ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ
ਸਾਡਾ ਪੁਰਾਤਨ ਵਿਰਸਾ ਬੜਾ ਹੀ ਖੂਬਸੂਰਤ ਸੀ ਔਰਤਾਂ ਦੇ ਕੰਮ ਦੀ ਹਰ ਚੀਜ਼ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਸਜੀ ਸੰਵਰੀ ਤੇ ਸ਼ਿੰਗਾਰੀ ਹੁੰਦੀ ਸੀ। ਮਿਸਾਲ ਵਜੋਂ ਚਰਖਾ ਹੀ ਦੇਖ ਲਵੋ ਸਾਡੇ ਘਰ ਮੇਰੀ ਦਾਦੀ ਜੀ ਦਾ ਚਰਖਾ ਹਾਲੇ ਤੱਕ ਪਿਆ ਹੋਇਆ ਹੈ ।ਉਸ ਵਿਚ ਪਿੱਤਲ ਦੀਆਂ ਮੇਖਾਂ ਤੇ ਚਿੜੀਆਂ ਇੰਨੀ ਖੂਬਸੂਰਤੀ ਨਾਲ ਜੁੜੀਆਂ ਹੋਈਆਂ ਨੇ ਕਿ ਦਿਲ ਉਸਨੂੰ ਦੇਖਕੇ ਅਸ਼-ਅਸ਼ ਕਰ ਉੱਠਦਾ ਹੈ। ਪੁਰਾਣੇ ਜ਼ਮਾਨੇ ਵਿੱਚ ਚਰਖਾ ਧੀਆਂ ਭੈਣਾਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਇਸ ਚਰਖੇ ਨਾਲ ਬਹੁਤ ਸਾਰੀਆਂ ਰੀਝਾਂ ਤੇ ਸੱਧਰਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਸਨ। ਸਾਰੀ ਜਿੰਦਗੀ ਦੀ ਧੀ ਆਪਣੇ ਬਾਬਲ ਦੁਆਰਾ ਰੀਝਾਂ ਨਾਲ ਬਣਵਾ ਕੇ ਦਿੱਤੇ ਚਰਖੇ ਦੀਆਂ ਵਡਿਆਈਆਂ ਕਰਦੀ ਨਾ ਥੱਕਦੀ ਸੀ। ਆਪਣੀ ਜਾਨ ਨਾਲੋਂ ਵੀ ਜ਼ਿਆਦਾ ਸੰਭਾਲ ਕੇ ਰੱਖਦੀ ਸੀ ।ਕਾਲੀ ਟਾਹਲੀ ਦਾ ਚਰਖਾ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ ਜਿਸ ਵਿੱਚੋਂ ਖੁਸ਼ਬੂ ਵੀ ਹੁੰਦੀ ਸੀ ਪੰਜਾਬੀ ਲੋਕ ਗੀਤਾਂ ਵਿੱਚ ਤਾਂ ਚੰਦਨ ਦੇ ਚਰਖੇ ਦਾ ਵੀ ਜ਼ਿਕਰ ਆਉਂਦਾ ਹੈ।
ਨੀਂ ਮੈਂ ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ,
ਸ਼ਾਵਾ ਚਰਖਾ ਚੰਨਣ ਦਾ,
ਇਹ ਚਰਖਾ ਮੇਰੀ ਮਾਂ ਨੇ ਦਿੱਤਾ,
ਵਿਚ ਲਵਾਈਆ ਮੇਖਾਂ,
ਹਰ ਪਲ ਮਾਂ ਨੂੰ ਯਾਦ ਕਰਾਂ,
ਜਦ ਚਰਖੇ ਵੱਲ ਵੇਖਾਂ,
ਚਰਖਾ ਚੰਨਣ ਦਾ।
ਪੁਰਾਣੇ ਸਮੇਂ ਵਿੱਚ ਤ੍ਰਿੰਜਣਾਂ ਵਿੱਚ ਇਕੱਠੀਆਂ ਹੋ ਕੇ ਕੁੜੀਆਂ ਸਾਰੀ ਸਾਰੀ ਰਾਤ ਚਰਖੇ ਕੱਤਦੀਆਂ ਤੇ ਨਾਲ ਲੰਮੀਆਂ ਹੇਕਾਂ ਵਾਲੇ ਗੀਤ ਛੋਹ ਲੈਂਦੀਆਂ। ਨਵੀਆਂ ਵਿਆਹੀਆਂ ਆਪਣੇ ਮਾਂ-ਬਾਪ ਭੈਣ ਭਰਾਵਾਂ ਦੀ ਯਾਦ ਵਿੱਚ ਗਾਉਂਦੀਆਂ ਤੇ ਜਿਨ੍ਹਾਂ ਦੇ ਕੰਤ ਪਰਦੇਸੀ ਹੁੰਦੇ, ਉਹ ਚਰਖਾ ਕੱਤਦੀਆਂ ਉਨ੍ਹਾਂ ਦੀਆਂ ਯਾਦਾਂ ਵਿੱਚ ਗੁਆਚ ਜਾਂਦੀਆਂ। ਚਰਖੇ ਦੀ ਘੂਕ ਦਿਲਾਂ ਤੇ ਜਾਦੂ ਵਰਗਾ ਅਸਰ ਕਰਦੀ।
ਜੋਗੀ ਉੱਤਰ ਪਹਾੜੋਂ ਆਏ,
ਚਰਖੇ ਦੀ ਘੂਕ ਸੁਣ ਕੇ।
ਚਰਖੇ ਦੇ ਨਾਲ ਕੱਤਣੀ ,ਅਟੇਰਨ ,ਗਲੋਟੇ, ਪੂਣੀਆਂ ਦਾ ਵੀ ਗੂੜ੍ਹਾ ਰਿਸ਼ਤਾ ਏ। ਜਿੱਥੇ ਚਰਖੇ ਦਾ ਜ਼ਿਕਰ ਹੁੰਦਾ ਹੈ ਉਥੇ ਇਹਨਾਂ ਚੀਜ਼ਾਂ ਦਾ ਵੀ ਜਿਕਰ ਹੋਣਾ ਲਾਜ਼ਮੀ ਹੈ। ਕੱਤਣੀ ਵਿਚ ਪੂਣੀਆਂ ਰੱਖੀਆਂ ਹੁੰਦੀਆਂ ਸਨ ਜੋ ਕਿ ਰੂੰ ਨੂੰ ਪਿੰਜ ਸਵਾਰ ਕੇ ਬਣਦੀਆਂ ਸਨ। ਗਲੋਟੇ ਤੰਦ ਕੱਤ ਕੱਤ ਕੇ ਬਣਦਾ ਸੀ। ਅਟੇਰਣ ਨਾਲ ਗਲੋਟੇ ਅਟੇਰਦੀ ਲੱਛੇ ਬਣਾਏ ਜਾਂਦੇ ਸਨ ਜੋ ਵੱਖ-ਵੱਖ ਮਕਸਦ ਲਈ ਵਰਤੇ ਜਾਂਦੇ ਸਨ।
ਚਰਖੇ ਤੋਂ ਸਾਡੀਆਂ ਪੰਜਾਬੀ ਔਰਤਾਂ ਦੇ ਮਿਹਨਤੀ ਤੇ ਕਰਮਠ ਹੋਣ ਦੀ ਗਵਾਹੀ ਵੀ ਮਿਲਦੀ ਹੈ। ਕਿਉਂਕਿ ਪੁਰਾਣੇ ਜ਼ਮਾਨੇ ਵਿਚ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ। ਹਰ ਕੰਮ ਤੇ ਬਹੁਤ ਮਿਹਨਤ ਲੱਗਦੀ ਸੀ। ਮਿਸਾਲ ਵਜੋਂ ਖੇਤਰ ਬਣਾਉਣ ਪਿਛੇ ਲੱਗਣ ਵਾਲੀ ਮਿਹਨਤ ਹੀ ਦੇਖ ਲਵੋ। ਕਿੰਨਾ ਸੰਜਮ ,ਸੰਤੋਖ ਨਾਲ ਇਹ ਕੰਮ ਸਿਰੇ ਚੜ੍ਹਦੇ ਸਨ। ਅੱਜ ਦੀ ਪੀੜ੍ਹੀ ਮਿਹਨਤ ਤੋਂ ਘਬਰਾਉਂਦੀ ਹੈ ਤੇ ਜਲਦੀ ਬਾਜੀ ਦੇ ਰਾਹ ਪੈ ਕੇ ਕਈ ਵਾਰ ਬਰਬਾਦੀ ਦੇ ਰਾਹ ਵੀ ਪੈ ਜਾਂਦੀ ਹੈ। ਸੋ ਸਾਨੂੰ ਸਾਡੇ ਸੱਭਿਆਚਾਰ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਚਰਖੇ ਬਾਰੇ ਅੱਜ ਦੀ ਪੀੜ੍ਹੀ ਨੂੰ ਵੀ ਦੱਸਣ ਦੀ ਲੋੜ ਹੈ ਕਿਉਂਕਿ, ਅੱਜ ਦੀ ਪੀੜੀ ਚਰਖੇ ਬਾਰੇ ਕੁਝ ਵੀ ਨਹੀਂ ਜਾਣਦੀ। ਉਨ੍ਹਾਂ ਨੂੰ ਇਹ ਸਿਰਫ਼ ਅਜਾਇਬ ਘਰ ਵਿੱਚ ਰੱਖਣ ਵਾਲੀ ਇਕ ਨੁਮਾਇਸ਼ੀ ਵਸਤੂ ਹੀ ਦਿਸਦੀ ਹੈ। ਪਰ ਚਰਖੇ ਦੇ ਬਣਨ ਦੇ ਪਿੱਛੇ ਜੋ ਜਜ਼ਬਾਤ, ਰੀਝਾਂ ਤੇ ਮਿਹਨਤ ਛੁਪੀ ਹੁੰਦੀ ਸੀ ,ਉਸ ਤੋਂ ਉਹ ਅਣਜਾਣ ਹਨ। ਚਰਖਾ ਆਪਣੇ ਆਪ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਜੋ ਕਿ ਅੱਜ ਦੀ ਪੀੜੀ ਨੂੰ ਦੱਸਣ ਦੀ ਜ਼ਰੂਰਤ ਹੈ।
ਘੁੰਮ ਚਰਖੜਿਆ ਘੁੰਮ ਵੇ ਤੇਰੀ ਕੱਤਣ ਵਾਲੀ ਜੀਵੇ।
ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ।
ਰਾਜਨਦੀਪ ਕੌਰ ਮਾਨ
6239326166