਕ ਪ੍ਰਸੰਨ-ਚਿੱਤ ਤੇ ਖ਼ੁਸ਼ਹਾਲ ਪੰਜਾਬ ਦੀ ਸਥਾਪਨਾ ਦੀ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਉਨਾਂ ਕਿਹਾ,‘‘ਮੈਂ ਇੱਕ ਵਾਰ ਫਿਰ ਪੰਜਾਬ ਦੀ ਸਮੂਹ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਇੱਕ ਈਮਾਨਦਾਰ ਤੇ ਪ੍ਰਗਤੀਸ਼ੀਲ ਸਰਕਾਰ ਮੁਹੱਈਆ ਕਰਵਾਏਗੀ।’’
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਲੰਮਾ ਸਮਾਂ ਅਰਾਜਕਤਾ, ਨਸ਼ਿਆਂ ਦੀ ਸਮੱਸਿਆ, ਬੇਰੋਜ਼ਗਾਰੀ ਤੇ ਭਿ੍ਰਸ਼ਟ ਹਕੂਮਤ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ ਕਿਹਾ ਕਿ ਇਹ ਇਹ ਚੋਣਾਂ ਲੋਕਾਂ ਵੱਲੋਂ ਲੋਕਾਂ ਲਈ ਲੜੇ ਗਏ ਸਨ। ਮੈਂ ਪੰਜਾਬ ਦੀ ਜਨਤਾ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਨੇਪਰੇ ਚਾੜਨ ਲਈ ਵੀ ਵਧਾਈ ਦਿੰਦਾ ਹਾਂ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਸ਼ਲਾਘਾ ਦੇ ਹੱਕਦਾਰ ਹਨ, ਜਿਨਾਂ ਨੇ ਕੁਝ ਸੌੜੇ ਹਿਤਾਂ ਵਾਲੇ ਲੋਕਾਂ ਵੱਲੋਂ ਭੜਕਾਹਟ ਪੈਦਾ ਕੀਤੇ ਜਾਣ ਦੇ ਬਾਵਜੂਦ ਉੱਚ ਪੱਧਰ ਦਾ ਸੰਜਮ ਬਣਾ ਕੇ ਰੱਖਿਆ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਪਹਿਲਾਂ ਹੀ ਜੰਗ ਜਿੱਤ ਚੁੱਕੀ ਹੈ ਅਤੇ ਹੁਣ ਰਸਮੀ ਨਤੀਜਿਆਂ ਦਾ ਐਲਾਨ ਹੀ 11 ਮਾਰਚ ਨੂੰ ਹੋਣਾ ਹੈ।