ਬਲਜੀਤਪਾਲ
ਸਰਦੂਲਗੜ੍ਹ :ਸਰਦੂਲਗੜ੍ਹ ਦੀ ਮੰਡੀ ‘ਚ ਨਰਮੇ ਦੀ ਸਰਕਾਰੀ ਖਰੀਦ ਤਾਂ ਅਜੇ ਸ਼ੁਰੂ ਹੀ ਨਹੀਂ ਹੋਈ ਅਤੇ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਖਰੀਦ ਵੀ ਪਿਛਲੇ ਕਈ ਦਿਨਾਂ ਤੋਂ ਬੰਦ ਹੈ।ਨੇੜਲੀਆਂ ਮੰਡੀਆਂ ਦੇ ਕੁੱਝ ਕੁ ਮਿਲ ਮਾਲਕਾਂ ਵੱਲੋਂ ਨਰਮੇ ਨੂੰ ਕੌਡੀਆਂ ਦੇ ਭਾਅ ਖਰੀਦਣ ਤੋਂ ਕਿਸਾਨ ਕਾਫੀ ਤੰਗ ਹਨ ਇਸ ਲਈ ਕਿਸਾਨਾਂ ਨੇ ਮੰਡੀ ਵਿੱਚ ਨਰਮਾ ਲੈ ਕੇ ਆਉਣ ਤੋਂ ਹੀ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਮੰਡੀ ‘ਚ ਨਰਮਾ ਰੱਖੀ ਬੈਠੇ ਕਿਸਾਨ ਗੁਮਦੂਰ ਸਿੰਘ ਚੋਟੀਆਂ , ਜ਼ਸਮੇਲ ਸਿੰਘ ਜਟਾਣਾ, ਰਾਜਵਿੰਦਰ ਸਿੰਘ ਰੋੜਕੀ , ਰੋਸ਼ਨ ਸਿੰਘ ਅਤੇ ਛੋਟੂ ਰਾਮ ਨੇ ਦੱਸਿਆ ਕਿ ਪਿਛਲੇ ਦਿਨੀ ਜਿਹੜਾ ਨਰਮਾ ਛਿਆਲੀ ਸੌ ਰੁਪੈ ਪ੍ਰਤੀ ਕੁਇੰਟਲ ਵਿਕਦਾ ਸੀ ਹੁਣ ਚਾਰ ਹਜ਼ਾਰ ਤੋਂ ਬਿਆਲੀ ਸੌ ਰੁਪੈ ਪ੍ਰਤੀ ਕੁਇੰਟਲ ਹੀ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਦੋਸ਼ ਲਗਾਇਆ ਕੁੱਝ ਦਿਨ ਪਹਿਲਾਂ ਵਪਾਰੀਆਂ ਤੋਂ ਡੇਢ ਤੋਂ ਦੋ ਸੌ ਰੁਪੈ ਮਹਿੰਗਾ ਨਰਮਾ ਖਰੀਦਣ ਵਾਲੀ ਸੰਗਰਰੂ ਦੇ ਅੰਬਾਨੀ ਗਰੁੱਪ ਦੀ ਟੀਮ ਦੁਕਾਨਦਾਰਾਂ, ਮਿਲ ਮਾਲਕਾਂ ਅਤੇ ਭੰਗ ਹੋਈ ਟਰੱਕ ਯੁਨੀਅਨ ਵਾਲਿਆਂ ਨੇ ਮਿਲਕੇ ਰਾਜਨੀਤਕ ਤਾਕਤ ਵਰਤਦਿਆ ਭਜਾ ਦਿੱਤੀ ਹੈ। ਕਿਸਾਨਾਂ ਕਿਹਾ ਭਾਅ ਘਟਣ ਨਾਲ ਸਾਨੂੰ ਕਾਫੀ ਘਾਟਾ ਪੈਣ ਲੱਗ ਪਿਆ ਹੈ। ਸਰਦੂਲਗੜ੍ਹ ਹਲਕੇ ਦੇ ਕਿਸਾਨਾਂ ਦੋਸ਼ ਲਗਾਇਆ ਕਾਟਨ ਫੈਕਟਰੀਆਂ ਵਾਲੇ ਮਿਲ ਕੇ ਢੇਰੀਆਂ ਵੰਡ ਲੈਂਦੇ ਹਨ ਅਤੇ ਚਾਰ ਹਜ਼ਾਰ ਤੋਂ ਬੋਲੀ ਸ਼ੁਰੂ ਕਰਕੇ ਬਿਆਲੀ ਸਾਂਢੇ ਬਿਆਲੀ ਸੌ ਰੁਪੈ ‘ਤੇ ਹੀ ਤੋੜ ਦਿੰਦੇ ਹਨ ।ਕਿਸਾਨਾਂ ਮੰਗ ਕੀਤੀ ਕਿ ਸਰਦੂਲਗੜ੍ਹ ਦੀ ਮੰਡੀ ‘ਚ ਅੰਬਾਨੀ ਗਰੁੱਪ ਵੱਲੋਂ ਹਰ ਸਾਲ ਕੀਤੀ ਜਾਂਦੀ ਖਰੀਦ ਮੁੜ ਸੁਰੂ ਕਰਵਾਈ ਜਾਵੇ। ਅਬੰਨੀ ਟੈਕਸਟਾਈਲ ਗੁਰੱਪ ਸੰਗਰੂਰ ਦੇ ਇੱਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨਾਮ ਨਾ ਲਿਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਸਾਡੀ ਖਰੀਦ ਹਮੇਸ਼ਾ ਹੀ ਮੰਡੀ ਦੇ ਭਾਅ ਤੋਂ ਡੇਢ ਤੋਂ ਦੋ ਸੌ ਰੁਪੈ ਪ੍ਰਤੀ ਕੁਇੰਟਲ ਜਿਆਦਾ ਹੁੰਦੀ ਸੀ । ਉਨ੍ਹਾਂ ਦੱਸਿਆ ਸਾਡੇ ਕਰਕੇ ਬਾਕੀ ਵਪਾਰੀਆਂ ਨੂੰ ਵੀ ਕਿਸਾਨਾਂ ਨੂੰ ਮਹਿੰਗਾ ਭਾਅ ਦੇਣਾ ਪੈਂਦਾ ਸੀ । ਵਪਾਰੀਆਂ ਨੇ ਟਰੱਕ ਯੂਨੀਅਨ ਨਾਲ ਮਿਲਕੇ ਪਿਛਲੇ ਸਾਲ ਪਝੰਤਰ ਰੁਪੈ ਕੁਇੰਟਲ ਵਾਲਾ ਕਿਰਾਇਆ ਡੇਢ ਸੌ ਰੁਪੈ ਕਰਵਾ ਦਿੱਤਾ ਹੈ ਅਤੇ ਪ੍ਰਸਾਸ਼ਨ ਨੇ ਰਾਜਨੀਤਿਕ ਦਬਾਅ ਹੇਠ ਨਰਮਾ ਲੈ ਕੇ ਜਾਣ ਵਾਲੀਆਂ ਸਾਡੀਆਂ ਟਰਾਲੀਆਂ ਫੜ ਲਈਆਂ । ਸਕੱਤਰ ਮਾਰਕੀਟ ਕਮੇਟੀ ਜਗਤਾਰ ਸਿੰਘ ਫੱਗੂ ਦਾ ਕਹਿਣਾ ਸੀ ਕਿ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ । ਕੁੱਝ ਵਪਾਰੀ ਅਤੇ ਫੈਕਟਰੀਆਂ ਵਾਲੇ ਨਰਮੇ ਦੀ ਖਰੀਦ ਕਰਦੇ ਹਨ। ਕਿਸੇ ਨੇ ਕਿਸੇ ਨੂੰ ਨਰਮੇ ਦੀ ਖਰੀਦ ਤੋਂ ਨਹੀਂ ਰੋਕਿਆ । ਅੰਬਾਨੀ ਗਰੁੱਪ ਨੇ ਆਪਣੀ ਖਰੀਦ ਜਿਆਦਾ ਕਿਰਾਏ ਕਰਕੇ ਬੰਦ ਕੀਤੀ ਹੈ। ਐਸ ਡੀ ਐਮ ਲਤੀਫ ਅਹਿਮਦ ਨੇ ਕਿਹਾ ਨਰਮੇ ਦੀ ਖਰੀਦ ਘੱਟ ਹੋਣ ਜਾਂ ਕਿਸੇ ਦੀ ਖਰੀਦ ਬੰਦ ਕੀਤੇ ਜਾਣ ਦਾ ਮਾਮਲਾ ਪਹਿਲਾਂ ਮੇਰੇ ਧਿਆਨ ‘ਚ ਨਹੀਂ ਸੀ । ਹੁਣ ਪਤਾ ਲੱਗਿਆ ਹੈ ਤਾਂ ਸਾਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ।
ਕੈਪਸ਼ਨ : ਸਰਦੂਲਗੜ੍ਹ ਦੀ ਮੰਡੀ ‘ਚ ਪਈਆਂ ਨਰਮੇ ਦੀਆਂ ਢੇਰੀਆਂ ਅਤੇ ਜਾਣਕਾਰੀ ਦੇ ਰਹੇ ਕਿਸਾਨ