best platform for news and views

ਮੁੱਖ ਮੰਤਰੀ ਬਾਦਲ ਦੀ ਚੱਪਲ ਵੱਜਣ ਵਾਲੀ ਅੱਖ ਨੂੰ ਆਈ ਸੋਜ

Please Click here for Share This News

ਇਕਬਾਲ ਸਿੰਘ ਸ਼ਾਂਤ

ਲੰਬੀ ਦਸ ਸਾਲਾਂ ਦੇ ਰਾਜ ਬਾਅਦ ਹੁਣ ਬਾਦਲਾਂ ਲਈ ਪੰਜਾਬ ’ਚ ਚੋਣ ਪ੍ਰਚਾਰ ਕਰਨਾ ਔਖਾ ਹੋ ਗਿਆ ਹੈ। ਅੱਜ ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ (ਛੋਟਾ) ਵਿਖੇ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਨੇ ਜੁੱਤੀ ਸੁੱਟੀ। ਚਸ਼ਮਦੀਦਾਂ ਅਨੁਸਾਰ ਜੁੱਤੀ ਮੁੱਖ ਮੰਤਰੀ ਦੇ ਚਿਹਰੇ ’ਤੇ ਵੱਜੀ ਅਤੇ ਉਨ੍ਹਾਂ ਦਾ ਚਸ਼ਮਾ ਨੁਕਸਾਨਿਆ ਗਿਆ। ਜੁੱਤੀ ਵੱਜਣ ਕਰਕੇ ਮੁੱਖ ਮੰਤਰੀ ਦੀ ਖੱਬੀ ਅੱਖ ਵੀ ਸੁੱਜ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ’ਚ ਜੁੱਤੀ ਸੁੱਟਣ ਵਾਲਾ ਗੁਰਬਚਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਛੋਟਾ ਭਰਾ ਹੈ। ਪੇਸ਼ੇ ਤੋਂ ਕਿਸਾਨ ਗੁਰਬਚਨ ਸਿੰਘ ਪਿੰਡ ਰੱਤਾ ਖੇੜਾ (ਛੋਟਾ) ਦਾ ਵਸਨੀਕ ਹੈ, ਜੋ ਅੱਜ-ਕੱਲ੍ਹ ਪਿੰਡ ਝੋਰੜਖੇੜਾ (ਅਬੋਹਰ)    ਰਹਿੰਦਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਜਦੋਂ ਆਪਣੀ ਤਕਰੀਰ ਮੁਕਾ ਕੇ ਕੁਰਸੀ ’ਤੇ ਬਿਰਾਜਮਾਨ ਹੋਏ ਤਾਂ ਪੰਡਾਲ ’ਚ ਆਮ ਜਨਤਾ ’ਚ ਤੀਜੀ ਕਤਾਰ ਵਿੱਚ ਬੈਠਾ 40-42 ਸਾਲਾ ਗੁਰਬਚਨ ਸਿੰਘ ਖੜ੍ਹਾ ਹੋ ਗਿਆ ਅਤੇ ਮੁੱਖ ਮੰਤਰੀ ਵੱਲ ਆਪਣੀ ਜੁੱਤੀ ਵਗਾਹ ਮਾਰੀ ਅਤੇ ਆਖਣ ਲੱਗਾ, ‘ਇਸ ਨੇ ਸ੍ਰੀ ਗੁਰੂ ਗ੍ਰੰੰਥ ਸਾਹਿਬ ਦੀ ਬੇਅਦਬੀ ਕਰਵਾਈ, ਇੱਕ ਵਾਰ ਨਹੀਂ ਵਾਰ-ਵਾਰ ਕਰਵਾਈ। ਕੋਈ ਕਰਵਾਈ ਨਹੀਂ ਅਤੇ ਸ੍ਰੀ ਗੁਰੂ ਗ੍ਰੰਥ ਸਿੰਘ ਨੂੰ ਰੱਜ ਕੇ ਜ਼ਲੀਲ ਕੀਤਾ।’ ਗੁਰਬਚਨ ਸਿੰਘ ਦੇ ਅਚਨਚੇਤੀ ਹਮਲੇ ਤੋਂ ਭਮੱਤਰੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਚਸ਼ਮਦੀਦਾਂ ਅਨੁਸਾਰ ਗੁਰਬਚਨ ਸਿੰਘ ਨੂੰ ਪੁਲੀਸ ਵੱਲੋਂ ਫੜਨ ’ਤੇ ਪਿੰਡ ਦੀਆਂ ਔਰਤਾਂ ਗੁਰਬਚਨ ਸਿੰਘ ਦੀ ਹਮਾਇਤ ’ਤੇ ਆ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਾਦਲ ਨੂੰ ਜ਼ਿੰਮੇਵਾਰ ਦੱਸਣ ਲੱਗੀਆਂ। ਇਸ ਘਟਨਾ ਮਗਰੋਂ ਸ੍ਰੀ ਬਾਦਲ ਉਥੋਂ ਚਲੇ ਗਏ। ਗੁਰਬਚਨ ਸਿੰਘ ਦਾ ਕਾਲੇ ਰੰਗ ਦਾ ਖੁੱਸਾ ਵੱਜਣ ਕਰਕੇ ਮੁੱਖ ਮੰਤਰੀ ਦੀ ਖੱਬੀ ਅੱਖ ’ਤੇ ਸੋਜ਼ ਆ ਗਈ। ਇਸ ਮਗਰੋਂ ਉਨ੍ਹਾਂ ਨੇ ਪਿੰਡ ਛਾਪਿਆਂਵਾਲੀ ਤੇ ਕੋਲਿਆਂਵਾਲੀ ’ਚ ਮਹਿਜ਼ ਦੋ ਦੋ ਮਿੰਟ ਹੀ ਤਕਰੀਰ ਕੀਤੀ।
ਦੁਪਹਿਰ ਦੇ ਖਾਣੇ ਸਮੇਂ ਮੁੱਖ ਮੰਤਰੀ ਦੀ ਸੁੱਜੀ ਅੱਖ ਦੀ ਸਿਵਲ ਹਸਪਤਾਲ, ਬਾਦਲ ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਸੋਜ ਘਟਾਉਣ ਲਈ ਅੱਖ ਨੂੰ ਟਕੋਰ ਕੀਤੀ। ਸੂਤਰਾਂ ਅਨੁਸਾਰ ਅੱਖ ਦਾ ਨਜ਼ਰ ਦਰੁਸਤ ਪਾਈ ਗਈ। ਬਾਅਦ ’ਚ ਮੁੱਖ ਮੰਤਰੀ ਨੇ ਕਿਹਾ, ‘ਇਹ ਵਿਰੋਧ ਨਹੀਂ। ਉਹ ਬੰਦਾ ਇੱਥੋਂ ਦਾ ਨਹੀਂ, ਅਬੋਹਰ ਰਹਿੰਦੈ। ਮੈਨੂੰ ਪਤਾ ਲੱਗਾ ਕਿ ਉਹ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਉਨ੍ਹਾਂ ਦਾ ਤਾਅਲੁਕ ਸਾਰੇ ਜਾਣਦੇ ਹੋਂ। ਸਾਰਾ ਰੱਤਾ ਖੇੜਾ ਪਿੰਡ ਸਾਡਾ ਮੁੱਦਈ ਹੈ। ਮੈਂ ਕਾਰਵਾਈ ਲਈ ਕੁਝ ਨਹੀਂ ਕਹਿਣਾ ਪੁਲੀਸ ਨੇ ਵੇਖਣਾ ਹੈ।’ ਐਨਕ ਟੁੱਟਣ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ, ‘ਵੇਖ ਲਓ ਮੇਰੀ ਉਹੀ ਐਨਕ ਹੈ।’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ 2014 ’ਚ ਲੁਧਿਆਣਾ ਵਿੱਚ ਇੱਕ ਸਿਆਸੀ ਸਮਾਗਮ ਦੌਰਾਨ ਇੱਕ ਬੇਰੁਜ਼ਗਾਰ ਨੇ ਸ੍ਰੀ ਬਾਦਲ ਵੱਲ ਜੁੱਤੀ ਸੁੱਟੀ ਸੀ। ਦੱਸਣਯੋਗ ਹੈ ਕਿ ਐਤਵਾਰ ਨੂੰ ਜਲਾਲਾਬਾਦ ਹਲਕੇ ’ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਲੋਕਾਂ ਨੇ ਪਥਰਾਅ ਕੀਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਗੁਰਬਚਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਧਾਰਾ 352/353/182 ਤਹਿਤ ਕੇਸ ਦਰਜ ਕੀਤਾ ਹੈ।
ਸੰਪਰਕ ਕਰਨ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਗੁਰਬਚਨ ਸਿੰਘ ਦੇ ਉਨ੍ਹਾਂ ਦਾ ਭਰਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ 4-5 ਦਿਨ ਪਹਿਲਾਂ ਉਸ ਨਾਲ ਫੋਨ ’ਤੇ ਆਮ ਵਾਂਗ ਗੱਲ ਹੋਈ ਸੀ। ਜੁੱਤੀ ਸੁੱਟਣ ਦੀ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਜਨਤਾ ’ਚ ਬਹੁਤ ਰੋਸ ਹੈ।

’84 ਸਿੱਖ ਕਤਲੇਆਮ ਦੇ ਰੋਸ ’ਚ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦੰਬਰਮ ’ਤੇ ਜੁੱਤੀ ਸੁੱਟ ਕੇ ਚਰਚਾ ’ਚ ਆਏ ‘ਆਪ’ ਆਗੂ ਜਰਨੈਲ ਸਿੰਘ (ਸਾਬਕਾ ਪੱਤਰਕਾਰ) ਨੇ ਮੁੱਖ ਮੰਤਰੀ ਬਾਦਲ ’ਤੇ ਜੁੱਤੀ ਸੁੱਟਣ ਦੀ ਘਟਨਾ ਨੂੰ ਅਕਾਲੀ ਸਰਕਾਰ ਦੀ ਗੁੰਡਾਗਰਦੀ ਖ਼ਿਲਾਫ਼ ਲੋਕਾਂ ਦਾ ਗੁੱਸਾ ਕਰਾਰ ਦਿੱਤਾ ਹੈ। ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ’ਚ ਅਕਾਲੀ ਸਰਕਾਰ ਦੀ ਗੁੰਡਾਗਰਦੀ, ਭ੍ਰਿਸ਼ਟਾਚਾਰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਲੋਕਾਂ ਦੇ ਗੁੱਸੇ ਦਾ ਉਬਾਲ ਨਿਕਲ ਰਿਹਾ ਹੈ ਅਤੇ ਇਹ ਵੋਟਾਂ ਵੇਲੇ ਵੀ ਦੇਖਣ ਨੂੰ ਮਿਲੇਗਾ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੱਪਲ ਮਾਰਨ ਵਾਲੇ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਲੈਜਾਂਦੀ ਹੋਈ ਪੁਲੀਸ

 

(we are thankful to punjabi tribune for published this item)

Please Click here for Share This News

Leave a Reply

Your email address will not be published. Required fields are marked *