
ਚੰਡੀਗੜ੍ਹ : ਭਾਵੇਂ ਪੂਰੇ ਦੇਸ਼ ਵਿਚੋਂ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਇਥੇ ਹਰ ਸੂਬੇ ਨਾਲੋਂ ਵੱਧ ਟੈਕਸ ਲਗਾਏ ਜਾਂਦੇ ਹਨ। ਹਰ ਤਰਾਂ ਦਾ ਟੈਕਸ ਬਾਕੀ ਸਾਰੇ ਸੂਬਿਆਂ ਨਾਲੋਂ ਪੰਜਾਬ ਵਿਚ ਵੱਧ ਵਸੂਲਿਆ ਜਾਂਦਾ ਹੈ। ਇਸ ਦੇ ਬਾਵਜੂਦ ਸੂਬੇ ਦਾ ਸਾਰਾ ਪ੍ਰਬੰਧ ਚਲਾਉਣ ਵਾਲਿਆਂ ਦੀ ਟੈਕਸ ਦੇਣ ਵਿਚ ਹਿੱਸੇਦਾਰੀ ਕਿੰਨੀ ਕੁ ਹੁੰਦੀ ਹੈ, ਇਸ ਦਾ ਅੰਦਾਜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਦਾ ਕੀਤੇ ਜਾਂਦੇ ਅਾਮਦਨ ਕਰ ਨਾਲ ਹੋ ਜਾਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਲੰਬੀ ਤੋਂ ਵਿਧਾਨ ਸਭਾ ਚੋਣ ਲੜਨ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਨਾਲ ਜੋ ਆਮਦਨ ਦੇ ਦਸਤਾਵੇਜ ਪੇਸ਼ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਸ੍ਰੀ ਬਾਦਲ ਨੇ ਆਪਣੀ ਅਾਮਦਨ 54.47 ਲੱਖ ਰੁਪਏ ਸਲਾਨਾ ਦਿਖਾਈ ਹੈ। ਦਸਤਾਵੇਜ਼ਾਂ ਅਨੁਸਾਰ ਸਾਲ 2015-2016 ਦੀ ਰਿਟਰਨ ਵਿਚ ਸ੍ਰੀ ਬਾਦਲ ਨੇ ਆਪਣੀ ਸਲਾਨਾ ਆਮਦਨ 54.47 ਲੱਖ ਰੁਪਏ ਦਰਸਾਈ ਹੈ, ਜਿਸ ਵਿਚੋਂ 48.84 ਲੱਖ ਰੁਪਏ ਖੇਤੀਬਾੜੀ ਦੀ ਆਮਦਨ ਦਿਖਾਈ ਗਈ ਹੈ, ਜਿਸ ਨੂੰ ਆਮਦਨ ਟੈਕਸ ਤੋਂ ਛੋਟ ਹੈ। ਭਾਵੇਂ ਸਾਡੀ ਟੀਮ ਵਲੋਂ ਇਕੱਤਰ ਜਾਣਕਾਰੀ ਵਿਚ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਰਿਟਰਨ ਵਿਚ ਸ੍ਰੀ ਬਾਦਲ ਨੇ ਕਿੰਨਾ ਟੈਕਸ ਭਰਿਆ, ਪਰ ਇਹ ਸਪਸ਼ਟ ਹੈ ਕਿ ਕੁੱਲ ਆਮਦਨ 54.47 ਲੱਖ ਵਿਚੋਂ ਖੇਤੀਬਾੜੀ ਦੀ ਆਮਦਨ 48.84 ਲੱਖ ਰੁਪਏ ਘਟਾ ਦੇਈਏ ਤਾਂ ਬਾਕੀ ਸਰੋਤਾਂ ਦੀ ਆਮਦਨ ਕੇਵਲ 5 ਲੱਖ 63 ਹਜਾਰ ਰੁਪੲੇ ਹੀ ਬਚਦੀ ਹੈ। ਇਸ ਵਿਚੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਵਿਚ ਗਿਣਿਆ ਜਾਂਦਾ ਹੈ। ਇਸ ਲਈ 5 ਲੱਖ ਰੁਪਏ ਤੱਕ ਦੀ ਆਮਦਨ ‘ਤੇ ਆਮਦਨ ਟੈਕਸ ਤੋਂ ਛੋਟ ਹੈ। ਇਸ ਤਰਾਂ ਬਾਕੀ ਟੈਕਸਯੋਗ ਆਮਦਨ ਸਿਰਫ 63 ਹਜਾਰ ਰੁਪਏ ਹੀ ਬਣਦੀ ਹੈ, ਜਿਸ ‘ਤੇ ਇਨਕਮ ਟੈਕਸ ਲਗਭਗ 13000 ਰੁਪਏ ਬਣਦਾ ਹੈ। ਸੁਭਾਵਿਕ ਹੀ ਹੈ ਕਿ ਸ੍ਰੀ ਬਾਦਲ ਨੇ ਜੀਵਨ ਬੀਮਾ ਪਾਲਿਸੀ ਜਾਂ ਅਜਿਹੀ ਹੀ ਕੋਈ ਹੋਰ ਸਕੀਮ ਵੀ ਲਈ ਹੋਵੇਗੀ, ਜਿਸ ਨੂੰ ਆਮਦਨ ਕਰ ਤੋਂ ਛੋਟ ਹੋਵੇਗੀ। ਜੇ ਇਸ ਤਰਾਂ ਹੋਇਆ ਤਾਂ ਸ੍ਰੀ ਬਾਦਲ ਦੀ ਟੈਕਸਯੋਗ ਆਮਦਨ ਬਿੱਲਕੁੱਲ ਹੀ ਨਹੀਂ ਬਚੇਗੀ। ਇਸ ਤਰਾਂ ਅੰਦਾਜਾ ਤਾਂ ਇਹ ਹੈ ਕਿ ਸ੍ਰੀ ਬਾਦਲ ਵਲੋਂ ਆਮਦਨ ਟੈਕਸ ਭਰਿਆ ਹੀ ਨਹੀਂ ਜਾਂਦਾ, ਜੇਕਰ ਭਰਿਆ ਵੀ ਗਿਆ ਹੋਇਆ ਤਾਂ 13000 ਤੋਂ ਵੱਧ ਨਹੀਂ ਹੋਵੇਗਾ। ਜਿਸ ਸੂਬੇ ਦਾ ਮੁੱਖ ਮੰਤਰੀ 13000 ਰੁਪੲੇ ਇਕ ਸਾਲ ਦਾ ਟੈਕਸ ਭਰਦਾ ਹੋਵੇ, ਉਸ ਬਾਰੇ ਬਹੁਤਾ ਕੁੱਝ ਕਹਿਣ ਦੀ ਲੋੜ ਨਹੀਂ।