
ਡਾ. ਹਰਜਿੰਦਰ ਵਾਲੀਆ
1. ਪਤਨੀ ਚੰਗੀ ਸਰੋਤਾ ਹੋਵੇ : ਸਭ ਤੋਂ ਸੌਖਾ ਅਤੇ ਜਰੂਰੀ ਗੁਣ ਸੁਣਨ ਦਾ ਹੁੰਦਾ ਹੈ। ਇਸ ਗੁਣ ਵਿਚ ਮਾਹਿਰ ਔਰਤ ਹਮੇਸ਼ਾਂ ਚੰਗੀ ਪਤਨੀ ਦੀ ਸਾਬਤ ਹੁੰਦੀ ਹੈ ਜਾਂ ਇਉਂ ਕਹਿ ਲਵੋ ਚੰਗੀ ਪਤਨੀ ਚੰਗੀ ਸਰੋਤਾ ਹੁੰਦੀ ਹੈ। ਪਤੀ ਨੂੰ ਬੋਲਣ ਦਾ ਮੌਕੇ ਦੇਵੇ। ਉਸਦੀਆਂ ਗੱਲਾਂ ਨੂੰ ਦਿਲਚਸਪੀ ਨਾਲ ਸੁਣੇ। ਇਹ ਪਗਡੰਡੀ ਵੀ ਤੁਹਾਡੇ ਪਤੀ ਦੇ ਦਿਲ ਵੱਲ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਪਤੀ ਦੇ ਕੰਮ ਤੋਂ ਆਉਣ ਦੀ ਉਡੀਕ ਕਰਦੀਆਂ ਹੁੰਦੀਆਂ ਹਨ ਅਤੇ ਆਉਣ ਸਾਰ ਆਪਣੀ ਸ਼ਿਕਾਇਤਾਂ ਦੀ ਪੋਟਲੀ ਖੋਲ੍ਹ ਕੇ ਰੱਖ ਦਿੰਦੀਆਂ ਹਨ। ਕਦੇ ਸੱਸ ਦੀ ਸ਼ਿਕਾਇਤ, ਕਦੇ ਨਣਾਨ ਦੀ, ਕਦੇ ਦਿਉਰ ਜਾਂ ਜੇਠ ਦੀ ਜਾਂ ਫਿਰ ਬੱਚਿਆਂ ਦੀਆਂ ਸ਼ਿਕਾਇਤਾਂ ਨਾਲ ਪਤੀ ਨੂੰ ਖਿਝਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਇਹ ਆਦਤ ਬਦਲਣੀ ਪਵੇਗੀ। ਜੇ ਕੋਈ ਦੁੱਖ ਤਕਲੀਫ ਜਾਂ ਸ਼ਿਕਾਇਤ ਹੈ ਵੀ ਤਾਂ ਉਸ ਨੂੰ ਸਹੀ ਸਮੇਂ ਅਤੇ ਸਹੀ ਲਫਜਾਂ ਵਿਚ ਪੇਸ਼ ਕਰਨ ਦੀ ਕਲਾ ਸਿੱਖਣੀ ਚਾਹੀਦੀ ਹੈ।
2. ਸੁੰਦਰਤਾ ਮਰਦ ਦੀ ਕਮਜੋਰੀ : ਸੁੰਦਰਤਾ ਮਰਦ ਦੀ ਕਮਜੋਰੀ ਹੁੰਦੀ ਹੈ। ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਆਪਣੀ ਸਰੀਰਕ ਸੁੰਦਰਤਾ ਨੂੰ ਪੂਰੀ ਤਰਾਂ ਵਿਸਾਰ ਦਿੰਦੀਆਂ ਹਨ। ਬੱਚੇ ਹੋਣ ਤੋਂ ਬਾਅਦ ਔਰਤ ਦੇ ਸਰੀਰ ਵਿਚ ਤਬਦੀਲੀ ਆਉਣਾ ਸੁਭਾਵਕ ਹੁੰਦਾ ਹੈ। ਕਈ ਵਾਰ ਖਾਣ ਪੀਣ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ। ਨਤੀਜੇ ਵਜੋਂ ਔਰਤ ਬੇਡੌਲ, ਮੋਟੀ ਅਤੇ ਬੇਸ਼ਕਲ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਪਤੀ ਦਾ ਧਿਆਨ ਉਸ ਵਲੋਂ ਹਟ ਜਾਂਦਾ ਹੈ ਅਤੇ ਕਈ ਵਾਰ ਉਹ ਪਰਾਈਆਂ ਔਰਤਾਂ ਵੱਲ ਖਿੱਚਿਆ ਜਾਂਦਾ ਹੈ। ਸਿਆਣੀ ਔਰਤ ਆਪਣਾ ਸੁਹੱਪਣ ਅਤੇ ਆਪਣੀ ਖਿੱਚ ਬਣਾਈ ਰੱਖਣ ਲਈ ਉਚੇਚਾ ਮਿਹਨਤ ਕਰਦੀ ਹੈ। ਖਾਣ ਪੀਣ ਦਾ ਖਿਆਲ ਰੱਖਦੀ ਹੈ। ਜੀਭ ਉੱਤੇ ਕਾਬੂ ਰੱਖਦੀ ਹੈ, ਭਾਰ ਨੂੰ ਨਿਰੰਤਰ ਵਿਚ ਰੱਖਦੀ ਹੈ। ਖੂਬਸੂਰਤ ਅਤੇ ਆਕਰਸ਼ਕ ਪਤਨੀ ਨੂੰ ਛੱਡ ਕੇ ਪਤੀ ਘੱਟ ਹੀ ਬਾਹਰ ਦੇਖਦਾ ਹੈ।
3. ਸ਼ਾਂਤੀ ਸਿਰਫ ਪੈਸੇ ਵਿਚ ਨਹੀਂ : ਜਰੂਰੀ ਨਹੀਂ ਖੁਸ਼ੀ ਅਤੇ ਸ਼ਾਂਤੀ ਪੈਸੇ ਵਿਚ ਹੋਵੇ। ਇਹ ਵੀ ਠੀਕ ਹੈ ਪੈਸਾ ਬਹੁਤ ਕੁੱਝ ਹੈ, ਪਰ ਪੈਸਾ ਸਭ ਕੁੱਝ ਨਹੀਂ ਹੁੰਦਾ। ਸਿਆਣੀ ਪਤਨੀ ਪਤੀ ਦੀ ਆਰਥਿਕ ਹਾਲਤ ਅਨੁਸਾਰ ਹੀ ਆਪਣੀਆਂ ਇੱਛਾਵਾਂ ਬਣਾਉਂਦੀ ਹੈ ਅਤੇ ਮੰਗਾਂ ਰੱਖਦੀ ਹੈ। ਕਦੇ ਵੀ ਪਤੀ ਨੂੰ ਉਸਦੀ ਆਰਥਿਕ ਤੰਗੀ ਦਾ ਅਹਿਸਾਸ ਨਾ ਕਰਵਾਓ। ਉਸਨੂੰ ਪੈਸੇ ਦੀ ਕਮੀ ਅਤੇ ਗਰੀਬੀ ਦਾ ਮਿਹਣਾ ਨਾ ਮਾਰੋ। ਅਕਸਰ ਔਰਤਾਂ ਇਹ ਕਹਿੰਦੀਆਂ ਸੁਣੀਆਂ ਜਾਂਦੀਆਂ ਹਨ ਕਿ ‘ਮੈਂ ਤੇਰੇ ਘਰ ਆ ਕੇ ਭੁੱਖ ਨੰਗ ਅਤੇ ਗਰੀਬੀ ਹੀ ਵੇਖੀ ਹੈ।’ ਅਜਿਹੇ ਬੋਲ ਪਤੀ ਨੂੰ ਚੀਰ ਦਿੰਦੇ ਹਨ ਅਤੇ ਉਹ ਬੇਬਸ ਅਤੇ ਬੇਜੁਬਾਨ ਹੋ ਕੇ ਪਤਨੀ ਪ੍ਰਤੀ ਨਫਰਤ ਪਾਲ ਲੈਂਦਾ ਹੈ। ਚਾਹੀਦਾ ਹੈ ਕਿ ਪਤੀ ਦੀ ਆਰਥਿਕ ਹਾਲਤ ਸੁਧਾਰਨ ਲਈ ਕੁੱਝ ਹੀਲੇ ਕੀਤੇ ਜਾਣ। ਉਸਦਾ ਸਹਿਯੋਗ ਕੀਤਾ ਜਾਵੇ। ਜੇ ਹੋਰ ਕੁੱਝ ਨਹੀਂ ਤਾਂ ਸ਼ਬਦਾਂ ਨਾਲ ਤਾਂ ਉਸਦਾ ਹੌਸਲਾ ਤਾਂ ਵਧਾਇਆ ਜਾ ਸਕਦਾ ਹੈ।ਖ਼
4. ਦਖਲ ਅੰਦਾਜ਼ੀ ਘਰ ਦੀ ਬਰਬਾਦੀ : ਘਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹੋਰਨਾਂ ਦੀ ਦਖਲ ਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ। ਖਾਸ ਕਰ ਪਤਨੀ ਦੀ ਮਾਂ ਦੀ ਦਖਲ ਅੰਦਾਜ਼ੀ ਕਈ ਵਾਰ ਘਰ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਮਾਂ ਪਿਓ ਦੀ ਇੱਜਤ ਕਰਨਾ ਤੁਹਾਡਾ ਫਰਜ ਹੈ। ਸੇਵਾ ਅਤੇ ਸਤਿਕਾਰ ਰੱਜ ਕੇ ਕਰੋ, ਪਰ ਜਦੋਂ ਲੋੜ ਤੋਂ ਵੱਧ ਮਾਂ ਧੀ ਦੇ ਪਰਿਵਾਰ ਵਿਚ ਦਖਲ ਦੇਣ ਲਗਦੀ ਹੈ ਤਾਂ ਘਰ ਦਾ ਮਹੌਲ ਵਿਗਾੜਨਾ ਸੁਭਾਵਿਕ ਹੁੰਦਾ ਹੈ। ਸੋ ਇਹ ਜਰੂਰੀ ਵੀ ਲੜ ਬੰਣਨ ਦੀ ਲੋੜ ਹੈ ਕਿ ਘਰ ਵਿਚ ਬਾਹਰਲੇ ਦਾ ਦਖਲ ਹੋਵੇ।
(ਬਾਕੀ ਅਗਲੇ ਅੰਕ ਵਿਚ)
Dr Harjinder Walia
+91-98723-14380
Patiala (Punjab) INDIA