9876071600
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਵਿਚ ਇਸ ਵਾਰ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਵਖਤ ਪਾਉਣ ਵਾਲੀ ਆਮ ਆਦਮੀ ਪਾਰਟੀ ਵਿਚ ਵੀ ਨਿੱਤ ਨਵੇਂ ਮੁੱਦੇ ਸਾਹਮਣੇ ਆ ਰਹੇ ਨੇ। ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਆਪਸੀ ਖਿੱਚੋਤਾਣ ਵਧਦੀ ਜਾ ਰਹੀ ਹੈ। ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦੇ ਐਲਾਨ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ਵਿਚ ਆਮ ਆਦਮੀ ਪਾਰਟੀ ਅੱਜ ਉਸ ਵੇਲੇ ਫਿਰ ਚਰਚਾ ਵਿਚ ਆ ਗਈ ਜਦੋਂ ਪਾਰਟੀ ਦੇ ਪੰਜਾਬ ਦੇ ਕਨਵੀਨਰ ਅਤੇ ਮੁੱਖ ਪ੍ਰਚਾਰਕ ਭਗਵੰਤ ਮਾਨ ਨੇ ਜਗਰਾਉਂ ਨੇੜੇ ਇਕ ਰੈਲੀ ਵਿਚ ਇਹ ਕਹਿ ਕੇ ਹੱਥ ਖੜ੍ਹੇ ਕਰਵਾਏ ਕਿ ਜੇ ਮੈਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਤਾਂ ਹੱਥ ਖੜ੍ਹੇ ਕਰੋ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸੇ ਵੀ ਆਪ ਆਗੂ ਨੂੰ ਮੁੱਖ ਮੰਤਰੀ ਵਜੋਂ ਨਹੀਂ ਉਭਾਰਨਾ ਚਾਹੁੰਦੇ।
ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਉਭਾਰ ਤੋਂ ਲੈ ਕੇ ਹੀ ਪਾਰਟੀ ਵਿਚ ਦੋ ਪ੍ਰਮੁੱਖ ਚਿਹਰੇ ਉਭਰ ਰਹੇ ਸਨ, ਜੋ ਮੁੱਖ ਮੰਤਰੀ ਦੀ ਕੁਰਸੀ ਦੇ ਯੋਗ ਸਮਝੇ ਜਾ ਰਹੇ ਸਨ। ਉਨ੍ਹਾਂ ਵਿਚ ਪਾਰਟੀ ਦੇ ਪ੍ਰਮੁੱਖ ਪ੍ਰਚਾਰਕ ਭਗਵੰਤ ਮਾਨ ਅਤੇ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਹੀ ਚਰਚਾ ਵਿਚ ਰਿਹਾ ਹੈ। ਪਰ ਪਾਰਟੀ ਵਿਚ ਚਲੇ ਵਿਵਾਦ ਕਾਰਨ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢੇ ਜਾਣ ਕਾਰਨ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ। ਭਗਵੰਤ ਮਾਨ ਜਿਥੇ ਪਾਰਟੀ ਦਾ ਪ੍ਰਮੁੱਖ ਪ੍ਰਚਾਰਕ ਹੈ, ਉਥੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਿਹਾ ਹੈ। ਇਸ ਵੇਲੇ ਭਾਵੇਂ ਭਗਵੰਤ ਮਾਨ ਤੋਂ ਬਾਅਦ ਵਿਚ ਪਾਰਟੀ ਵਿਚ ਸ਼ਾਮਲ ਹੋਏ ਗੁਰਪ੍ਰੀਤ ਘੁੱਗੀ ਉਰਫ ਗੁਰਪ੍ਰੀਤ ਸਿੰਘ ਵੜੈਚ ਵੀ ਪ੍ਰਮੁੱਖ ਆਗੂ ਸਮਝੇ ਜਾ ਰਹੇ ਹਨ, ਪਰ ਫਿਰ ਵੀ ਅਜੇ ਤੱਕ ਲੋਕਾਂ ਵਿਚ ਭਗਵੰਤ ਮਾਨ ਦਾ ਕੱਦ ਸਭ ਤੋਂ ਉੱਚਾ ਹੈ। ਪਰ ਦੂਜੇ ਪਾਸੇ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਪਾਰਟੀ ਦੇ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉਭਾਰਨ ਤੋਂ ਲਗਾਤਾਰ ਕੰਨੀ ਕਤਰਾ ਰਹੇ ਹਨ। ਇਥੋਂ ਤੱਕ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਤਾਂ ਸ੍ਰੀ ਕੇਜਰੀਵਾਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਹ ਹੋਵੇਗਾ, ਜੋ ਸ਼ਰਾਬ ਨੂੰ ਹੱਥ ਵੀ ਨਾ ਲਾਉਂਦਾ ਹੋਵੇ। ਦਿਲਚਸਪਤ ਤੱਥ ਇਹ ਵੀ ਹਨ ਕਿ ਭਗਵੰਤ ਮਾਨ ਦੇ ਵਿਰੋਧੀਆਂ ਵਲੋਂ ਇਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਸ਼ਰਾਬ ਪੀਂਦੇ ਹਨ ਅਤੇ ਸ਼ਰਾਬ ਪੀਣ ਕਾਰਨ ਉਹ ਕਈ ਵਾਰ ਵਿਵਾਦਾਂ ਵਿਚ ਵੀ ਘਿਰਦੇ ਰਹੇ ਹਨ। ਪਰ ਜੇ ਅਸਲੀਅਤ ਵੱਲ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਵਿਚ ਸ਼ਰਾਬ ਨੂੰ ਬਿੱਲਕੁੱਲ ਹੱਥ ਨਾ ਲਾਉਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਘੱਟ ਹੋਵੇਗੀ, ਕਿਉਂਕਿ ਪੰਜਾਬ ਵਿਚ ਤਾਂ ਹਰ ਖੁਸ਼ੀ ਦੇ ਮੌਕੇ ‘ਤੇ ਸ਼ਰਾਬ ਵਰਤਾਉਣ ਦਾ ਰਿਵਾਜ਼ ਹੈ। ਇਥੋਂ ਤੱਕ ਕਿ ਪੰਜਾਬ ਵਿਚ ਤਾਂ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ‘ਤੇ ਵੀ ਸ਼ਰਾਬ ਪੀਣ ਦੇ ਦੋਸ਼ ਲੱਗਦੇ ਰਹੇ ਹਨ। ਇਨ੍ਹਾਂ ਹਾਲਾਤਾਂ ਵਿਚ ਸ੍ਰੀ ਕੇਜਰੀਵਾਲ ਦਾ ਇਹ ਕਹਿਣਾ ਕਿ ਸਾਡਾ ਮੁੱਖ ਮੰਤਰੀ ਉਹ ਹੋਵੇਗਾ, ਜੋ ਸ਼ਰਾਬ ਨੂੰ ਹੱਥ ਵੀ ਨਾ ਲਾਉਂਦਾ ਹੋਵੇ, ਇਸ ਨੂੰ ਪੰਜਾਬ ਦੇ ਰਾਜਸੀ ਮਾਹਿਰਾਂ ਨੇ ਭਗਵੰਤ ਮਾਨ ਵੱਲ ਇਸ਼ਾਰਾ ਹੀ ਸਮਝਿਆ ਸੀ। ਦੂਜੇ ਪਾਸੇ ਭਗਵੰਤ ਮਾਨ ਵਲੋਂ ਰੈਲੀ ਵਿਚ ਆਪਣੇ ਮੁੱਖ ਮੰਤਰੀ ਬਨਣ ਦਾ ਲੋਕਾਂ ਤੋਂ ਹੁੰਗਾਰਾ ਭਰਵਾਉਣਾ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਜੇਕਰ ਆਮ ਆਦਮੀ ਦੀ ਸਰਕਾਰ ਬਣਦੀ ਹੈ ਤਾਂ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਮਜਬੂਤ ਦਾਅਵੇਦਾਰ ਹੋਣਗੇ। ਭਾਵੇਂ ਇਸ ਤੋਂ ਬਾਅਦ ਹੀ ਅੱਜ ਦਸੂਹਾ ਵਿਖੇ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਇਸ ਗੱਲ ਨੂੰ ਟਾਲਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਬਨਣ ਦੀ ਸੋਚ ਰੱਖਣ ਦਾ ਹੱਕ ਹੈ, ਪਰ ਇਹ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਸਭ ਅੱਛਾ ਨਹੀਂ ਹੈ। ਰਾਜਸੀ ਮਾਹਿਰ ਤਾਂ ਭਗਵੰਤ ਮਾਨ ਨੂੰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਮੈਦਾਨ ਵਿਚ ਉਤਾਰਨ ਨੂੰ ਵੀ ਇਸੇ ਮਾਮਲੇ ਨਾਲ ਜੋੜ ਕੇ ਦੇਖਦੇ ਹਨ, ਪਰ ਇਹ ਵੀ ਸਪਸ਼ਟ ਹੈ ਕਿ ਜੇਕਰ ਆਮ ਆਦਮੀ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦੀ ਕੁਰਸੀ ਦੇ ਸਭ ਤੋਂ ਮਜਬੂਤ ਦਾਅਵੇਦਾਰ ਭਗਵੰਤ ਮਾਨ ਹੀ ਹੋਣਗੇ ਅਤੇ ਵਰਕਰਾਂ ਦਾ ਹੁੰਗਾਰਾ ਵੀ ਉਨ੍ਹਾਂ ਦੇ ਨਾਲ ਹੀ ਹੋਵੇਗਾ, ਭਾਵੇਂ ਆਪ ਸੁਪਰੀਮੋ ਦਾ ਮਨ ਕਿਸੇ ਹੋਰ ਵੱਲ ਹੀ ਕਿਉਂ ਨਾ ਝੁਕਦਾ ਹੋਵੇ। ਇਸ ਤਰਾਂ ਜਿਵੇਂ ਜਿਵੇਂ ਚੋਣਾ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਆਮ ਆਦਮੀ ਪਾਰਟੀ ਵਿਚ ਖਿੱਚੋਤਾਣ ਵਧ ਰਹੀ ਹੈ, ਭਾਵੇਂ ਉਹ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਮਾਮਲਾ ਹੋਵੇ, ਭਾਵੇਂ ਪੁਰਾਣੇ ਵਰਕਰਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਸ਼ਾਮਲ ਹੋਏ ਆਗੂਆਂ ਨੂੰ ਦੇਣ ਦਾ।