best platform for news and views

ਮਜੀਠੀਆ ਵਲੋਂ  ਨਸ਼ਿਆਂ ਤੋਂ ਕੀਤੀ ਕਾਲੀ ਕਮਾਈ ਦਾ ਦੁੱਗਣਾ ਵਸੂਲ ਕੀਤਾ ਜਾਵੇਗਾ:ਕੇਜਰੀਵਾਲ

Please Click here for Share This News

ਰਾਜਨ ਮਾਨ
ਭਾਰਤ ਪਾਕਿ ਸਰਹੱਦ,  15 ਜਨਵਰੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਬਿਕਰਮ ਸਿੰਘ ਮਜੀਠੀਆ ਨੂੰ ਕੌਮਾਂਤਰੀ ਡਰੱਗ ਮਾਫੀਆ ਦਾ ਏਜੰਟ ਗਰਦਾਨਦਿਆਂ ਕਿਹਾ ਕਿ ਉਸਨੂੰ ਸਿਰਫ ਜੇਲ ਵਿੱਚ ਹੀ ਨਹੀਂ ਡੱਕਿਆ ਜਾਵੇਗਾ, ਬਲਕਿ ਨਸ਼ਿਆਂ ਦੀ ਸਪਲਾਈ ਨਾਲ ਉਸ ਵੱਲੋਂ ਕੀਤੀ ਗਈ ਕਾਲੀ ਕਮਾਈ ਦਾ ਦੁੱਗਣਾ ਵਸੂਲ ਕੀਤਾ ਜਾਵੇਗਾ ।
ਅੱਜ ਮਾਝੇ ਦੇ ਸਰਹੱਦੀ ਖੇਤਰ ਵਿੱਚ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵੀਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੇ ਸਰਹੱਦੀ ਜਿਲਿਆਂ ਦੇ ਲੋਕਾਂ ਦੀਆਂ ਜਰੂਰਤਾਂ ਨੂੰ ਅਣਗੌਲਿਆ ਕਰਕੇ ਉਨਾਂ ਨੂੰ ਤਬਾਹ ਕਰ ਦਿੱਤਾ ਹੈ। ਉਨਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਇਲਾਕੇ ਵਿੱਚ ਖੇਤੀਬਾੜੀ ਉਤੇ ਆਧਾਰਿਤ ਇੰਡਸਟ੍ਰੀ ਨੂੰ ਉਤਸਾਹਿਤ ਕਰਕੇ ਖੁਸ਼ਹਾਲੀ ਲਿਆਉਣ ਅਤੇ ਇਲਾਕੇ ਦੇ ਲੋਕਾਂ ਨੂੰ ਰੋਜਗਾਰ ਦੇਣ ਦਾ ਉਪਰਾਲਾ ਕਰੇਗੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਖੇਤੀਬਾੜੀ ਆਧਾਰਿਤ ਇੰਡਸਟ੍ਰੀ ਦੀ ਸਖਤ ਜਰੂਰਤ ਹੈ। ਉਨਾਂ ਕਿਹਾ ਕਿ ਜਿਸ ਨਾਲ ਇਸ ਖੇਤਰ ਵਿੱਚ ਖੁਸ਼ਹਾਲੀ ਆਵੇਗੀ, ਉਥੇ ਹੀ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੀਆਂ ਬਹੁਤ ਸਾਰੀਆਂ ਉਦਯੌਗਿਕ ਇਕਾਈਆਂ ਦੂਜੇ ਸੂਬਿਆਂ ਵਿੱਚ ਚਲੀਆਂ ਗਈਆਂ ਹਨ ਅਤੇ ਆਮ ਆਦਮੀ ਪਾਰਟੀ ਉਨਾਂ ਨੂੰ ਵਾਪਿਸ ਲਿਆਵੇਗੀ। ਉਨਾਂ ਕਿਹਾ ਕਿ ਉਨਾਂ ਨੂੰ ਟੈਕਸ ਵਿੱਚ ਛੋਟ ਦੇਣ ਦੇ ਨਾਲ-ਨਾਲ ਇਹ ਵੀ ਸੁਨਿਚਿਤ ਕੀਤਾ ਜਾਵੇਗਾ ਕਿ ਇਨਾਂ ਵਿੱਚ 80 ਫੀਸਦੀ ਨੌਕਰੀਆੰ ਪੰਜਾਬੀਆਂ ਨੂੰ ਦਿੱਤੀਆਂ ਜਾਣ।  ਉਨਾਂ ਕਿਹਾ ਕਿ ਬਾਰਡਰ ਖੇਤਰ ਦੇ ਵਿਸ਼ੇਸ਼ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਐਲਾਨ ਕੀਤਾ ਕਿ ਐਨਡੀਪੀਐਸ ਐਕਟ ਤਹਿਤ ਬਾਦਲਾਂ ਵੱਲੋਂ ਡਰੱਗ ਮਾਫੀਆ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਖਿਲਾਫ ਪਾਏ ਝੂਠੇ ਕੇਸਾਂ ਨੂੰ ਰੱਦ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੌਮਾਂਤਰੀ ਡਰੱਗ ਮਾਫੀਆ ਨਾਲ ਸਬੰਧ ਹਨ ਅਤੇ ਉਨਾਂ (ਕੇਜਰੀਵਾਲ) ਖਿਲਾਫ ਵੀ ਅੰਮ੍ਰਿਤਸਰ ਵਿਖੇ ਝੂਠਾ ਕੇਸ ਪਾਇਆ ਹੋਇਆ ਹੈ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨੌਜਵਾਨਾਂ ਨੂੰ ਨਸ਼ਾ-ਮੁਕਤ ਕਰਨ ਲਈ ਸੀਨੀਅਰ ਡਾਕਟਰਾਂ ਦੀ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਜਾਵੇਗੀ ਅਤੇ 6 ਮਹੀਨੇ ਅੰਦਰ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨਾਂ ਕਿਹਾ ਕਿ 25 ਲੱਖ ਨੌਕਰੀਆਂ ਦੀ ਸਿਰਜਣਾ ਕਰਕੇ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਆਸ਼ਾ ਅਤੇ ਨਿਰਾਸ਼ਾ ਦਰਮਿਆਨ ਲੜੀਆਂ ਜਾ ਰਹੀਆਂ ਹਨ, ਨਿਰਾਸ਼ਾਵਾਦੀ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਹਨ, ਜਦਕਿ ਆਮ ਆਦਮੀ ਪਾਰਟੀ ਆਸਵੰਦ ਪਾਰਟੀ ਹੈ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਪੰਜਾਬ ਵਿੱਤੀ ਦੌਰ ਵਿੱਚੋਂ ਗੁਜਰ ਰਿਹਾ ਹੈ, ਪੈਸੇ ਦੀ ਕੋਈ ਕਮੀ ਨਹੀਂ ਹੈ, ਪ੍ਰੰਤੂ ਸਿਆਸੀ ਇੱਛਾ ਦੀ ਘਾਟ ਕਾਰਨ ਪੰਜਾਬ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਲੁੱਟੇ ਪੈਸੇ ਨੂੰ ਜਨਤਾ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਉਹ ਭਰੋਸਾ ਦਿੰਦੇ ਹਨ ਕਿ ਕਿਸਾਨਾਂ ਦਾ ਕਰਜਾ ਇੱਕ ਜਾਂ ਦੋ ਸਾਲ ਵਿੱਚ ਮੁਆਫ ਕਰ ਦਿੱਤਾ ਜਾਵੇਗਾ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਤਿੰਨ ਸਾਲਾਂ ਦੇ ਅੰਦਰ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ 150 ਬਿੰਦੂ ਬਣਾਏ ਹਨ ਅਤੇ ਸਰਕਾਰ ਦਾ ਗਠਨ ਹੁੰਦਿਆਂ ਹੀ 10 ਪ੍ਰਮੁੱਖ ਬਿੰਦੂਆਂ ਨੂੰ ਲਾਗੂ ਕਰ ਦਿੱਤਾ ਜਾਵੇਗਾ।  ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਸੁਨਹਿਰੇ ਭਵਿੱਖ ਲਈ ਸਿਆਸੀ ਬਦਲਾਅ ਦਾ ਵਧੀਆ ਮੌਕਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆ ਕੇ ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲ ਦੇ ਗਠਜੋੜ ਤੋਂ ਨਿਜਾਤ ਪਾ ਸਕਦੇ ਹਨ।

ਕੇਜਰੀਵਾਲ ਨੇ ਇੱਕ ਵਾਰ ਫਿਰ ਦੋਹਰਾਇਆ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਗੇ ਅਤੇ ਇਹ ਭਰਮ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਫੈਲਾਇਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਵੀ ਹੋਵੇ ਪਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਨਾਂ ਦੀ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਾਦਲ ਸਰਕਾਰ ਨੇ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਨਾਂ ਦੀ ਸਰਕਾਰ ਆਉਣ ਉਤੇ ਇਸਨੂੰ ਦਰੁਸਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *