
ਚੰਡੀਗੜ੍ਹ : ਵਿਧਾਨ ਸਭਾ ਚੋਣਾ ਦੇ ਪਹਿਲੇ ਗੇੜ ਵਿਚ ਅੱਜ ਪੰਜਾਬ ਅਤੇ ਗੋਆ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ। ਗੋਆ ਵਿਚ 40 ਹਲਕਿਆਂ ਲਈ ਅਤੇ ਪੰਜਾਬ ਵਿਚ 117 ਹਲਕਿਆਂ ਲਈ ਵੋਟਾਂ ਪੈ ਰਹੀਆਂ ਹਨ। ਸਵੇਰੇ 11 ਵਜੇ ਤੱਕ 5 ਘੰਟਿਆਂ ਦੌਰਾਨ ਗੋਆ ਵਿਚ 34 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਸਨ, ਜਦਕਿ ਇਸ ਸਮੇਂ ਤੱਕ ਪੰਜਾਬ ਵਿਚ ਸਿਰਫ 15 ਪ੍ਰਤੀਸ਼ਤ ਵੋਟਾਂ ਹੀ ਪਈਆਂ ਸਨ। ਬਹੁਤੇ ਪੋਲਿੰਗ ਬੂਥਾਂ ‘ਤੇ ਨਵੀਂ ਤਕਨੀਕ ਦੀਆਂ ਵੋਟਿੰਗ ਮਸ਼ੀਨਾਂ ਸਟਾਫ ਦਾ ਸਾਥ ਨਹੀਂ ਦੇ ਰਹੀਆਂ ਅਤੇ ਵਾਰ ਵਾਰ ਖਰਾਬ ਹੋਣ ਕਾਰਨ ਵੋਟਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕਈ ਪੋਲਿੰਗ ਬੂਥਾਂ ‘ਤੇ ਤਾਂ ਦੁਪਹਿਰ ਇਕ ਵਜੇ ਤੱਕ ਵੀ ਵੋਟਾਂ ਪੈਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਇਥੋਂ ਤੱਕ ਬਿਕਰਮਜੀਤ ਸਿੰਘ ਮਜੀਠੀਆ ਖੁਦ ਵੀ ਵੋਟ ਨਾ ਪਾ ਸਕਿਆ। ਜਦੋਂ ਉਹ ਵੋਟ ਪਾਉਣ ਗਏ ਤਾਂ ਵੋਟਿੰਗ ਮਸ਼ੀਨ ਖਰਾਬ ਹੋ ਗੲੀ। ਕੁੱਝ ਸਮਾਂ ਉਡੀਕ ਕਰਨ ਪਿਛੋਂ ਉਹ ਬੇਰੰਗ ਵਾਪਸ ਪਰਤ ਗਏ। ਇਸੇ ਤਰਾਂ ਸੰਗਰੂਰ ਜਿਲੇ ਦੇ ਵੀ ਬਹੁਤੇ ਪੋਲਿੰਗ ਬੂਥਾਂ ‘ਤੇ ਵੋਟਿੰਗ ਕਾਫੀ ਪੱਛੜ ਕੇ ਸ਼ੁਰੂ ਹੋਈ। ਇਸੇ ਤਰਾਂ ਜਿਲਾ ਫਰੀਦਕੋਟ ਦੇ ਪਿੰਡ ਸਾਧਾਂਵਾਲਾ ਵਿਖੇ ਵੀ ਇਕ ਨੰਬਰ ਬੂਥ ‘ਤੇ ਦੁਪਹਿਰ ਇਕ ਵਜੇ ਤੱਕ ਮੁਲਾਜ਼ਮ ਵੋਟਿੰਗ ਮਸ਼ੀਨ ਨਾਲ ਹੀ ਜੂਝਦੇ ਰਹੇ ਅਤੇ ਮਸ਼ੀਨ ਚੱਲ ਨਾ ਸਕੀ।