
ਚੰਡੀਗੜ੍ਹ : ਪੰਜਾਬ ਦੀ ਸੱਤਾ ’ਤੇ ਪਿਛਲੇ ਇੱਕ ਦਹਾਕੇ ਤੋਂ ਕਾਬਜ਼ ਸ਼੍ਰੋਮਣੀ ਅਕਾਲੀ ਦਲ ਲਈ ਰਵਾਇਤੀ ਵੋਟ ਬੈਂਕ ਬਚਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਬਾਈ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਥਾਪਤੀ ਵਿਰੋਧੀ ਲਹਿਰ ਏਨੀ ਜ਼ਿਆਦਾ ਪ੍ਰਚੰਡ ਹੋਈ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਖਿੱਤੇ ਮਾਲਵੇ ਵਿੱਚ ਪਾਰਟੀ ਨੂੰ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣੀ ਮੁਸ਼ਕਲ ਹੋ ਗਈ ਹੈ। ਦਿਹਾਤੀ ਖੇਤਰ ਵਿੱਚੋਂ ਕਿਸਾਨੀ ਅਤੇ ਨੌਜਵਾਨ ਵਰਗ ਪਾਰਟੀ ਤੋਂ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ। ਮਾਝੇ ਅਤੇ ਦੁਆਬੇ ਵਿੱਚ ਅਕਾਲੀ ਦਲ ਸੌਖ ਮਹਿਸੂਸ ਕਰ ਰਿਹਾ ਹੈ ਪਰ ਆਮ ਆਦਮੀ ਪਾਰਟੀ (ਆਪ) ਨੇ ਮਾਲਵੇ ਦੇ ਦਿਹਾਤੀ ਖੇਤਰ ਵਿੱਚ ਅਕਾਲੀਆਂ ਦੀ ਵੋਟ ਨੂੰ ਵੱਡਾ ਖੋਰਾ ਲਾਇਆ ਹੈ।
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਲ ਨੂੰ ਮਾਲਵੇ ਵਿੱਚੋਂ ਮਿਲੇ ਹੁੰਗਾਰੇ ਨੇ ਸੱਤਾ ਤੱਕ ਪਹੁੰਚਾਇਆ ਸੀ, ਹਾਲਾਂਕਿ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਮਾਲਵੇ ਵਿੱਚੋਂ ਨਮੋਸ਼ੀ ਮਿਲੀ ਸੀ ਤੇ ਮਾਝੇ-ਦੁਆਬੇ ਦੇ ਸਹਾਰੇ ਹੀ ਸਰਕਾਰ ਹੋਂਦ ਵਿੱਚ ਆਈ ਸੀ। ਉਸ ਵੇਲੇ ਮਾਲਵੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਵੋਟ ਬੈਂਕ ਨੂੰ ਜ਼ਬਰਦਸਤ ਖੋਰਾ ਲਾਇਆ ਸੀ। 2014 ਦੀਆਂ ਲੋਕ ਸਭਾ ਚੋਣਾਂ ਨੇ ਖ਼ਤਰੇ ਦੇ ਸੰਕੇਤ ਦੇ ਦਿੱਤੇ ਸਨ, ਜਦੋਂਕਿ ‘ਆਪ’ ਦੇ ਚਾਰ ਸੰਸਦ ਮੈਂਬਰ ਸਿਰਫ਼ ਮਾਲਵੇ ਵਿੱਚੋਂ ਹੀ ਜਿੱਤਣ ਵਿੱਚ ਕਾਮਯਾਬ ਰਹੇ ਤੇ ਇੱਕ ਸੀਟ ਕਾਂਗਰਸ ਦੀ ਝੋਲੀ ਪੈ ਗਈ। ਪੌਣੇ ਤਿੰਨ ਸਾਲ ਪਹਿਲਾਂ ਚੱਲੀ ਸੱਤਾ ਵਿਰੋਧੀ ਹਵਾ ਦੇ ਰੁਖ਼ ਨੂੰ ਠੱਲਣ ਵਿੱਚ ਅਕਾਲੀ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਅਕਾਲੀ ਦਲ ਲਈ 2012 ਦੀਆਂ ਚੋਣਾਂ ਦਾ ਮਾਹੌਲ ਖ਼ੁਸ਼ਗਵਾਰ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਪਜੇ ਤਾਜ਼ਾ ਮਾਹੌਲ ਨੇ ਸਾਬਿਤ ਕਰ ਦਿੱਤਾ ਹੈ ਕਿ ਅਕਾਲੀ ਦਲ ਆਪਣੇ ਰਵਾਇਤੀ ਪਿੜ ਮਾਲਵੇ ਦੇ ਲੋਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਮਾਲਵੇ ਦੇ ਪਿੰਡਾਂ ਵਿੱਚ ਹੀ ਅਕਾਲੀਆਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਵਾ ਖਿੱਤਾ (ਜਿਸ ਵਿੱਚ ਪੁਆਧ ਦੇ ਜ਼ਿਲ੍ਹੇ ਵੀ ਸ਼ਾਮਲ ਹਨ) ਵਿੱਚ ਕੁੱਲ 69 ਵਿਧਾਨ ਸਭਾ ਹਲਕੇ ਪੈਂਦੇ ਹਨ। ਇਸ ਕਰਕੇ ਤਿੰਨਾਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਦਾ ਇਸ ਖਿੱਤੇ ਨੂੰ ਸਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਅਕਾਲੀ ਆਗੂ ਖ਼ੁਦ ਮੰਨਦੇ ਹਨ ਕਿ ਮਾਲਵੇ ਦੇ ਕੁੱਝ ਜ਼ਿਲ੍ਹਿਆਂ ਖ਼ਾਸ ਕਰਕੇ ਸੰਗਰੂਰ, ਬਰਨਾਲਾ, ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਤੇ ਲੁਧਿਆਣੇ ਦੇ ਦਿਹਾਤੀ ਵਿੱਚ ਪਾਰਟੀ ਉਮੀਦਵਾਰਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਜਿੱਤ ਹਾਸਲ ਕਰਨਾ ਕਾਂਗਰਸ ਲਈ ਵੀ ਚੁਣੌਤੀ ਬਣਿਆ ਹੋਇਆ ਹੈ।
ਅਹਿਮ ਤੱਥ ਇਹ ਵੀ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬ ਦੀ ਸੱਤਾ ਵਿੱਚ ਸਭ ਤੋਂ ਵੱਡਾ ਹਿੱਸਾ ਮਲਵਈਆਂ ਦੇ ਹਿੱਸੇ ਆਇਆ ਸੀ। ਵਜ਼ਾਰਤ ਦੇ ਕੁੱਲ 18 ਚਿਹਰਿਆਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ, ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ, ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ, ਸਿਹਤ ਮੰਤਰੀ ਸੁਰਜੀਤ ਕੁਮਰ ਜਿਆਣੀ, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਉਦਯੋਗ ਮੰਤਰੀ ਮਦਨ ਮੋਹਨ ਮਿੱਤਲ, ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਸਾਰੇ ਮਾਲਵੇ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੀ ਹੀ ਨੁਮਾਇੰਦਗੀ ਕਰਦੇ ਹਨ। ਕੇਂਦਰੀ ਵਜ਼ਾਰਤ ਵਿੱਚ ਅਕਾਲੀਆਂ ਦਾ ਚਿਹਰਾ ਹਰਸਿਰਤ ਕੌਰ ਬਾਦਲ ਵੀ ਮਾਲਵੇ ਨਾਲ ਹੀ ਸਬੰਧਤ ਹੈ।
ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਵੀ ਜ਼ਿਆਦਾਤਰ ਮਾਲਵੇ ਨਾਲ ਹੀ ਸਬੰਧਤ ਸਨ। ਅਕਾਲੀ ਦਲ ਦੇ ਹੋਰ ਕਈ ਵੱਡੇ ਆਗੂ ਮਾਲਵੇ ਨਾਲ ਸਬੰਧਤ ਹਨ।
(we are thankful to punjabi tribune for publish this item)