ਫ਼ਰੀਦਕੋਟ – ਪੰਜਾਬ ਸਰਕਾਰ ਵੱਲੋਂ ਮਲਟੀਪਰਪਜ਼ ਹੈੱਲਥ ਵਰਕਰਜ਼ ਦੀਆਂ ਆਸਾਮੀਆਂ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਅਗਵਾਈ ਵਿੱਚ ਇੱਥੇ ਰੱਖੇ ਗਏ ਇਮਤਿਹਾਨ ਵਿੱਚ ਇੱਕ ਵਿਦਿਆਰਥੀ ਵੱਲੋਂ ‘ਮੁੰਨਾ ਭਾਈ’ ਬਣਕੇ ਪੇਪਰ ਦੇਣ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਪਨ ਖੰਨਾ ਨਾਮ ਦੇ ਵਿਦਿਆਰਥੀ ਨੇ ਇੱਥੋਂ ਦੇ ਗਾਂਧੀ ਸਕੂਲ ਵਿੱਚ ਰੋਲ ਨੰ: 334074 ‘ਤੇ ਇਮਤਿਹਾਨ ਦੇਣਾ ਸੀ ਪਰੰਤੂ ਨਿਪਨ ਨੇ ਕਥਿਤ ਤੌਰ ‘ਤੇ ਆਪਣੀ ਥਾਂ ‘ਤੇ ਆਪਣੇ ਭਰਾ ਸਕਸ਼ਮ ਖੰਨਾ ਨੂੰ ਇਮਤਿਹਾਨ ਲਈ ਭੇਜ ਦਿੱਤਾ ਸਕਸ਼ਮ ਖੰਨਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ‘ਚੋਂ ਐੱਮ.ਬੀ.ਬੀ.ਐੱਸ. ਦੀ ਪੜ•ਾਈ ਕਰ ਰਿਹਾ ਸੀ। ਅੱਜ ਜਦੋਂ ਉਹ ਆਪਣੇ ਭਰਾ ਦੀ ਥਾਂ ਇਮਤਿਹਾਨ ਦੇਣ ਲਈ ਕੇਂਦਰ ਅੰਦਰ ਗਿਆ ਤਾਂ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਨੇ ਸਕਸ਼ਮ ਨੂੰ ਪਹਿਚਾਣ ਲਿਆ। ਯੂਨੀਵਰਸਿਟੀ ਅਧਿਕਾਰੀਆਂ ਨੇ ਮੌਕੇ ‘ਤੇ ਪੁਲੀਸ ਨੂੰ ਬੁਲਾ ਲਿਆ। ਸਕਸ਼ਮ ਇੱਕ ਵਾਰ ਪੁਲੀਸ ਹਿਰਾਸਤ ਵਿੱਚੋਂ ਭੱਜਣ ਵਿੱਚ ਸਫ਼ਲ ਹੋ ਗਿਆ ਪਰੰਤੂ ਕੁਝ ਹੀ ਸਮੇਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਇਮਤਿਹਾਨ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦਾ ਉਹਨਾਂ ਨੂੰ ਬਹੁਤ ਅਫਸੋਸ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇਮਤਿਹਾਨ ‘ਚ ‘ਮੁੰਨਾ ਭਾਈ’ ਬਣ ਕੇ ਬੈਠੇ ਸਕਸ਼ਮ ਅਤੇ ਉਸ ਦੇ ਭਰਾ ਨਿਪਨ ਖਿਲਾਫ਼ ਫੌਜ਼ਦਾਰੀ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਮਲਟੀਪਰਪਜ਼ ਹੈਲਥ ਵਰਕਰ ਦੀਆਂ ਆਸਾਮੀਆਂ ਲਈ 5 ਹਜ਼ਾਰ ਨੌਜਵਾਨਾਂ ਨੇ ਅਰਜੀਆਂ ਦਿੱਤੀਆਂ ਸਨ ਅਤੇ ਯੂਨੀਵਰਸਿਟੀ ਨੇ ਇਸ ਇਮਤਿਹਾਨ ਲਈ ਫਰੀਦਕੋਟ ਵਿੱਚ 18 ਸੈਂਟਰ ਬਣਾਏ ਸਨ। ਇਸ ਤੋਂ ਇਲਾਵਾ ਫਿਰੋਜ਼ਪੁਰ, ਜਲੰਧਰ ਅਤੇ ਮੁਹਾਲੀ ਵਿੱਚ ਵੀ ਇਸ ਇਮਤਿਹਾਨ ਲਈ ਸੈਂਟਰ ਬਣਾਏ ਸਨ। ਯੂਨੀਵਰਸਿਟੀ ਨੇ ਇਮਤਿਹਾਨ ਬਾਰੇ ਜਿਲ•ਾ ਪੁਲੀਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ। ਇਸ ਕਰਕੇ ਇਮਤਿਹਾਨ ਕੇਂਦਰਾਂ ਦੇ ਆਸ-ਪਾਸ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ। ਯੂਨੀਵਰਸਿਟੀ ਦੇ ਉਪ ਰਜਿਸਟਰਾਰ ਨੂੰ ਇਮਤਿਹਾਨ ਦੇ ਕੁੱਲ ਕੇਂਦਰਾਂ, ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ।(ਪੰਜਾਬੀ ਟ੍ਰਿਬਿਊਨ ਚੋਂ)
ਫੋਟੋ ਕੈਪਸ਼ਨ: ਆਪਣੇ ਭਰਾ ਦੀ ਥਾਂ ‘ਤੇ ਪੇਪਰ ਦੇਣ ਆਏ ਨੌਜਵਾਨ ਨੂੰ ਗ੍ਰਿਫ਼ਤਾਰ ਕਰਦੀ ਹੋਈ ਪੁਲੀਸ।