
ਅੰਮ੍ਰਿਤਸਰ : ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਿੱਖ ਅਰਦਾਸ ਨਕਲ ਮਾਮਲੇ ਵਿਚ ਅਕਾਲੀ ਮੰਤਰੀ ਖਿਲਾਫ ਕੀਤੀ ਗਈ ਕਾਰਵਾਈ ਦੇ ਬਰਾਬਰ ਅੱਜ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਖਿਲਾਫ ਕਾਰਵਾਈ ਆਰੰਭ ਕਰਦਿਆਂ ਇਸ ਮਾਮਲੇ ਵਿੱਚ 24 ਜਨਵਰੀ ਤੱਕ ਸਿੱਖ ਸੰਗਤਾਂ ਕੋਲੋਂ ਰਾਏ ਮੰਗੀ ਹੈ। ਮੁਤਵਾਜ਼ੀ ਜਥੇਦਾਰਾਂ ਨੇ ਕੱਲ ਅਕਾਲ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਵਲੋਂ ਕੀਤੀ ਕਾਰਵਾਈ ਨੂੰ ਸਰਕਾਰੀ ਡਰਾਮਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਅਤੇ ਅਕਾਲੀ ਮੰਤਰੀ ਨੂੰ 24 ਜਨਵਰੀ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਇਕ ਹੋਰ ਮੌਕਾ ਦਿੱਤਾ ਹੈ।
ਅੱਜ ਇਸ ਸਬੰਧ ਵਿਚ ਮੁਤਵਾਜ਼ੀ ਜਥੇਦਾਰਾਂ, ਜਿਨਾਂ ਵਿਚ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹਨ, ਤੋਂ ਇਲਾਵਾ ਭਾਈ ਸੂਬਾ ਸਿੰਘ ਤੇ ਭਾਈ ਮੇਜਰ ਸਿੰਘ ਵਲੋਂ ਪੰਚ ਪ੍ਰਧਾਨੀ ਦਾ ਕੋਰਮ ਪੂਰਾ ਕਰਦਿਆਂ ਅਰਦਾਸ ਨਕਲ ਮਾਮਲਾ ਵਿਚਾਰਿਆ। ਭਾਈ ਮੰਡ ਨੇ ਦਸਿਆ ਕਿ ਅੱਜ ਅਰਦਾਸ ਨਕਲ ਮਾਮਲੇ ਵਿਚ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਲੱਬ ਕੀਤਾ ਸੀ ਅਤੇ ਆਪਣਾ ਪੱਖ ਸਪੱਸ਼ਟ ਕਰਨ ਲਈ ਆਦੇਸ਼ ਦਿੱਤੇ ਸਨ। ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਮੇਜਰ ਸਿੰਘ ਅਤੇ ਸਤਨਾਮ ਸਿੰਘ ਭਾਈ ਰੂਪਾ ਨੂੰ ਵੀ ਸੰਮਨ ਕੀਤਾ ਸੀ ਪਰ ਇਹ ਸਾਰੇ ਹੀ ਇਥੇ ਨਹੀਂ ਪੁੱਜੇ ਹਨ। ਇਨ੍ਹਾਂ ਦੀ ਉਡੀਕ ਕਰਨ ਮਗਰੋਂ ਇਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਇਕ ਹੋਰ ਮੌਕਾ ਦਿੱਤਾ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿਚ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਪਾਇਆ ਗਿਆ ਹੈ। ਜੇ ਇਹ ਤਿੰਨੋ 24 ਜਨਵਰੀ ਨੂੰ ਪੇਸ਼ ਨਹੀਂ ਹੁੰਦੇ ਤਾਂ ਇਨਾਂ ਖਿਲਾਫ ਗੁਰਮਤਿ ਮਰਿਆਦਾ ਅਨੁਸਾਰ ਅਗਲੀ ਕਾਰਵਾਈ ਹੋਵੇਗੀ। ਇਸ ਦੌਰਾਨ ਉਨਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਰਦਾਸ ਬੇਅਦਬੀ ਮਾਮਲੇ ਨਾਲ ਸਬੰਧਿਤ ਇਨਾਂ ਦੋਸ਼ੀਆਂ ਖਿਲਾਫ ਧਾਰਮਿਕ ਪ੍ਰੰਪਰਾਵਾਂ ਮੁਤਾਬਕ ਕੀ ਕਾਰਵਾਈ ਕੀਤੀ ਜਾਵੇ, ਬਾਰੇ ਆਪਣੇ ਸੁਝਾਅ 24 ਜਨਵਰੀ ਤਕ ਭੇਜਣ। ਉਨਾਂ ਨੀਲਧਾਰੀ ਸੰਪਰਦਾ ਦੇ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਨੂੰ ਵੀ ਅੱਜ ਗੈਰਹਾਜ਼ਰ ਰਹਿਣ ’ਤੇ ਇਕ ਹੋਰ ਮੌਕਾ ਦਿੰਦਿਆਂ 24 ਜਨਵਰੀ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਇਸ ਤੋਂ ਪਹਿਲਾਂ ਮੁਤਵਾਜੀ ਜਥੇਦਾਰਾਂ ਦੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਪੁੱਜਣ ‘ਤੇ ਪੁਲੀਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਚੌਕਸ ਹੋ ਗਿਆ ਸੀ। ਜਿਵੇਂ ਹੀ ਇਹ ਪ੍ਰਕਰਮਾ ਵਿਚ ਦਾਖਲ ਹੋਏ ਤਾਂ ਟਾਸਕ ਫੋਰਸ ਨੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ।
(we are thankful to punjabi tribune)