
142 ਅਸਾਮੀਆਂ ਦੀ ਲੋੜ, 105 ਪੋਸਟਾਂ ਖਾਲੀ
37 ਕਰਮਚਾਰੀ 26 ਹਜ਼ਾਰ ਬਿਜਲੀ ਦੇ ਕੁਨੈਕਸ਼ਨ ਕਰਦੇ ਨੇ ਕੰਟਰੋਲ
ਮਾਛੀਵਾੜਾ ਸਾਹਿਬ, 8 ਫਰਵਰੀ (ਹਰਪ੍ਰੀਤ ਸਿੰਘ ਕੈਲੇ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਅਧੀਨ ਮਾਛੀਵਾੜਾ ਸਬ-ਡਵੀਜ਼ਨ ਬਿਜਲੀ ਬੋਰਡ ਦਾ ਕੰਮ ਰੱਬ ਆਸਰੇ ਹੀ ਚੱਲ ਰਿਹਾ ਹੈ ਕਿਉਂਕਿ ਇੱਥੇ 142 ਅਸਾਮੀਆਂ ਦੀ ਲੋੜ ਹੈ ਜਿਸ ‘ਚੋਂ 105 ਪੋਸਟਾਂ ਖਾਲੀ ਹਨ ਅਤੇ ਕੇਵਲ 37 ਕਰਮਚਾਰੀ ਸਬ-ਡਵੀਜ਼ਨ ਵਿਚ 26 ਹਜ਼ਾਰ ਬਿਜਲੀ ਦੇ ਕੁਨੈਕਸ਼ਨਾਂ ‘ਤੇ ਕੰਟਰੋਲ ਕਰਦੇ ਹਨ ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੂਰ ਕਰਦੇ ਹਨ।
ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਮਾਛੀਵਾੜਾ ਸਬ-ਡਵੀਜ਼ਨ ਵਿਚ 2 ਗਰਿੱਡ ਹੇਡੋਂ ਬੇਟ ਤੇ ਮਾਛੀਵਾੜਾ ਸ਼ਹਿਰ ਅਤੇ ਕੁੱਲ 26 ਫੀਡਰ ਹਨ ਜਿਸ ‘ਚ ਘਰੇਲੂ ਬਿਜਲੀ ਮੀਟਰ ਕੁਨੈਕਸ਼ਨ, ਖੇਤੀਬਾੜੀ ਕੁਨੈਕਸ਼ਨ ਤੇ ਇੰਡਸਟਰੀ ਕੁਨੈਕਸ਼ਨ ਦੀ ਗਿਣਤੀ 26 ਹਜ਼ਾਰ ਹੈ ਜਿਨ•ਾਂ ਨੂੰ ਕੰਟਰੋਲ ਕਰਨ ਅਤੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕੁੱਲ 142 ਅਸਾਮੀਆਂ ਚਾਹੀਦੀਆਂ ਹਨ। ਮਾਛੀਵਾੜਾ ਸਬ-ਡਵੀਜ਼ਨ ‘ਚੋਂ ਪ੍ਰਾਪਤ ਹੋਏ ਅੰਕੜੇ ਹੈਰਾਨੀਜਨਕ ਹਨ, ਇਸ ਸਬ-ਡਵੀਜ਼ਨ ਵਿਚ 7 ਜੂਨੀਅਰ ਇੰਜਨੀਅਰ ਦੀ ਜਰੂਰਤ ਹੈ ਜਦਕਿ ਤਾਇਨਾਤ 2 ਹਨ, ਲਾਈਨਮੈਨ 43 ਚਾਹੀਦੇ ਹਨ ਪਰ ਕੇਵਲ 15 ਡਿਊਟੀ ‘ਤੇ ਹਨ, ਲੋਕਾਂ ਦੀਆਂ ਬਿਜਲੀ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ-ਨਵੀਆਂ ਲਾਈਨਾਂ ਵਿਛਾਉਣ ਲਈ 76 ਸਹਾਇਕ ਲਾਈਨਮੈਨਾਂ ਦੀ ਜਰੂਰਤ ਹੈ ਪਰ ਤਾਇਨਾਤ ਕੇਵਲ 11 ਹਨ 65 ਅਸਾਮੀਆਂ ਖਾਲੀ ਪਈਆਂ ਹਨ, ਆਰ.ਏ ਦੀ ਇੱਕ ਪੋਸਟ ਹੈ ਉਹ ਵੀ ਖਾਲੀ ਪਈ ਹੈ, ਬਿਜਲੀ ਬੋਰਡ ਦਫ਼ਤਰ ‘ਚ ਕੰਮ ਕਰਨ ਅਪਰ ਡਵੀਜ਼ਨ ਦੇ 3 ਕਲਰਕਾਂ ਦੀ ਜਰੂਰਤ ਹੈ ਜਦਕਿ ਇਸ ਅਹੁਦੇ ਦਾ ਇੱਥੇ ਇੱਕ ਵੀ ਕਲਰਕ ਤਾਇਨਾਤ ਨਹੀਂ ਹੈ, ਲੋਅਰ ਡਵੀਜ਼ਨ ਦੇ 4 ਕਲਰਕ ਚਾਹੀਦੇ ਹਨ ਜਦਕਿ ਦਫ਼ਤਰ ‘ਚ 1 ਕਲਰਕ ਤਾਇਨਾਤ ਹੈ। 26 ਹਜ਼ਾਰ ਬਿਜਲੀ ਕੁਨੈਕਸ਼ਨਾਂ ਦੇ ਬਿੱਲ ਭਰਨ ਲਈ ਕੈਸ਼ ਕਾਊਂਟਰਾਂ ‘ਤੇ 3 ਕੈਸ਼ੀਅਰਾਂ ਦੀ ਜਰੂਰਤ ਹੈ ਜਦਕਿ 1 ਦੀ ਪੋਸਟ ਖਾਲੀ ਹੈ, ਮੀਟਰ ਰੀਡਿੰਗ ਦੀਆਂ 3 ਪੋਸਟਾਂ ਹਨ ਪਰ ਸਬ-ਡਵੀਜ਼ਨ ਵਿਚ 1 ਮੀਟਰ ਰੀਡਰ ਹੈ। ਇਸ ਤੋਂ ਇਲਾਵਾ ਫੌਰਮੈਨ ਦੀਆਂ 4 ਪੋਸਟਾਂ ਹਨ ਜਿਸ ‘ਚੋਂ 2 ਖਾਲੀ ਪਈਆਂ ਹਨ। 142 ਅਸਾਮੀਆਂ ਦੀ ਜਰੂਰਤ ਵਾਲੀ ਸਬ ਡਵੀਜ਼ਨ ਵਿਚ ਕੇਵਲ 37 ਕਰਮਚਾਰੀ ਤਾਇਨਾਤ ਹਨ ਅਤੇ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਲੋਕਾਂ ਨੂੰ ਵਧੀਆ ਸੇਵਾਵਾਂ ਕਿਵੇਂ ਪ੍ਰਦਾਨ ਕਰ ਸਕਣਗੇ। ਮਾਛੀਵਾੜਾ ਸਬ-ਡਵੀਜ਼ਨ ਦਾ ਏਰੀਆ ਜੋ ਕਿ ਕਰੀਬ 15 ਵਰਗ ਕਿਲੋਮੀਟਰ ਦੇ ਘੇਰੇ ਵਿਚ ਫੈਲਿਆ ਹੋਇਆ ਹੈ ਅਤੇ ਇਸ ਘੇਰੇ ਵਿਚ ਵਿਛੀਆਂ ਬਿਜਲੀ ਦੀਆਂ ਲਾਈਨਾਂ ਦੀ ਦੇਖਭਾਲ ਤੇ ਇਨ•ਾਂ ਦੀ ਮੁਰੰਮਤ ਲਈ ਨਾਮਾਤਰ ਸਟਾਫ਼ ਕਿਵੇਂ ਸੁਚਾਰੂ ਢੰਗ ਨਾਲ ਲੋਕਾਂ ਨੂੰ ਬਿਜਲੀ ਸਪਲਾਈ ਦੇ ਸਕੇਗਾ ਅਤੇ ਰੱਬ ਆਸਰੇ ਹੀ ਮਾਛੀਵਾੜਾ ਸਬ-ਡਵੀਜ਼ਨ ਚੱਲ ਰਹੀ ਹੈ। ਬੇਸ਼ੱਕ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇੱਕ ਟੋਲ ਫ਼੍ਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਪਰ ਸਬ-ਡਵੀਜ਼ਨ ਵਿਚ ਜੇਕਰ ਮੁਲਾਜ਼ਮ ਹੀ ਨਹੀਂ ਹੋਣਗੇ ਤਾਂ ਉਹ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਦੀਆਂ ਸ਼ਿਕਾਇਤਾਂ ਕਿਵੇਂ ਹੱਲ ਕਰਨਗੇ। ਮਾਛੀਵਾੜਾ ਬਿਜਲੀ ਬੋਰਡ ਦਫ਼ਤਰ ‘ਚ ਇੱਕ ਕਰਮਚਾਰੀ ‘ਤੇ ਕਈ ਕੰਮਾਂ ਦਾ ਬੋਝ ਪਾਇਆ ਹੋਇਆ ਹੈ ਜਿਸ ਕਾਰਣ ਬਿਜਲੀ ਬੋਰਡ ਦਫ਼ਤਰ ਦੇ ਕਰਮਚਾਰੀ ਚਾਹੁੰਦੇ ਹੋਏ ਵੀ ਲੋਕਾਂ ਦਾ ਕੰਮ ਪਾਬੰਦ ਸਮੇਂ ਵਿਚ ਕਰਨ ਤੋਂ ਅਸਮਰਥ ਹੋ ਜਾਂਦੇ ਹਨ। ਮਾਛੀਵਾੜਾ ਇਲਾਕੇ ਦੇ ੋਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਤੋਂ ਮੰਗ ਕੀਤੀ ਕਿ ਖਾਲੀ ਪਈਆਂ 105 ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਦਫ਼ਤਰ ਜਾਣ ਵਾਲੇ ਲੋਕਾਂ ਦੇ ਕੰਮ ਤੇ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਹੋ ਸਕੇ। ਜਦੋਂ ਇਸ ਸਬੰਧੀ ਉਪ-ਮੰਡਲ ਘੁਲਾਲ ਦੇ ਐਕਸ਼ੀਅਨ ਕੰਵਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਮਾਛੀਵਾੜਾ ਸਬ-ਡਵੀਜ਼ਨ ‘ਚ ਸਟਾਫ਼ ਦੀ ਕਮੀ ਹੈ, ਇਸ ਸਬੰਧੀ ਉਨ•ਾਂ ਵਲੋਂ ਹਰੇਕ ਮਹੀਨੇ ਭੇਜੀ ਜਾਂਦੀ ਰਿਪੋਰਟ ਵਿਚ ਉਚ ਅਧਿਕਾਰੀਆਂ ਨੂੰ ਇਸ ਡਵੀਜ਼ਨ ਵਿਚ ਸਟਾਫ਼ ਭੇਜਣ ਦੀ ਮੰਗ ਕੀਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਚ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਸਟਾਫ਼ ਭੇਜਣ ਲਈ ਪੱਤਰ ਲਿਖਣਗੇ।
ਮਾਛੀਵਾੜਾ ਬੋਰਡ: ਮਾਛੀਵਾੜਾ ਸਬ-ਡਵੀਜ਼ਨ ਦੀ ਇਮਾਰਤ।
ਫੋਟੋ : ਹਰਪ੍ਰੀਤ ਸਿੰਘ ਕੈਲੇ